Pakistan Terrorist Attack: ਮੀਆਂਵਾਲੀ ਏਅਰਬੇਸ ਤੋਂ ਬਾਅਦ ਪਾਕਿਸਤਾਨ 'ਚ ਇੱਕ ਹੋਰ ਅੱਤਵਾਦੀ ਹਮਲਾ, ਫੌਜ ਅਧਿਕਾਰੀ ਸਮੇਤ ਚਾਰ ਦੀ ਮੌਤ
Pakistan Terrorist Attack: ਪਾਕਿਸਤਾਨ ਦੇ ਖੈਬਰ ਪਖਤੂਨਖਵਾ 'ਚ ਅੱਤਵਾਦੀਆਂ ਅਤੇ ਫੌਜ ਦੇ ਜਵਾਨਾਂ ਵਿਚਾਲੇ ਮੁਕਾਬਲਾ ਹੋਇਆ ਹੈ, ਜਿਸ 'ਚ ਇੱਕ ਅਧਿਕਾਰੀ ਅਤੇ ਤਿੰਨ ਜਵਾਨ ਸ਼ਹੀਦ ਹੋ ਗਏ ਹਨ। ਇਸ ਦੇ ਨਾਲ ਹੀ ਤਿੰਨ ਅੱਤਵਾਦੀ ਵੀ ਮਾਰੇ ਗਏ ਹਨ।
Pakistan: ਪਾਕਿਸਤਾਨ 'ਚ ਅੱਤਵਾਦੀ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਗੁਆਂਢੀ ਦੇਸ਼ 'ਚ ਹਰ ਰੋਜ਼ ਦਹਿਸ਼ਤਗਰਦ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਘਟਨਾ ਖੈਬਰ ਪਖਤੂਨਖਵਾ ਦੇ ਖੈਬਰ ਜ਼ਿਲੇ ਦੇ ਤਿਰਾਹ ਇਲਾਕੇ 'ਚ ਵਾਪਰੀ, ਜਿੱਥੇ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਪਾਕਿਸਤਾਨੀ ਫੌਜ ਦਾ ਇੱਕ ਅਧਿਕਾਰੀ ਅਤੇ ਤਿੰਨ ਜਵਾਨ ਸ਼ਹੀਦ ਹੋ ਗਏ।
ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਨੇ ਇੱਕ ਬਿਆਨ 'ਚ ਕਿਹਾ ਕਿ ਲੈਫਟੀਨੈਂਟ ਕਰਨਲ ਮੁਹੰਮਦ ਹਸਨ ਹੈਦਰ ਅਤੇ ਤਿੰਨ ਫੌਜੀ ਖੁਫੀਆ ਜਾਣਕਾਰੀ 'ਤੇ ਆਧਾਰਿਤ ਕਾਰਵਾਈ ਦੌਰਾਨ ਮਾਰੇ ਗਏ। ਇਸ ਦੌਰਾਨ ਪਾਕਿਸਤਾਨੀ ਫੌਜ ਨੇ ਤਿੰਨ ਅੱਤਵਾਦੀਆਂ ਨੂੰ ਵੀ ਮਾਰ ਮੁਕਾਇਆ। ਇਸ ਦੇ ਨਾਲ ਹੀ ਮੁਕਾਬਲੇ 'ਚ ਤਿੰਨ ਹੋਰ ਅੱਤਵਾਦੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਆਪਰੇਸ਼ਨ ਦੌਰਾਨ ਪਾਕਿਸਤਾਨੀ ਫੌਜ ਦੇ ਜਵਾਨਾਂ ਨੇ ਅੱਤਵਾਦੀਆਂ ਨੂੰ ਘੇਰ ਲਿਆ ਸੀ, ਜਿਸ ਤੋਂ ਬਾਅਦ ਗੋਲੀਬਾਰੀ ਦੀ ਸਥਿਤੀ ਬਣੀ।
ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟ ਕੀਤਾ
ਪਾਕਿਸਤਾਨ ਦੇ ਅੰਤਰਿਮ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕੱਕੜ ਨੇ ਫੌਜ ਦੇ ਅਧਿਕਾਰੀ ਅਤੇ ਤਿੰਨ ਸੈਨਿਕਾਂ ਦੇ ਮਾਰੇ ਜਾਣ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਵਿਰੁੱਧ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਦੇਸ਼ 'ਚੋਂ ਅੱਤਵਾਦ ਦਾ ਪੂਰੀ ਤਰ੍ਹਾਂ ਖਾਤਮਾ ਨਹੀਂ ਹੋ ਜਾਂਦਾ। ਪਾਕਿਸਤਾਨ ਦੇ ਸੁਰੱਖਿਆ ਬਲ ਅੱਤਵਾਦ ਦੇ ਖਤਰੇ ਨੂੰ ਖ਼ਤਮ ਕਰਨ ਲਈ ਦ੍ਰਿੜ ਹਨ ਅਤੇ ਸਾਡੇ ਬਹਾਦਰ ਸੈਨਿਕਾਂ ਦੀਆਂ ਅਜਿਹੀਆਂ ਕੁਰਬਾਨੀਆਂ ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ਕਰਦੀਆਂ ਹਨ।
ਅੱਤਵਾਦੀ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ
ਕੱਕੜ ਨੇ ਅੱਤਵਾਦ ਵਿਰੁੱਧ ਜੰਗ ਉਦੋਂ ਤੱਕ ਜਾਰੀ ਰੱਖਣ ਦਾ ਅਹਿਦ ਲਿਆ ਜਦੋਂ ਤੱਕ ਇਸ ਨੂੰ ਦੇਸ਼ 'ਚੋਂ ਪੂਰੀ ਤਰ੍ਹਾਂ ਖਤਮ ਨਹੀਂ ਕਰ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਨਾਪਾਕ ਇਰਾਦਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਬਲੋਚਿਸਤਾਨ ਦੇ ਗਵਾਦਰ ਜ਼ਿਲੇ ਦੇ ਪਸਨੀ ਤੋਂ ਓਰਮਾਰਾ ਇਲਾਕੇ 'ਚ ਸੁਰੱਖਿਆ ਬਲਾਂ ਨੂੰ ਲਿਜਾ ਰਹੇ ਦੋ ਵਾਹਨਾਂ 'ਤੇ ਹਮਲਾ ਕੀਤਾ ਸੀ, ਜਿਸ 'ਚ 17 ਜਵਾਨ ਸ਼ਹੀਦ ਹੋ ਗਏ ਸਨ।
ਇਸ ਘਟਨਾ ਦੇ ਇੱਕ ਦਿਨ ਬਾਅਦ ਯਾਨੀ ਸ਼ਨੀਵਾਰ (4 ਨਵੰਬਰ) ਨੂੰ ਪਾਕਿਸਤਾਨੀ ਫੌਜ ਦੇ ਮੀਆਂਵਾਲੀ ਟਰੇਨਿੰਗ ਏਅਰ ਬੇਸ 'ਤੇ ਅੱਤਵਾਦੀ ਹਮਲਾ ਹੋਇਆ। ਹਾਲਾਂਕਿ ਪਾਕਿਸਤਾਨੀ ਫੌਜ ਨੇ ਸਮੇਂ 'ਤੇ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ, ਜਿਸ ਤੋਂ ਬਾਅਦ ਫੌਜ ਵਲੋਂ ਚਲਾਈ ਗਈ ਕਾਰਵਾਈ 'ਚ 9 ਅੱਤਵਾਦੀ ਮਾਰੇ ਗਏ। ਇਸ ਹਮਲੇ ਤੋਂ ਤੁਰੰਤ ਬਾਅਦ ਤਹਿਰੀਕ-ਏ-ਜੇਹਾਦ ਪਾਕਿਸਤਾਨ (ਟੀਜੇਪੀ) ਨੇ ਇੱਕ ਬਿਆਨ ਜਾਰੀ ਕਰਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।