Russia Ukraine Conflict: ਯੂਕਰੇਨ 'ਚ ਹਮਲੇ ਜਾਰੀ, ਰੂਸ ਨੇ ਦੇਸ਼ ਦੇ ਕਈ ਸ਼ਹਿਰਾਂ 'ਤੇ ਮਿਜ਼ਾਈਲਾਂ ਦਾਗੀਆਂ
Russia Ukraine Crisis : ਯੂਕਰੇਨ ਦੇ ਦੱਖਣ-ਪੂਰਬ ਵਿਚ ਸਥਿਤ ਡਨੀਪਰੋ ਖੇਤਰ ਵਿਚ ਬੁਨਿਆਦੀ ਢਾਂਚੇ 'ਤੇ ਕੀਤੇ ਗਏ ਮਿਜ਼ਾਈਲ ਹਮਲੇ ਵਿਚ ਦੋ ਲੋਕ ਜ਼ਖਮੀ ਹੋ ਗਏ ਅਤੇ ਕਾਫੀ ਨੁਕਸਾਨ ਹੋਇਆ ਹੈ।
Russia Ukraine Crisis : ਰੂਸ ਨੇ ਫਰਵਰੀ ਦੇ ਆਖਰੀ ਹਫਤੇ ਯੂਕਰੇਨ 'ਤੇ ਹਮਲਾ ਸ਼ੁਰੂ ਕਰ ਦਿੱਤਾ ਸੀ ਜੋ ਹੁਣ ਤਕ ਜਾਰੀ ਹੈ। ਇਸੇ ਸਿਲਸਿਲੇ ਵਿਚ ਰੂਸੀ ਮਿਜ਼ਾਈਲਾਂ ਨੇ ਸ਼ਨੀਵਾਰ ਸਵੇਰੇ ਮੱਧ ਯੂਕਰੇਨ ਦੇ ਦੋ ਸ਼ਹਿਰਾਂ 'ਤੇ ਹਮਲਾ ਕੀਤਾ। ਇਨ੍ਹਾਂ ਹਮਲਿਆਂ ਵਿੱਚ ਰਿਹਾਇਸ਼ੀ ਇਮਾਰਤਾਂ ਤੇ ਹੋਰ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਇਹ ਜਾਣਕਾਰੀ ਪੋਲਟਾਵਾ ਖੇਤਰ ਦੇ ਮੁਖੀ ਨੇ ਦਿੱਤੀ। ਦਿਮਿਤਰੀ ਲੁਨਿਨ ਨੇ ਆਪਣੀ ਔਨਲਾਈਨ ਪੋਸਟ ਵਿੱਚ ਲਿਖਿਆ ਇੱਥੇ ਇੱਕ ਇਮਾਰਤ ਵਿੱਚ ਇੱਕ ਮਿਜ਼ਾਈਲ ਫਸ ਗਈ। ਅੱਜ ਸਵੇਰੇ ਸ਼ਹਿਰ ਵਿੱਚ ਕਈ ਹਮਲੇ ਹੋਏ।
ਉਸਨੇ ਅੱਗੇ ਕਿਹਾ ਕਿ ਘੱਟੋ ਘੱਟ ਚਾਰ ਮਿਜ਼ਾਈਲਾਂ ਦਾਗੀਆਂ ਗਈਆਂ ਜਿਸ ਨਾਲ ਪੋਲਟਾਵਾ ਵਿੱਚ ਦੋ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਕ੍ਰੇਮੇਨਚੁਕ ਦੀਆਂ ਉਦਯੋਗਿਕ ਇਕਾਈਆਂ 'ਤੇ ਤਿੰਨ ਹਵਾਈ ਹਮਲੇ ਹੋਏ। ਪੋਲਟਾਵਾ ਖੇਤਰ ਦੀ ਰਾਜਧਾਨੀ ਪੋਲਟਾਵਾ ਸਿਟੀ ਹੈ ਜੋ ਕਿ ਕੀਵ ਦੇ ਪੂਰਬ ਵੱਲ ਹੈ ਤੇ ਇਸ ਖੇਤਰ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਕ੍ਰੇਮੇਨਚਕ ਹੈ। ਫਿਲਹਾਲ ਇਨ੍ਹਾਂ ਹਮਲਿਆਂ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਯੂਕਰੇਨ ਦੇ ਦੱਖਣ-ਪੂਰਬ ਵਿਚ ਸਥਿਤ ਡਨੀਪਰੋ ਖੇਤਰ ਵਿਚ ਬੁਨਿਆਦੀ ਢਾਂਚੇ 'ਤੇ ਕੀਤੇ ਗਏ ਮਿਜ਼ਾਈਲ ਹਮਲੇ ਵਿਚ ਦੋ ਲੋਕ ਜ਼ਖਮੀ ਹੋ ਗਏ ਅਤੇ ਕਾਫੀ ਨੁਕਸਾਨ ਹੋਇਆ ਹੈ। ਇਹ ਜਾਣਕਾਰੀ ਇਲਾਕੇ ਦੇ ਮੁਖੀ ਵੈਲੇਨਟਾਈਨ ਰੇਜ਼ਨੀਚੇਂਕੋ ਨੇ ਆਪਣੀ ਆਨਲਾਈਨ ਪੋਸਟ ਰਾਹੀਂ ਦਿੱਤੀ। ਇਸ ਦੇ ਨਾਲ ਹੀ ਕ੍ਰਿਵੀ ਰਿਹ ਦੇ ਪੈਟਰੋਲ ਸਟੇਸ਼ਨ 'ਤੇ ਵੀ ਬੰਬ ਧਮਾਕਾ ਕੀਤਾ ਗਿਆ, ਜਿਸ ਕਾਰਨ ਅੱਗ ਲੱਗ ਗਈ।
ਨਿਕਾਸੀ ਲਈ ਸੱਤ ਸੁਰੱਖਿਅਤ ਗਲਿਆਰੇ : ਯੂਕਰੇਨ
ਯੂਕਰੇਨ ਦੀ ਉਪ ਪ੍ਰਧਾਨ ਮੰਤਰੀ ਇਰੀਨਾ ਵੇਰੇਸ਼ਚੁਕ ਨੇ ਦੱਸਿਆ ਕਿ ਸ਼ਨੀਵਾਰ ਨੂੰ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਸੱਤ ਗਲਿਆਰੇ ਤਿਆਰ ਕੀਤੇ ਗਏ ਹਨ। ਕੋਰੀਡੋਰ ਰਾਹੀਂ ਲੋਕ ਸੁਰੱਖਿਅਤ ਢੰਗ ਨਾਲ ਆਪਣੇ ਨਿੱਜੀ ਵਾਹਨਾਂ ਤੇ ਬੱਸਾਂ ਵਿੱਚ ਮਾਰੀਉਪੋਲ ਨੂੰ ਛੱਡ ਸਕਦੇ ਹਨ। ਜ਼ਿਕਰਯੋਗ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 24 ਫਰਵਰੀ ਨੂੰ ਹੀ ਯੂਕਰੇਨ 'ਚ ਹਮਲੇ ਦੀ ਸ਼ੁਰੂਆਤ ਕੀਤੀ ਸੀ। ਸ਼ੁਰੂਆਤ ਤੋਂ ਮਾਸਕੋ ਨੇ ਇਨ੍ਹਾਂ ਹਮਲਿਆਂ ਵਿੱਚ ਕਿਸੇ ਵੀ ਨਾਗਰਿਕ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਇਨਕਾਰ ਕੀਤਾ ਹੈ।