(Source: ECI/ABP News/ABP Majha)
ਅਮਰੀਕਾ ‘ਚ ਸਿੱਖ ਮੇਅਰ ਨੂੰ ਨਸਲਵਾਦ ਤਹਿਤ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਦੁਖਦਾਈ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
ਅਮਰੀਕਾ ਦੇ ਸੂਬੇ ਨਿਊਜਰਸੀ ਦੇ ਸ਼ਹਿਰ ਹੋਬੋਕੇਨ ਦੇ ਸਿੱਖ ਮੇਅਰ ਰਵੀ ਭੱਲਾ ਨੂੰ ਨਸਲਵਾਦ ਤਹਿਤ ਪਰਿਵਾਰ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ।
ਅੰਮ੍ਰਿਤਸਰ: ਅਮਰੀਕਾ ਦੇ ਸੂਬੇ ਨਿਊਜਰਸੀ ਦੇ ਸ਼ਹਿਰ ਹੋਬੋਕੇਨ ਦੇ ਸਿੱਖ ਮੇਅਰ ਰਵੀ ਭੱਲਾ ਨੂੰ ਨਸਲਵਾਦ ਤਹਿਤ ਪਰਿਵਾਰ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ।
ਅੱਜ ਜਾਰੀ ਇਕ ਬਿਆਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਸਿੱਖ ਫਲਸਫਾ ਅੰਤਰ-ਧਰਮ ਸਦਭਾਵਨਾ ਅਤੇ ਆਲਮੀ ਭਾਈਚਾਰੇ ਦਾ ਸਭ ਤੋਂ ਵੱਡਾ ਮੁੱਦਈ ਹੈ ਪਰ ਇਸ ਦੇ ਬਾਵਜੂਦ ਵਿਦੇਸ਼ਾਂ ਵਿਚ ਸਿੱਖਾਂ ਨਾਲ ਪਛਾਣ ਦੇ ਭੁਲੇਖੇ ਕਾਰਨ ਜਾਂ ਨਸਲੀ ਨਫਰਤ ਕਾਰਨ ਵੱਧ ਰਹੇ ਅਪਰਾਧ ਦੁਖਦਾਈ ਹਨ। ਉਨ੍ਹਾਂ ਕਿਹਾ ਕਿ ਰਵੀ ਭੱਲਾ ਅਮਰੀਕਾ ਦੇ ਸ਼ਹਿਰ ਹੋਬੋਕੇਨ ਦੇ ਨਵੰਬਰ 2017 ‘ਚ ਬਣਨ ਵਾਲੇ ਪਹਿਲੇ ਸਿੱਖ ਮੇਅਰ ਸਨ, ਜਿਨ੍ਹਾਂ ਨੂੰ ਇਹ ਰੁਤਬਾ ਆਪਣੀ ਲਿਆਕਤ, ਇਮਾਨਦਾਰੀ, ਮਿਹਨਤ ਅਤੇ ਵਿਸ਼ਵਾਸਯੋਗਤਾ ਕਾਰਨ ਮਿਲਿਆ ਸੀ।
ਉਨ੍ਹਾਂ ਕਿਹਾ ਕਿ ਰਵੀ ਭੱਲਾ ਨੂੰ ਪੱਤਰਾਂ ਤੇ ਈਮੇਲ ਰਾਹੀਂ ਅਸਤੀਫਾ ਦੇਣ ਜਾਂ ਫਿਰ ਪਰਿਵਾਰ ਸਮੇਤ ਜਾਨ ਦੇਣ ਲਈ ਤਿਆਰ ਰਹਿਣ ਦੀਆਂ ਧਮਕੀਆਂ ਮਿਲਣੀਆਂ ਮਨੁੱਖਤਾ ਵਿਰੋਧੀ ਕਾਰਵਾਈ ਹੈ ਜਿਸ ਦੇ ਖ਼ਿਲਾਫ਼ ਅਮਰੀਕਾ ਦੀ ਸਰਕਾਰ ਨੂੰ ਤੁਰੰਤ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਸਿੱਖ ਦੁਨੀਆ ਭਰ ਦੇ ਜਿਸ ਵੀ ਖਿੱਤੇ ਅਤੇ ਮੁਲਕ ਵਿਚ ਵੱਸੇ ਹਨ, ਉਹ ਆਪਣੀਆਂ ਮਾਨਤਾਵਾਂ ਵਿਚ ਪ੍ਰਪੱਕ ਰਹਿੰਦਿਆਂ ਉਥੋਂ ਦੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਖੇਤਰਾਂ ਵਿਚ ਭਰਪੂਰ ਯੋਗਦਾਨ ਪਾ ਰਹੇ ਹਨ।
ਸਿੱਖਾਂ ਨਾਲ ਆਏ ਦਿਨ ਨਸਲੀ ਨਫਰਤ ਕਾਰਨ ਵਿਦੇਸ਼ਾਂ ਵਿਚ ਨਸਲੀ ਹਮਲੇ ਹੋਣੇ ਅਸਹਿਣਯੋਗ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਰਤ ਸਥਿਤ ਅਮਰੀਕਾ ਦੇ ਦੂਤਾਵਾਸ ਕੋਲ ਸਿੱਖ ਮੇਅਰ ਰਵੀ ਭੱਲਾ ਨੂੰ ਨਸਲੀ ਧਮਕੀਆਂ ਮਿਲਣ ਦੀ ਘਟਨਾ ਸਬੰਧੀ ਸਿੱਖ ਭਾਵਨਾਵਾਂ ਦਰਜ ਕਰਵਾਉਣੀਆਂ ਚਾਹੀਦੀਆਂ ਹਨ ਅਤੇ ਇਹੋ ਜਿਹੇ ਹਮਲੇ ਰੋਕਣ ਲਈ ਮੰਗ ਕਰਨੀ ਚਾਹੀਦੀ ਹੈ।