(Source: ECI/ABP News/ABP Majha)
ਸੋਧਿਆ’ ਨਾਨਕਸ਼ਾਹੀ ਕੈਲੰਡਰ ਵਰਤਣ ਤੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਫ਼ ਨਾਂਹ
ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਨਾਨਕਸ਼ਾਹੀ ਕੈਲੰਡਰ’ ਦੇ ਅਸਲ ਸੰਸਕਰਣ ਨੂੰ ਵਾਪਸ ਲੈ ਲਿਆ ਸੀ। ਤਦ ਅਜਿਹਾ ਕਦਮ ਦਮਦਮੀ ਟਕਸਾਲ ਦੇ ਮੁਖੀ ਹਰਨਮ ਸਿੰਘ ਖ਼ਾਲਸਾ ਦੀ ਅਗਵਾਈ ਹੇਠਲੇ ਸੰਤ ਸਮਾਜ ਦੇ ਦਬਾਅ ਦੇ ਚੱਲਦਿਆਂ ਲਿਆ ਗਿਆ ਸੀ।
ਮਹਿਤਾਬ-ਉਦ-ਦੀਨ
ਇਸਲਾਮਾਬਾਦ: ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਨੇ ‘ਸੋਧੇ ਗਏ’ ਉਸ ਨਾਨਕਸ਼ਾਹੀ ਕੈਲੰਡਰ ਨੂੰ ਵਰਤਣ ਤੋਂ ਇਨਕਾਰ ਕੀਤਾ ਹੈ, ਜਿਸ ਨੂੰ ਸਨਿੱਚਰਵਾਰ ਨੂੰ ਅੰਮ੍ਰਿਤਸਰ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜਾਰੀ ਕੀਤਾ ਸੀ। PSGPC ਨੇ ਇਹ ਐਲਾਨ ਕੱਲ੍ਹ ਐਤਵਾਰ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ‘ਗੁਰਦੁਆਰਾ ਜਨਮ ਅਸਥਾਨ’ ’ਚ ਸਮਾਰੋਹ ਦੌਰਾਨ ਕੀਤਾ।
ਇਹ ਸਮਾਰੋਹ ਨਵਾਂ ਸਿੱਖ ਵਰ੍ਹਾ ‘ਨਾਨਕਸ਼ਾਹੀ ਸੰਮਤ 553’ ਦੀ ਸ਼ੁਰੂਆਤ ਮੌਕੇ ਰੱਖਿਆ ਗਿਆ ਸੀ। ਰੋਜ਼ਾਨਾ ‘ਹਿੰਦੁਸਤਾਨ ਟਾਈਮਜ਼’ ਵੱਲੋਂ ਪ੍ਰਕਾਸ਼ਿਤ ਰਿਪੋਰਟ ਅਨੁਸਾਰ PSGPC ਦੇ ਜਨਰਲ ਸਕੱਤਰ ਅਮੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਅਪੀਲ ਕੀਤੀ ਕਿ ਉਹ ਨਾਨਕਸ਼ਾਹੀ ਕੈਲੰਡਰ ਦੇ ਮਸਲੇ ਦਾ ਛੇਤੀ ਕੋਈ ਪੱਕਾ ਹੱਲ ਲੱਭਣ। ਉਨ੍ਹਾਂ ਸਿੱਖ ਵਿਦਵਾਨਾਂ ਦੇ ਸਮੂਹ ਨੂੰ ਸੰਬੋਧਨ ਕਰਦਿਆਂ ਅੱਗੇ ਕਿਹਾ ਕਿ ਉਹ ਨਾਨਕਸ਼ਾਹੀ ਕੈਲੰਡਰ ਦੀ ਅਸਲ ਕਾਪੀ ਨੂੰ ਹੀ ਲਾਗੂ ਕਰਨ। ਉਨ੍ਹਾਂ ਇਸ ਕੈਲੰਡਰ ਨੂੰ ‘ਸਿੱਖ ਧਰਮ ਦਾ ਇੱਕ ਵਿਲੱਖਣ ਪਛਾਣ ਚਿੰਨ੍ਹ’ ਵੀ ਕਰਾਰ ਦਿੱਤਾ।
ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਨਾਨਕਸ਼ਾਹੀ ਕੈਲੰਡਰ’ ਦੇ ਅਸਲ ਸੰਸਕਰਣ ਨੂੰ ਵਾਪਸ ਲੈ ਲਿਆ ਸੀ। ਤਦ ਅਜਿਹਾ ਕਦਮ ਦਮਦਮੀ ਟਕਸਾਲ ਦੇ ਮੁਖੀ ਹਰਨਮ ਸਿੰਘ ਖ਼ਾਲਸਾ ਦੀ ਅਗਵਾਈ ਹੇਠਲੇ ਸੰਤ ਸਮਾਜ ਦੇ ਦਬਾਅ ਦੇ ਚੱਲਦਿਆਂ ਲਿਆ ਗਿਆ ਸੀ। ਸੰਤ ਸਮਾਜ ਦਾ ਤਦ 2010 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀਆਂ ਚੋਣਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਸੀ।
ਨਾਨਕਸ਼ਾਹੀ ਕੈਲੰਡਰ ਨੂੰ ਤਦ ਬਦਲ ਦਿੱਤਾ ਗਿਆ ਸੀ ਤੇ ਉਸ ਵਿੱਚ ਬਿਕਰਮੀ ਕੈਲੰਡਰ ਮੁਤਾਬਕ ਸੋਧਾਂ ਕੀਤੀਆਂ ਗਈਆਂ ਸਨ ਪਰ ਉਸ ਦੀ ਪਰਿਭਾਸ਼ਿਕ ਸ਼ਬਦਾਵਲੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ।
PSGPC ਦੇ ਮੁਖੀ ਸਤਵੰਤ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਹੁਰੀਂ ਜਦੋਂ ਪਾਕਿਸਤਾਨ ਆਏ ਸਨ, ਤਦ ਉਨ੍ਹਾਂ ਭਰੋਸਾ ਦਿਵਾਇਆ ਸੀ ਕਿ ਉਹ ਇਸ ਮਾਮਲੇ ਦੇ ਹੱਲ ਲਈ ਛੇਤੀ ਹੀ ਸਿੱਖ ਵਿਦਵਾਨਾਂ ਦੀ ਇੱਕ ਕਮੇਟੀ ਕਾਇਮ ਕਰਨਗੇ। ਜੇ ਉਨ੍ਹਾਂ ਨੂੰ ਕੋਈ ਸਮੱਸਿਆ ਹੈ, ਤਾਂ ਅਜਿਹੀ ਇੱਕ ਮੀਟਿੰਗ ਸ੍ਰੀ ਨਨਕਾਣਾ ਸਾਹਿਬ ਵਿਖੇ ਰੱਖੀ ਜਾ ਸਕਦੀ ਹੈ ਪਰ ਇਸ ਮਸਲੇ ਦਾ ਛੇਤੀ ਹੱਲ ਲੱਭਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ: ਸਿੰਘੂ ਬਾਰਡਰ 'ਤੇ ਪੱਕੇ ਮਕਾਨ ਬਣਾਉਣ ਤੇ ਬੋਰ ਕਰਾਉਣ ਮਗਰੋਂ ਪ੍ਰਸ਼ਾਸਨ ਦੀ ਵੱਡੀ ਕਾਰਵਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin