ਪ੍ਰਿੰਸ ਚਾਰਲਸ ਹੋਣਗੇ ਬ੍ਰਿਟੇਨ ਦੇ ਅਗਲੇ ਮਹਾਰਾਜ, ਮਹਾਰਾਣੀ ਐਲਿਜ਼ਾਬੈੱਥ ਦੀ ਮੌਤ ਮਗਰੋਂ ਸੰਭਾਲਣਗੇ ਕਮਾਨ
Queen Elizabteth II: ਮਹਾਰਾਣੀ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਪ੍ਰਿੰਸ ਚਾਰਲਸ ਬਰਤਾਨੀਆ ਦੀ ਗੱਦੀ ’ਤੇ ਬੈਠੇਗਾ। ਉਨ੍ਹਾਂ ਦੇ ਰਾਜ ਵਿੱਚ ਵਿੰਸਟਨ ਚਰਚਿਲ (1952) ਤੋਂ ਲੈ ਕੇ ਲਿਜ਼ ਟਰੱਸ (2022) ਤਕ 15 ਪ੍ਰਧਾਨ ਮੰਤਰੀ ਰਹੇ।
ਲੰਡਨ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਸ਼ਹਿਜ਼ਾਦਾ ਚਾਰਲਸ ਬਰਤਾਨੀਆ ਦੇ ਨਵੇਂ ਮਹਾਰਾਜ ਤੇ ਰਾਸ਼ਟਰਮੰਡਲ ਮੁਲਕਾਂ ਦੇ ਨਵੇਂ ਮੁਖੀ ਹੋਣਗੇ। ਉਹ ਮਹਾਰਾਣੀ ਦੇ ਅੰਤਿਮ ਸੰਸਕਾਰ ਤੇ ਸ਼ਰਧਾਂਜਲੀ ਪ੍ਰੋਗਰਾਮ ਦੀ ਅਗਵਾਈ ਕਰਨਗੇ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਆਲਮੀ ਜਗਤ ਦੀਆਂ ਹੋਰਨਾਂ ਸਿਆਸੀ ਸ਼ਖ਼ਸੀਅਤਾਂ ਨੇ ਮਹਾਰਾਣੀ ਦੇ ਦੇਹਾਂਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਹਾਸਲ ਜਾਣਕਾਰੀ ਮੁਤਾਬਕ ਮਹਾਰਾਣੀ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਪ੍ਰਿੰਸ ਚਾਰਲਸ ਬਰਤਾਨੀਆ ਦੀ ਗੱਦੀ ’ਤੇ ਬੈਠੇਗਾ। ਉਨ੍ਹਾਂ ਦੇ ਰਾਜ ਵਿੱਚ ਵਿੰਸਟਨ ਚਰਚਿਲ (1952) ਤੋਂ ਲੈ ਕੇ ਲਿਜ਼ ਟਰੱਸ (2022) ਤਕ 15 ਪ੍ਰਧਾਨ ਮੰਤਰੀ ਰਹੇ। ਲਿਜ਼ ਟਰੱਸ ਤੇ ਸਾਬਕਾ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਲੰਘੇ ਦਿਨ ਹੀ ਉਨ੍ਹਾਂ ਨਾਲ ਕੈਸਲ ਵਿੱਚ ਮੁਲਾਕਾਤ ਕੀਤੀ ਸੀ।
ਦੱਸ ਦਈਏ ਕਿ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਦਾ ਕੱਲ੍ਹ ਸਥਾਨਕ ਸਮੇਂ ਮੁਤਾਬਕ ਦੁਪਹਿਰ ਵੇਲੇ ਦੇਹਾਂਤ ਹੋ ਗਿਆ। ਉਹ 96 ਸਾਲਾਂ ਦੇ ਸਨ ਤੇ ਬੀਤੇ ਕੁਝ ਦਿਨਾਂ ਤੋਂ ਸਿਹਤ ਨਾਲ ਜੁੜੇ ਵਿਗਾੜਾਂ ਨਾਲ ਜੂਝ ਰਹੇ ਸਨ। ਅੱਜਕਲ੍ਹ ਉਹ ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਇਥੇ ਬਾਲਮੋਰਲ ਕੈਸਲ ਵਿੱਚ ਰਹਿ ਰਹੇ ਸਨ। ਸਿਹਤ ਨਾਸਾਜ਼ ਹੋਣ ਦੀਆਂ ਖ਼ਬਰਾਂ ਮਗਰੋਂ ਉਹ ਡਾਕਟਰਾਂ ਦੀ ਨਿਗਰਾਨੀ ਅਧੀਨ ਸਨ।
ਮਹਾਰਾਣੀ ਨੇ 70 ਸਾਲ ਤੋਂ ਵਧ ਸਮਾਂ ਬਰਤਾਨੀਆ ’ਤੇ ਰਾਜ ਕੀਤਾ। ਉਹ ਸਭ ਤੋਂ ਵੱਡੀ ਉਮਰ ਤੇ ਸਭ ਤੋਂ ਲੰਮਾ ਸਮਾਂ ਰਾਜ ਕਰਨ ਵਾਲੀ ਮਹਾਰਾਣੀ ਸਨ। ਉਨ੍ਹਾਂ ਆਪਣੇ ਪਿਤਾ ਕਿੰਗ ਜਾਰਜ ਚੌਥੇ ਦੇ ਦੇਹਾਂਤ ਮਗਰੋਂ 5 ਫਰਵਰੀ 1952 ਨੂੰ ਬਰਤਾਨੀਆ ਦਾ ਤਖ਼ਤ ਸੰਭਾਲਿਆ ਸੀ। ਪਿਛਲੇ ਸਾਲ ਉਨ੍ਹਾਂ ਦੇ ਪਤੀ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।
ਇੰਗਲੈਂਡ `ਚ 10 ਦਿਨਾਂ ਦਾ ਸੋਗ, ਮਹਿਲ ਦੇ ਬਾਹਰ ਲੱਗੀ ਲੋਕਾਂ ਦੀ ਭੀੜ
ਮਹਾਰਾਣੀ ਐਲਿਜ਼ਾਬੈਥ II ਦੇ ਦੇਹਾਂਤ ਤੋਂ ਬਾਅਦ, ਬ੍ਰਿਟੇਨ ਵਿੱਚ ਅੱਜ ਤੋਂ ਰਾਜਕੀ ਸੋਗ ਮਨਾਇਆ ਜਾਵੇਗਾ। ਰਾਜ ਦਾ ਸੋਗ 10 ਤੋਂ 12 ਦਿਨਾਂ ਤੱਕ ਚੱਲੇਗਾ। ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਮਹਾਰਾਣੀ ਦਾ ਅੰਤਿਮ ਸੰਸਕਾਰ ਨਹੀਂ ਹੋ ਜਾਂਦਾ, ਉਦੋਂ ਤੱਕ ਰਾਜ ਵਿੱਚ ਸੋਗ ਜਾਰੀ ਰਹੇਗਾ। ਬਕਿੰਘਮ ਪੈਲੇਸ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ।
ਮਹਾਰਾਣੀ ਦੇ ਅੰਤਿਮ ਸੰਸਕਾਰ ਦੀ ਯੋਜਨਾ ਨੂੰ ਪਹਿਲਾਂ 'ਆਪ੍ਰੇਸ਼ਨ ਲੰਡਨ ਬ੍ਰਿਜ' ਨਾਮ ਦਿੱਤਾ ਗਿਆ ਸੀ। ਜਦੋਂ ਤੋਂ ਸਕਾਟਲੈਂਡ ਵਿੱਚ ਮਹਾਰਾਣੀ ਦੀ ਮੌਤ ਹੋ ਗਈ ਹੈ, ਉਦੋਂ ਤੋਂ ਇਹ 'ਆਪ੍ਰੇਸ਼ਨ ਯੂਨੀਕੋਰਨ' ਨਾਲ ਜੁੜਿਆ ਹੋਇਆ ਹੈ। ਯੂਨੀਕੋਰਨ ਸਕਾਟਲੈਂਡ ਦਾ ਰਾਸ਼ਟਰੀ ਜਾਨਵਰ ਹੈ। ਅੰਤਿਮ ਸੰਸਕਾਰ ਦੀ ਤਰੀਕ ਦਾ ਐਲਾਨ ਹੋਣਾ ਬਾਕੀ ਹੈ। ਓਪਰੇਸ਼ਨ ਲੰਡਨ ਦੇ ਹਿੱਸੇ ਵਜੋਂ, ਬੀਬੀਸੀ ਐਂਕਰ ਨੇ ਕਾਲਾ ਪਹਿਰਾਵਾ ਪਹਿਨ ਕੇ ਖ਼ਬਰ ਪੜ੍ਹੀ। ਇਸ ਦੌਰਾਨ, ਡਾਊਨਿੰਗ ਸਟ੍ਰੀਟ 'ਤੇ ਬ੍ਰਿਟਿਸ਼ ਰਾਸ਼ਟਰੀ ਝੰਡਾ ਪਹਿਲਾਂ ਹੀ ਅੱਧਾ ਝੁਕਾ ਦਿੱਤਾ ਗਿਆ ਹੈ। ਖਬਰਾਂ ਮੁਤਾਬਕ ਬ੍ਰਿਟੇਨ 'ਚ ਅੱਜ 'ਡੀ-ਡੇ' ਐਲਾਨਿਆ ਜਾਵੇਗਾ ਅਤੇ ਅੰਤਿਮ ਸੰਸਕਾਰ ਤੱਕ ਹਰ ਦਿਨ ਨੂੰ ਡੀ+1, ਡੀ+2 ਮੰਨਿਆ ਜਾਵੇਗਾ।