ਇਜ਼ਰਾਈਲ ਨਾਲ ਜੰਗ ਵਿਚਾਲੇ ਡੋਨਾਲਡ ਟਰੰਪ ਵੱਲੋਂ ਖਾਮਨੇਈ ਨੂੰ ਫਿਰ ਧਮਕੀ, 'ਈਰਾਨ ਦੇ ਸੁਪਰੀਮ ਲੀਡਰ ਸਾਡਾ ਆਸਾਨ ਨਿਸ਼ਾਨਾ'
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਸਰਵੋਚ ਨੇਤਾ ਅਯਾਤੁੱਲਾ ਅਲੀ ਖਾਮਨੇਈ ਬਾਰੇ ਵੱਡਾ ਦਾਅਵਾ ਕੀਤਾ ਹੈ। ਟਰੰਪ ਨੇ ਕਿਹਾ ਕਿ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਖਾਮਨੇਈ ਕਿੱਥੇ ਓਹਲੇ ਹੋਏ ਹਨ। ਟਰੰਪ ਨੇ ਉਨ੍ਹਾਂ ਨੂੰ ਧਮਕੀ ਦਿੰਦਿਆਂ ਕਿਹਾ ਕਿ..

Donald Trump threatens Ayatollah Ali Khamenei: ਈਰਾਨ ਤੇ ਇਜ਼ਰਾਈਲ ਵਿਚਾਲੇ ਵੱਧਦੇ ਤਣਾਅ ਨੇ ਹਰ ਕਿਸੇ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਇਸ ਯੁੱਧ ਦਾ ਅਸਰ ਸੰਸਾਰਿਕ ਅਰਥ ਵਿਵਸਥਾ ਉੱਤੇ ਮਾੜਾ ਪ੍ਰਭਾਵ ਪਏਗਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੀ ਤਿੱਖੀ ਨਜ਼ਰ ਇਸ ਜੰਗ ਉੱਤੇ ਬਣੀ ਹੋਈ ਹੈ। ਉਨ੍ਹਾਂ ਨੇ ਈਰਾਨ ਦੇ ਸਰਵੋਚ ਨੇਤਾ ਅਯਾਤੁੱਲਾ ਅਲੀ ਖਾਮਨੇਈ ਬਾਰੇ ਵੱਡਾ ਦਾਅਵਾ ਕੀਤਾ ਹੈ। ਟਰੰਪ ਨੇ ਕਿਹਾ ਕਿ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਖਾਮਨੇਈ ਕਿੱਥੇ ਓਹਲੇ ਹੋਏ ਹਨ। ਟਰੰਪ ਨੇ ਉਨ੍ਹਾਂ ਨੂੰ ਧਮਕੀ ਦਿੰਦਿਆਂ ਕਿਹਾ ਕਿ ਉਹ ਸਾਡੇ ਲਈ ਬਹੁਤ ਆਸਾਨ ਨਿਸ਼ਾਨਾ ਹਨ।
ਅਮਰੀਕੀ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੁੱਥ ਸੋਸ਼ਲ' 'ਤੇ ਲਿਖਿਆ: "ਸਾਨੂੰ ਪੂਰੀ ਤਰ੍ਹਾਂ ਪਤਾ ਹੈ ਕਿ ਈਰਾਨ ਦੇ ਕਥਿਤ ਸੁਪਰੀਮ ਨੇਤਾ ਕਿੱਥੇ ਲੁਕੇ ਹੋਏ ਹਨ। ਉਹ ਸਾਡੇ ਲਈ ਬਹੁਤ ਹੀ ਆਸਾਨ ਟਾਰਗਟ ਹਨ, ਪਰ ਇਸ ਵੇਲੇ ਉਹ ਸੁਰੱਖਿਅਤ ਹਨ ਕਿਉਂਕਿ ਅਸੀਂ ਹੁਣੇ ਉਨ੍ਹਾਂ ਨੂੰ ਮਾਰਨਾ ਨਹੀਂ ਚਾਹੁੰਦੇ।"
ਉਨ੍ਹਾਂ ਅੱਗੇ ਕਿਹਾ, "ਅਸੀਂ ਇਸ ਵੇਲੇ ਉਨ੍ਹਾਂ ਨੂੰ ਮਾਰਨਾ ਨਹੀਂ ਚਾਹੁੰਦੇ, ਪਰ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਸਾਡੇ ਨਾਗਰਿਕਾਂ ਅਤੇ ਅਮਰੀਕੀ ਸੈਨਿਕਾਂ 'ਤੇ ਮਿਜ਼ਾਈਲਾਂ ਚਲਾਈਆਂ ਜਾਣ। ਸਾਡਾ ਸਬਰ ਹੁਣ ਖਤਮ ਹੁੰਦਾ ਜਾ ਰਿਹਾ ਹੈ। ਇਸ ਮਾਮਲੇ 'ਤੇ ਧਿਆਨ ਦੇਣ ਲਈ ਤੁਹਾਡਾ ਧੰਨਵਾਦ।"
ਟਰੰਪ ਪਹਿਲਾਂ ਵੀ ਈਰਾਨ ਨੂੰ ਦੇ ਚੁੱਕੇ ਹਨ ਧਮਕੀ
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਅਤੇ ਈਰਾਨ ਦੇ ਸੁਪਰੀਮ ਨੇਤਾ ਅਯਾਤੁੱਲਾ ਅਲੀ ਖਾਮਨੇਈ ਨੂੰ ਧਮਕੀ ਦਿੱਤੀ ਹੋਵੇ। ਇਜ਼ਰਾਈਲ 'ਤੇ ਲਗਾਤਾਰ ਹਮਲੇ ਕਰ ਰਹੇ ਈਰਾਨ ਨੂੰ ਲੈ ਕੇ ਟਰੰਪ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਜੇਕਰ ਈਰਾਨ ਕਿਸੇ ਵੀ ਤਰੀਕੇ ਨਾਲ ਅਮਰੀਕੀ ਨਾਗਰਿਕਾਂ ਜਾਂ ਅਮਰੀਕਾ ਦੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਅਮਰੀਕੀ ਫੌਜ ਆਪਣੀ ਪੂਰੀ ਤਾਕਤ ਅਤੇ ਸਮਰੱਥਾ ਨਾਲ ਈਰਾਨ ਨੂੰ ਜਵਾਬ ਦੇਵੇਗੀ। ਅਮਰੀਕਾ ਈਰਾਨ 'ਤੇ ਅਜਿਹਾ ਹਮਲਾ ਕਰੇਗਾ, ਜਿਹਦਾ ਨਾ ਤਾਂ ਈਰਾਨ ਨੇ ਕਦੇ ਸੋਚਿਆ ਹੋਵੇਗਾ ਤੇ ਨਾ ਹੀ ਵੇਖਿਆ ਹੋਵੇਗਾ।
ਇਜ਼ਰਾਈਲ ਅਤੇ ਈਰਾਨ ਵਲੋਂ ਇਕ-ਦੂਜੇ 'ਤੇ ਲਗਾਤਾਰ ਮਿਜ਼ਾਈਲ ਅਤੇ ਡਰੋਨ ਹਮਲੇ
ਪਿਛਲੇ ਚਾਰ ਦਿਨਾਂ ਦੌਰਾਨ ਇਜ਼ਰਾਈਲ ਅਤੇ ਈਰਾਨ ਵਿਚਕਾਰ ਤਣਾਅ ਕਾਫ਼ੀ ਵਧ ਗਿਆ ਹੈ। ਦੋਹਾਂ ਦੇਸ਼ ਇਕ-ਦੂਜੇ 'ਤੇ ਲਗਾਤਾਰ ਮਿਜ਼ਾਈਲਾਂ ਅਤੇ ਡਰੋਨ ਰਾਹੀਂ ਘਾਤਕ ਹਮਲੇ ਕਰ ਰਹੇ ਹਨ। ਇਜ਼ਰਾਈਲ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਇਆ।
ਇਸ ਤੋਂ ਇਲਾਵਾ, ਮੰਗਲਵਾਰ (17 ਜੂਨ) ਨੂੰ ਇਜ਼ਰਾਈਲੀ ਫੌਜ ਦੇ ਇਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਜ਼ਰਾਈਲੀ ਫੌਜ (IDF) ਨੇ ਈਰਾਨ ਦੇ 10 ਸਿੱਖਰ ਦੇ ਪਰਮਾਣੂ ਵਿਗਿਆਨੀਆਂ ਨੂੰ ਮਾਰ ਦਿੱਤਾ ਹੈ।
ਉਸ ਅਧਿਕਾਰੀ ਨੇ ਕਿਹਾ ਕਿ ਇਹ ਸਾਰੇ ਵਿਗਿਆਨੀ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਸਨ। ਹੁਣ ਇਜ਼ਰਾਈਲੀ ਹਮਲੇ ਵਿੱਚ ਇਨ੍ਹਾਂ 10 ਟਾਪ ਵਿਗਿਆਨੀਆਂ ਦੀ ਮੌਤ ਕਾਰਨ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਭਾਰੀ ਝਟਕਾ ਲੱਗਿਆ ਹੈ।






















