(Source: ECI | ABP NEWS)
ਅਮਰੀਕਾ ਦੇ ਮਿਸਿਸਿਪੀ 'ਚ ਗੋਲੀਬਾਰੀ 'ਚ 4 ਮਰੇ, 12 ਜ਼ਖ਼ਮੀ, ਹਾਈ ਸਕੂਲ ਮੈਚ ਤੋਂ ਪਹਿਲਾਂ ਹਫੜਾ-ਦਫੜੀ!
ਅਮਰੀਕਾ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ 11 ਅਕਤੂਬਰ ਦੀ ਸਵੇਰ ਇੱਕ ਭੀੜ ਵਾਲੇ ਇਲਾਕੇ ‘ਚ ਗੋਲੀਬਾਰੀ ਹੋਈ। ਇਸ ਦੌਰਾਨ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਲਗਭਗ ਇੱਕ ਦਰਜਨ ਲੋਕ ਜ਼ਖਮੀ ਹੋਏ ਹਨ। ਮਿਸਿਸਿਪੀ ਦੇ ਲੀਲੈਂਡ..

ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਇਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਨਾਲ ਦਹਿਲ ਉੱਠਿਆ ਹੈ। ਅਮਰੀਕਾ ਦੇ ਮਿਸਿਸਿਪੀ ਰਾਜ ਦੇ ਲੀਲੈਂਡ ਸ਼ਹਿਰ ‘ਚ ਸ਼ਨੀਵਾਰ ਯਾਨੀਕਿ 11 ਅਕਤੂਬਰ ਦੀ ਸਵੇਰ ਇੱਕ ਭੀੜ ਵਾਲੇ ਇਲਾਕੇ ‘ਚ ਗੋਲੀਬਾਰੀ ਹੋਈ। ਇਸ ਦੌਰਾਨ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਲਗਭਗ ਇੱਕ ਦਰਜਨ ਲੋਕ ਜ਼ਖਮੀ ਹੋਏ ਹਨ। ਮਿਸਿਸਿਪੀ ਦੇ ਲੀਲੈਂਡ ਸ਼ਹਿਰ ‘ਚ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਲੋਕ ਲੀਲੈਂਡ ਹਾਈ ਸਕੂਲ ਦੇ ਹੋਮਕਮਿੰਗ ਮੈਚ ਲਈ ਇਕੱਠੇ ਹੋਏ ਸਨ।
ਲੀਲੈਂਡ ‘ਚ ਹੋਈ ਇਸ ਗੋਲੀਬਾਰੀ ਨੂੰ ਲੈ ਕੇ ਮੇਅਰ ਜੌਨ ਲੀ ਨੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ, “ਮੈਂ ਇਸ ਘਟਨਾ ਨਾਲ ਬਹੁਤ ਦੁੱਖੀ ਹਾਂ। ਮੇਰੀਆਂ ਸੰਵੇਦਨਾਵਾਂ ਗੋਲੀਬਾਰੀ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਨ ਅਤੇ ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।”
ਏਅਰਲਿਫ਼ਟ ਕਰਕੇ ਸਥਾਨਕ ਹਸਪਤਾਲਾਂ ‘ਚ ਦਾਖਲ ਕਰਵਾਇਆ
ਉਨ੍ਹਾਂ ਨੇ ਅੱਗੇ ਕਿਹਾ, “ਇਹ ਘਟਨਾ ਅੱਧੀ ਰਾਤ ਦੇ ਕਰੀਬ ਇੱਕ ਭੀੜ ਵਾਲੀ ਮੁੱਖ ਸੜਕ ‘ਤੇ ਵਾਪਰੀ, ਜਦੋਂ ਲੋਕ ਲੀਲੈਂਡ ਹਾਈ ਸਕੂਲ ਦੇ ਹੋਮਕਮਿੰਗ ਗੇਮ ਲਈ ਇਕੱਠੇ ਹੋਏ ਸਨ। ਇਸ ਗੋਲੀਬਾਰੀ ‘ਚ ਜ਼ਖਮੀ ਹੋਏ ਚਾਰ ਲੋਕਾਂ ਨੂੰ ਏਅਰਲਿਫ਼ਟ ਕਰਕੇ ਸਥਾਨਕ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਸ਼ੱਕੀ ਹਮਲਾਵਰ ਅਜੇ ਤੱਕ ਫਰਾਰ ਹੈ ਅਤੇ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ।”
ਉਨ੍ਹਾਂ ਨੇ ਅੱਗੇ ਕਿਹਾ, “ਇਹ ਹੋਮਕਮਿੰਗ ਦਾ ਵੀਕਐਂਡ ਸੀ, ਜਿੱਥੇ ਹਰ ਸਾਲ ਦੀ ਤਰ੍ਹਾਂ ਲੋਕ ਆਪਣੇ ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਨਾਲ ਮਿਲਣ ਤੇ ਮਜ਼ੇ ਕਰਨ ਲਈ ਡਾਊਨਟਾਊਨ ਇਲਾਕੇ ‘ਚ ਪਹੁੰਚੇ ਸਨ। ਪਰ ਇਸ ਵਾਰੀ ਅਜਿਹੀ ਘਟਨਾ ਵਾਪਰੀ ਜੋ ਇਸ ਤੋਂ ਪਹਿਲਾਂ ਕਦੇ ਨਹੀਂ ਹੋਈ ਸੀ। ਘਟਨਾ ਤੋਂ ਬਾਅਦ ਪੂਰੇ ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ ਹੈ, ਲੋਕ ਆਪਣੇ ਘਰਾਂ ‘ਚ ਹੀ ਲੁਕੇ ਬੈਠੇ ਹਨ ਅਤੇ ਸੁਰੱਖਿਆ ਕਾਰਨਾਂ ਕਰਕੇ ਬਲਾਕ ਪਾਰਟੀ ਰੱਦ ਕਰ ਦਿੱਤੀ ਗਈ ਹੈ।”
ਮਿਸਿਸਿਪੀ ਦੇ ਸੈਨੇਟਰ ਨੇ ਦਿੱਤਾ ਬਿਆਨ
ਇਸ ਡਰਾਉਣੀ ਗੋਲੀਬਾਰੀ ਤੋਂ ਬਾਅਦ ਮਿਸਿਸਿਪੀ ਦੇ ਸੈਨੇਟਰ ਡੈਰਿਕ ਸਾਈਮਨਜ਼ ਨੇ ਚਾਰ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਗੋਲੀਬਾਰੀ ‘ਚ ਸਾਰੇ ਜ਼ਖਮੀ ਵਿਅਸਕ ਹਨ ਅਤੇ ਉਨ੍ਹਾਂ ਦਾ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ। ਹਾਲਾਂਕਿ, ਉਨ੍ਹਾਂ ਦੀ ਹਾਲਤ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।





















