Sri Lanka Emergency: ਸ਼੍ਰੀਲੰਕਾ 'ਚ ਐਮਰਜੈਂਸੀ, ਰਾਸ਼ਟਰਪਤੀ ਨੇ ਗਜ਼ਟ ਜਾਰੀ ਕਰ ਕੀਤਾ ਐਲਾਨ
ਸ਼੍ਰੀਲੰਕਾ 'ਚ ਚੱਲ ਰਹੇ ਆਰਥਿਕ ਸੰਕਟ ਕਾਰਨ ਲੋਕ ਸੜਕਾਂ 'ਤੇ ਉਤਰ ਆਏ ਹਨ ਅਤੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।
ਕੋਲੰਬੋ: ਸ਼੍ਰੀਲੰਕਾ 'ਚ ਚੱਲ ਰਹੇ ਆਰਥਿਕ ਸੰਕਟ ਕਾਰਨ ਲੋਕ ਸੜਕਾਂ 'ਤੇ ਉਤਰ ਆਏ ਹਨ ਅਤੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਇੱਕ ਗਜ਼ਟ ਜਾਰੀ ਕਰਕੇ ਜਨਤਕ ਐਮਰਜੈਂਸੀ ਦਾ ਐਲਾਨ ਕੀਤਾ ਹੈ।
ਸਥਾਨਕ ਮੀਡੀਆ ਮੁਤਾਬਕ ਦੇਸ਼ 'ਚ ਮੌਜੂਦਾ ਸਥਿਤੀ, ਜਨਤਕ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਅਤੇ ਭਾਈਚਾਰੇ ਦੇ ਜੀਵਨ ਲਈ ਜ਼ਰੂਰੀ ਸਮਾਨ ਅਤੇ ਸੇਵਾਵਾਂ ਦੇ ਰੱਖ-ਰਖਾਅ ਨੂੰ ਧਿਆਨ 'ਚ ਰੱਖਦੇ ਹੋਏ ਐਮਰਜੈਂਸੀ ਲਾਗੂ ਕੀਤੀ ਗਈ ਹੈ। ਰਾਸ਼ਟਰਪਤੀ ਨੇ ਗਜ਼ਟ ਜਾਰੀ ਕਰਕੇ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕੀਤਾ ਹੈ।
ਇਸ ਤੋਂ ਇਲਾਵਾ ਸ੍ਰੀਲੰਕਾ ਦੇ ਪੱਛਮੀ ਸੂਬੇ 'ਚ ਛੇ ਘੰਟੇ ਦਾ ਪੁਲਿਸ ਕਰਫਿਊ ਲਗਾਇਆ ਗਿਆ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੱਛਮੀ ਸੂਬੇ 'ਚ ਪੁਲਿਸ ਕਰਫਿਊ 2 ਅਪ੍ਰੈਲ (ਅੱਜ) ਦੀ ਅੱਧੀ ਰਾਤ ਤੋਂ ਸਵੇਰੇ 6 ਵਜੇ ਤੱਕ ਲਾਗੂ ਰਹੇਗਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਕਈ ਪ੍ਰਦਰਸ਼ਨਕਾਰੀ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਘਰ ਦੇ ਬਾਹਰ ਇਕੱਠੇ ਹੋਏ ਅਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਮੀਰੀਹਾਨਾ ਵਿੱਚ ਰਾਸ਼ਟਰਪਤੀ ਰਾਜਪਕਸ਼ੇ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ। ਇਸ ਹਿੰਸਕ ਪ੍ਰਦਰਸ਼ਨ 'ਚ ਪੱਤਰਕਾਰਾਂ ਸਮੇਤ ਘੱਟੋ-ਘੱਟ 50 ਲੋਕ ਜ਼ਖਮੀ ਹੋ ਗਏ। ਤੁਹਾਨੂੰ ਦੱਸ ਦੇਈਏ ਕਿ ਸ਼੍ਰੀਲੰਕਾ ਇਸ ਸਮੇਂ ਬੇਮਿਸਾਲ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਸ਼੍ਰੀਲੰਕਾ ਦੀ ਆਰਥਿਕਤਾ ਡੂੰਘੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਸ ਦਾ ਮੁੱਖ ਆਧਾਰ ਸੈਰ-ਸਪਾਟਾ ਖੇਤਰ ਹੈ, ਜੋ ਕਿ ਕੋਰੋਨਾ ਮਹਾਮਾਰੀ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਨਾਲ ਸ਼੍ਰੀਲੰਕਾ ਦੀ ਆਰਥਿਕਤਾ ਵਿੱਚ ਗਿਰਾਵਟ ਆਈ ਹੈ।ਸ਼੍ਰੀਲੰਕਾ ਇਸ ਸਮੇਂ ਵਿਦੇਸ਼ੀ ਮੁਦਰਾ ਦੀ ਕਮੀ ਦਾ ਵੀ ਸਾਹਮਣਾ ਕਰ ਰਿਹਾ ਹੈ ਜਿਸ ਕਾਰਨ ਭੋਜਨ, ਫਿਊਲ, ਬਿਜਲੀ ਅਤੇ ਗੈਸ ਦੀ ਕਮੀ ਹੋ ਗਈ ਹੈ ਅਤੇ ਆਰਥਿਕ ਸਹਾਇਤਾ ਲਈ ਮਿੱਤਰ ਦੇਸ਼ਾਂ ਤੋਂ ਮਦਦ ਮੰਗੀ ਜਾ ਰਹੀ ਹੈ। ਸ਼੍ਰੀਲੰਕਾ ਵਿੱਚ ਦਿਨ ਵਿੱਚ ਘੱਟੋ-ਘੱਟ 10 ਘੰਟੇ ਬਿਜਲੀ ਕੱਟ ਲੱਗਦੇ ਹਨ। ਇਸ ਦੇ ਨਾਲ ਹੀ ਸ਼੍ਰੀਲੰਕਾ ਦੀ ਕਰੰਸੀ 'ਚ ਵੀ ਗਿਰਾਵਟ ਆਈ ਹੈ।