(Source: ECI/ABP News/ABP Majha)
Israel Iran War: ਈਰਾਨ ਨੂੰ ਰਾਤੋ-ਰਾਤ ਤਬਾਹ ਕਰਨਾ ਚਾਹੁੰਦਾ ਸੀ ਇਜ਼ਰਾਇਲ ਪਰ ਨੇਤਨਯਾਹੂ ਨੂੰ ਆਏ ਇੱਕ ਫੋਨ ਤੋਂ ਬਾਅਦ ਬਦਲ ਦਿੱਤੀ ਯੋਜਨਾ, ਜਾਣੋ ਪੂਰਾ ਮਾਮਲਾ
ਰਿਪੋਰਟਾਂ ਨੇ ਖੁਲਾਸਾ ਕੀਤਾ ਹੈ ਕਿ ਇਹ ਇਜ਼ਰਾਈਲ ਦੀ ਸ਼ੁਰੂਆਤੀ ਯੋਜਨਾ ਨਹੀਂ ਸੀ। ਇਜ਼ਰਾਈਲ ਰਾਤੋ-ਰਾਤ ਤਹਿਰਾਨ ਸਮੇਤ ਈਰਾਨ ਦੇ ਵੱਡੇ ਫੌਜੀ ਠਿਕਾਣਿਆਂ ਨੂੰ ਇੰਨੇ ਵੱਡੇ ਹਮਲੇ ਨਾਲ ਨਸ਼ਟ ਕਰਨਾ ਚਾਹੁੰਦਾ ਸੀ ਕਿ ਇਸ ਨਾਲ ਈਰਾਨ ਨੂੰ ਵਿਆਪਕ ਨੁਕਸਾਨ ਪਹੁੰਚੇ।
Israel Iran War: ਇਜ਼ਰਾਈਲ ਅਤੇ ਈਰਾਨ ਵਿਚਕਾਰ ਸਥਿਤੀ ਆਮ ਵਾਂਗ ਨਹੀਂ ਹੋ ਰਹੀ ਹੈ। ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਜ਼ਰਾਈਲ ਨੇ 13-14 ਅਪ੍ਰੈਲ ਨੂੰ ਈਰਾਨ ਦੇ ਮਿਜ਼ਾਈਲ ਅਤੇ ਡਰੋਨ ਹਮਲੇ ਦੇ ਜਵਾਬ ਵਿਚ ਈਰਾਨ ਦੇ ਪ੍ਰਮਾਣੂ ਪਲਾਂਟ ਦੇ ਨੇੜੇ ਮਿਜ਼ਾਈਲ ਹਮਲਾ ਕੀਤਾ ਸੀ ਪਰ ਰਿਪੋਰਟਾਂ ਨੇ ਖੁਲਾਸਾ ਕੀਤਾ ਹੈ ਕਿ ਇਹ ਇਜ਼ਰਾਈਲ ਦੀ ਸ਼ੁਰੂਆਤੀ ਯੋਜਨਾ ਨਹੀਂ ਸੀ। ਇਜ਼ਰਾਈਲ ਰਾਤੋ-ਰਾਤ ਤਹਿਰਾਨ ਸਮੇਤ ਈਰਾਨ ਦੇ ਵੱਡੇ ਫੌਜੀ ਠਿਕਾਣਿਆਂ ਨੂੰ ਇੰਨੇ ਵੱਡੇ ਹਮਲੇ ਨਾਲ ਨਸ਼ਟ ਕਰਨਾ ਚਾਹੁੰਦਾ ਸੀ ਕਿ ਇਸ ਨਾਲ ਈਰਾਨ ਨੂੰ ਵਿਆਪਕ ਨੁਕਸਾਨ ਪਹੁੰਚੇ। ਇਜ਼ਰਾਇਲੀ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਈਰਾਨ ਨੂੰ ਗੰਭੀਰ ਝਟਕਾ ਦੇਣਾ ਚਾਹੁੰਦੇ ਸਨ ਪਰ ਇਕ ਫੋਨ ਕਾਲ ਨੇ ਉਨ੍ਹਾਂ ਦਾ ਮਨ ਬਦਲ ਦਿੱਤਾ।
ਨਿਊਯਾਰਕ ਟਾਈਮਜ਼ ਨੇ ਤਿੰਨ ਇਜ਼ਰਾਈਲੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਈਰਾਨ ਦੇ ਖਿਲਾਫ ਇਜ਼ਰਾਈਲ ਦੀ ਅਸਲ ਜਵਾਬੀ ਕਾਰਵਾਈ ਦੀ ਯੋਜਨਾ ਵਿੱਚ ਤਹਿਰਾਨ ਸਮੇਤ ਫੌਜੀ ਟੀਚਿਆਂ 'ਤੇ ਵਿਆਪਕ ਜਵਾਬੀ ਹਮਲਾ ਸ਼ਾਮਲ ਹੈ। ਅਖਬਾਰ ਨੇ ਕਿਹਾ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨਾਲ ਹੋਈ ਫੋਨ ਗੱਲਬਾਤ ਵਿੱਚ ਸਮਝਿਆ ਕਿ ਈਰਾਨ ਲਈ ਅਜਿਹੇ ਵਿਆਪਕ ਅਤੇ ਨੁਕਸਾਨਦੇਹ ਹਮਲੇ ਨੂੰ ਨਜ਼ਰਅੰਦਾਜ਼ ਕਰਨਾ ਬਹੁਤ ਮੁਸ਼ਕਲ ਹੋਵੇਗਾ, ਜਿਸ ਨਾਲ ਈਰਾਨ ਦੇ ਵੱਡੇ ਜਵਾਬੀ ਹਮਲੇ ਦੀ ਸੰਭਾਵਨਾ ਵਧ ਗਈ ਹੈ। ਇਸ ਲਈ, ਹਮਲੇ ਦੀ ਯੋਜਨਾ ਅਤੇ ਸਥਾਨ ਨੂੰ ਆਖਰੀ ਸਮੇਂ ਵਿੱਚ ਬਦਲ ਦਿੱਤਾ ਗਿਆ ਸੀ।"
ਇਜ਼ਰਾਈਲ ਨੇ ਅਮਰੀਕੀ ਦਬਾਅ ਹੇਠ ਛੋਟਾ ਜਿਹਾ ਹਮਲਾ ਕੀਤਾ
ਰਿਪੋਰਟ ਦੇ ਅਨੁਸਾਰ, ਤੀਬਰ ਕੂਟਨੀਤਕ ਦਬਾਅ ਹੇਠ ਅਤੇ ਦੁਨੀਆ ਨੂੰ ਇੱਕ ਹੋਰ ਵਿਸ਼ਵ ਯੁੱਧ ਵਿੱਚ ਦਾਖਲ ਹੋਣ ਤੋਂ ਰੋਕਣ ਲਈ, ਇਜ਼ਰਾਈਲ ਨੇ ਆਖਰਕਾਰ ਫੈਸਲਾ ਕੀਤਾ ਕਿ ਉਹ ਘੱਟ ਸ਼ਕਤੀਸ਼ਾਲੀ ਹਮਲੇ ਦੀ ਚੋਣ ਕਰੇਗਾ। ਇਜ਼ਰਾਈਲ ਵੱਲੋਂ ਈਰਾਨ 'ਤੇ ਹਮਲਾ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਦੌਰਾਨ ਕੀਤਾ ਗਿਆ। ਇਜ਼ਰਾਈਲੀ ਅਤੇ ਪੱਛਮੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ, ਅਖਬਾਰ ਨੇ ਇਹ ਵੀ ਕਿਹਾ ਹੈ ਕਿ ਇਜ਼ਰਾਈਲ ਨੇ ਈਰਾਨ ਦੇ ਕਈ ਸੌ ਮੀਲ ਪੱਛਮ ਵਿੱਚ ਤਾਇਨਾਤ ਜਹਾਜ਼ਾਂ ਤੋਂ "ਥੋੜ੍ਹੇ ਜਿਹੇ ਮਿਜ਼ਾਈਲਾਂ" ਦਾਗੀਆਂ ਅਤੇ "ਈਰਾਨੀ ਹਵਾਈ ਰੱਖਿਆ ਨੂੰ ਉਲਝਾਉਣ ਲਈ" ਛੋਟੇ ਹਮਲੇ ਵਾਲੇ ਡਰੋਨ ਵੀ ਚਲਾਏ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਇੱਕ ਇਜ਼ਰਾਈਲੀ ਮਿਜ਼ਾਈਲ ਨੇ ਈਰਾਨ ਦੇ ਐੱਸ-300 ਏਅਰ ਡਿਫੈਂਸ ਸਿਸਟਮ 'ਤੇ ਹਮਲਾ ਕਰਕੇ ਉਸ ਨੂੰ ਨੁਕਸਾਨ ਪਹੁੰਚਾਇਆ ਸੀ। ਇਸ ਖੇਤਰ ਦੇ ਨੇੜੇ ਈਰਾਨ ਦਾ ਪਰਮਾਣੂ ਪਲਾਂਟ ਹੈ। ਨਾ ਤਾਂ ਇਜ਼ਰਾਈਲ ਨੇ ਅਧਿਕਾਰਤ ਤੌਰ 'ਤੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਨਾ ਹੀ ਈਰਾਨ ਨੇ ਖੁਦ ਇਸ ਹਮਲੇ ਨੂੰ ਸਵੀਕਾਰ ਕੀਤਾ ਹੈ। ਈਰਾਨ ਦਾ ਕਹਿਣਾ ਹੈ ਕਿ ਜੇਕਰ ਉਸ 'ਤੇ ਹਮਲਾ ਹੋਇਆ ਹੁੰਦਾ ਤਾਂ ਉਸ ਦੀ ਹਵਾਈ ਰੱਖਿਆ ਪ੍ਰਣਾਲੀ ਸਰਗਰਮ ਹੋ ਜਾਂਦੀ, ਜੋ ਕਿ ਨਹੀਂ ਹੋਇਆ। ਹਾਲਾਂਕਿ ਬੀਬੀਸੀ ਨੇ ਸੈਟੇਲਾਈਟ ਤਸਵੀਰਾਂ ਤੋਂ ਪੁਸ਼ਟੀ ਕੀਤੀ ਹੈ ਕਿ ਈਰਾਨ 'ਤੇ ਹਮਲਾ ਹੋਇਆ ਹੈ।