ਪੜਚੋਲ ਕਰੋ
ਬਰਫ਼ੀਲੀਆਂ ਹਵਾਵਾਂ ਦਾ ਕਹਿਰ, ਚਾਰ ਮੌਤਾਂ

ਐਟਲਾਂਟਾ : ਅਮਰੀਕਾ ਦੇ ਦੱਖਣੀ ਇਲਾਕਿਆਂ 'ਚ ਬਰਫ਼ੀਲੀਆਂ ਹਵਾਵਾਂ ਦਾ ਕਹਿਰ ਜਾਰੀ ਹੈ। ਠੰਢ ਕਾਰਨ ਹੁਣ ਤਕ ਚਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ। ਬੁੱਧਵਾਰ ਨੂੰ ਇਸ ਖੇਤਰ ਦਾ ਤਾਪਮਾਨ ਹੋਰ ਡਿੱਗ ਗਿਆ। ਜਾਰਜੀਆ, ਮੈਸਾਚਿਊਟਸ, ਉੱਤਰੀ ਕੈਰੋਲੀਨਾ, ਵਰਜੀਨੀਆ ਦੇ ਮੁੱਖ ਸੜਕੀ ਮਾਰਗਾਂ 'ਤੇ ਬਰਫ਼ ਦੀ ਮੋਟੀ ਪਰਤ ਜੰਮਣ ਨਾਲ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਕਈ ਇਲਾਕਿਆਂ 'ਚ ਘੰਟਿਆਂ ਤਕ ਬਿਜਲੀ ਗੁਲ ਰਹੀ। ਸਕੂਲ-ਕਾਲਜ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਐਟਲਾਂਟਾ ਸਥਿਤ ਕੌਮਾਂਤਰੀ ਹਵਾਈ ਅੱਡੇ ਤੋਂ 470 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਜਾਰਜੀਆ ਅਤੇ ਉੱਤਰੀ ਕੈਰੋਲੀਨਾ ਦੇ ਗਵਰਨਰਾਂ ਨੇ ਹੰਗਾਮੀ ਹਾਲਤ ਦਾ ਐਲਾਨ ਕਰ ਦਿੱਤਾ ਹੈ। ਉੱਤਰੀ ਕੈਰੋਲੀਨਾ 'ਚ ਸੋਮਵਾਰ ਤੋਂ ਲਗਪਗ ਛੇ ਇੰਚ ਬਰਫ਼ ਡਿੱਗ ਚੁੱਕੀ ਹੈ। ਦੋ ਹਜ਼ਾਰ ਤੋਂ ਜ਼ਿਆਦਾ ਮੁਲਾਜ਼ਮ ਰਾਸ਼ਟਰੀ ਰਾਜ ਮਾਰਗ ਤੋਂ ਬਰਫ਼ ਹਟਾਉਣ 'ਚ ਲੱਗੇ ਹਨ। ਬਰਫ਼ਬਾਰੀ ਕਾਰਨ ਬੁੱਧਵਾਰ ਨੂੰ ਉੱਤਰੀ ਕੈਰੋਲੀਨਾ 'ਚ ਲਗਪਗ 1,600 ਸੜਕ ਹਾਦਸੇ ਹੋਏ। ਉੱਤਰੀ ਕੈਰੋਲੀਨਾ ਦੇ ਗਵਰਨਰ ਰੋਏ ਕਾਪਰ ਨੇ ਕਿਹਾ ਕਿ ਬਰਫ਼ ਵੇਖਣ 'ਚ ਖ਼ੂਬਸੂਰਤ ਲੱਗ ਰਹੀ ਹੈ ਪ੍ਰੰਤੂ ਇਸ ਤੋਂ ਪ੍ਰਭਾਵਿਤ ਨਾ ਹੋਵੋ। ਇਹ ਤੁਹਾਡੇ ਲਈ ਖ਼ਤਰਨਾਕ ਹੋ ਸਕਦੀ ਹੈ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਸਮਾਂ ਘਰ 'ਚ ਰਹਿਣ ਦੀ ਕੋਸ਼ਿਸ਼ ਕਰੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















