Russia-Ukraine War: ਰੂਸ ਨੇ ਯੂਕਰੇਨ 'ਤੇ ਕੀਤੇ ਸਾਈਬਰ ਹਮਲੇ, ਮਾਈਕ੍ਰੋਸਾਫਟ ਦੀ ਰਿਪੋਰਟ 'ਚ ਖੁਲਾਸਾ
ਬੁੱਧਵਾਰ ਨੂੰ ਜਾਰੀ ਇੱਕ ਰਿਪੋਰਟ 'ਚ ਮਾਈਕ੍ਰੋਸਾਫਟ ਕੰਪਨੀ ਨੇ ਕਿਹਾ ਕਿ ਰੂਸੀ ਸਰਕਾਰ ਸਮਰਥਿਤ ਹੈਕਰਾਂ ਨੇ ਪਿਛਲੇ ਕੁਝ ਸਮੇਂ 'ਚ ਯੂਕਰੇਨ 'ਚ ਦਰਜਨਾਂ ਸੰਗਠਨਾਂ 'ਤੇ ਸਾਈਬਰ ਹਮਲੇ ਕੀਤੇ ਹਨ ਅਤੇ ਉਨ੍ਹਾਂ ਦਾ ਡਾਟਾ ਤਬਾਹ ਕੀਤਾ ਗਿਆ।
Cyber Attack on Ukraine: ਰੂਸ ਅਤੇ ਯੂਕਰੇਨ (Russia Ukraine War) ਵਿਚਾਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਜੰਗ ਚੱਲ ਰਹੀ ਹੈ। ਸ਼ੁਰੂ ਵਿਚ ਇਹ ਮੰਨਿਆ ਜਾ ਰਿਹਾ ਸੀ ਕਿ ਯੂਕਰੇਨ ਰੂਸ (Russia Ukraine) ਦੇ ਸਾਹਮਣੇ ਜ਼ਿਆਦਾ ਦੇਰ ਨਹੀਂ ਟਿਕ ਸਕੇਗਾ ਪਰ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਯੂਕਰੇਨ ਅਜੇ ਵੀ ਰੂਸ ਨੂੰ ਮੁਕਾਬਲਾ ਦੇ ਰਿਹਾ ਹੈ। ਅਜਿਹੇ 'ਚ ਹੁਣ ਰੂਸ ਨੇ ਗੋਲਾ-ਬਾਰੂਦ ਦੇ ਨਾਲ-ਨਾਲ ਸਾਈਬਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਬੁੱਧਵਾਰ ਨੂੰ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਮਾਈਕਰੋਸਾਫਟ (Microsoft) ਕੰਪਨੀ ਨੇ ਕਿਹਾ ਕਿ ਰੂਸੀ ਸਰਕਾਰ-ਸਮਰਥਿਤ ਹੈਕਰਾਂ ਨੇ ਪਿਛਲੇ ਕੁਝ ਸਮੇਂ ਵਿੱਚ ਯੂਕਰੇਨ ਵਿੱਚ ਦਰਜਨਾਂ ਸੰਗਠਨਾਂ 'ਤੇ ਸਾਈਬਰ ਅਟੈਕ ਕੀਤੇ ਅਤੇ ਉਨ੍ਹਾਂ ਦੇ ਡੇਟਾ ਨੂੰ ਨਸ਼ਟ ਕੀਤਾ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲਗਭਗ ਅੱਧੇ ਹਮਲੇ ਨਾਜ਼ੁਕ ਬੁਨਿਆਦੀ ਢਾਂਚੇ 'ਤੇ ਸੀ ਅਤੇ ਅਜਿਹੇ ਕਈ ਹਮਲੇ ਬੰਬਾਰੀ ਦੇ ਨਾਲ ਹੀ ਕੀਤੇ ਗਏ। ਮਾਈਕ੍ਰੋਸਾਫਟ ਨੇ ਕਿਹਾ ਕਿ ਰੂਸ ਨਾਲ ਜੁੜੇ ਗਰੁੱਪ ਮਾਰਚ 2021 ਤੋਂ ਹਮਲੇ ਦੀ ਤਿਆਰੀ ਕਰ ਰਹੇ ਸੀ ਤਾਂ ਜੋ ਉਹ ਰਣਨੀਤਕ ਅਤੇ ਯੁੱਧ ਖੇਤਰ ਦੀ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਨੈਟਵਰਕ ਨੂੰ ਹੈਕ ਕਰ ਸਕਣ ਅਤੇ ਭਵਿੱਖ ਵਿੱਚ ਇਸਦੀ ਵਰਤੋਂ ਕਰ ਸਕਣ। ਰਿਪੋਰਟ ਮੁਤਾਬਕ ਯੁੱਧ ਦੌਰਾਨ ਹੈਕਰਾਂ ਨੇ ਭਰੋਸੇਯੋਗ ਜਾਣਕਾਰੀ ਅਤੇ ਮਹੱਤਵਪੂਰਨ ਸੇਵਾਵਾਂ ਤੱਕ ਨਾਗਰਿਕਾਂ ਦੀ ਪਹੁੰਚ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ।
ਗੈਸ ਸਪਲਾਈ ਰੋਕਣ ਦੀ ਚੇਤਾਵਨੀ
ਇਸ ਤੋਂ ਇਲਾਵਾ ਯੂਕਰੇਨ 'ਚ ਚੱਲ ਰਹੀ ਜੰਗ ਵਿਚਾਲੇ ਰੂਸ ਨੇ ਬੁੱਧਵਾਰ ਨੂੰ ਦੋ ਨਾਟੋ ਮੈਂਬਰ ਦੇਸ਼ਾਂ ਬੁਲਗਾਰੀਆ ਅਤੇ ਪੋਲੈਂਡ ਨੂੰ ਗੈਸ ਸਪਲਾਈ ਰੋਕ ਕੇ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ। ਰੂਸ ਨੇ ਤਾਜ਼ਾ ਚੇਤਾਵਨੀ ਵਿੱਚ ਕਿਹਾ ਹੈ ਕਿ ਉਹ ਯੂਰਪੀ ਸੰਘ ਦੇ ਹੋਰ ਦੇਸ਼ਾਂ ਨੂੰ ਵੀ ਗੈਸ ਦੀ ਸਪਲਾਈ ਰੋਕ ਸਕਦਾ ਹੈ। ਇਸ ਦੇ ਨਾਲ ਹੀ ਯੂਰਪੀ ਸੰਘ ਦੇ 27 ਮੈਂਬਰੀ ਦੇਸ਼ਾਂ ਦੀ ਚਿੰਤਾ ਵਧ ਗਈ ਹੈ।
ਰੂਸ ਦੇ ਇਸ ਕਦਮ ਨਾਲ ਪੱਛਮ ਨਾਲ ਉਸ ਦੇ ਟਕਰਾਅ ਦਾ ਘੇਰਾ ਹੋਰ ਵਿਸ਼ਾਲ ਹੁੰਦਾ ਜਾ ਰਿਹਾ ਹੈ। ਰੂਸੀ ਰਾਸ਼ਟਰਪਤੀ ਹਾਊਸ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਗੈਸ ਸਪਲਾਈ ਬੰਦ ਕਰਨ ਦੀ ਇਹ ਚਿਤਾਵਨੀ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਜੇ ਉਹ ਰੂਬਲ ਵਿੱਚ ਭੁਗਤਾਨ ਕਰਨ ਤੋਂ ਇਨਕਾਰ ਕਰਦੇ ਹਨ ਤਾਂ ਦੂਜੇ ਯੂਰਪੀਅਨ ਦੇਸ਼ਾਂ ਨੂੰ ਵੀ ਗੈਸ ਦੀ ਸਪਲਾਈ ਬੰਦ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: Pulwama Encounter: ਪੁਲਵਾਮਾ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਇੱਕ ਅੱਤਵਾਦੀ ਢੇਰ, ਆਪਰੇਸ਼ਨ ਜਾਰੀ