ਉਡਾਨ ਭਰਦੇ ਹੀ ਟਰੰਪ ਦੇ ਜਹਾਜ਼ ‘ਏਅਰ ਫੋਰਸ ਵਨ’ 'ਚ ਆਈ ਖ਼ਰਾਬੀ, ਤੁਰੰਤ ਪਰਤਣਾ ਪਿਆ ਵਾਪਿਸ, ਕੀ ਦਾਵੋਸ ਦੌਰਾ ਹੋਇਆ ਰੱਦ?
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਹੋਣ ਵਾਲੇ ਵਰਲਡ ਇਕਨੌਮਿਕ ਫੋਰਮ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ ਸਨ। ਪਰ ਉਡਾਨ ਭਰਨ ਤੋਂ ਕੁਝ ਹੀ ਦੇਰ ਬਾਅਦ ਉਨ੍ਹਾਂ ਦੇ ਵਿਸ਼ੇਸ਼ ਜਹਾਜ਼ ਏਅਰ...

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਹੋਣ ਵਾਲੇ ਵਰਲਡ ਇਕਨੌਮਿਕ ਫੋਰਮ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ ਸਨ। ਪਰ ਉਡਾਨ ਭਰਨ ਤੋਂ ਕੁਝ ਹੀ ਦੇਰ ਬਾਅਦ ਉਨ੍ਹਾਂ ਦੇ ਵਿਸ਼ੇਸ਼ ਜਹਾਜ਼ ਏਅਰ ਫੋਰਸ ਵਨ ਵਿੱਚ ਇਲੈਕਟ੍ਰਿਕਲ ਖ਼ਰਾਬੀ ਸਾਹਮਣੇ ਆ ਗਈ।
ਵ੍ਹਾਈਟ ਹਾਊਸ ਦੇ ਮੁਤਾਬਕ, ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜਹਾਜ਼ ਨੂੰ ਤੁਰੰਤ ਮੇਰੀਲੈਂਡ ਸਥਿਤ ਜੌਇੰਟ ਬੇਸ ਐਂਡਰੂਜ਼ ਵਾਪਸ ਲਿਆਇਆ ਗਿਆ, ਤਾਂ ਜੋ ਰਾਸ਼ਟਰਪਤੀ ਕਿਸੇ ਵੀ ਖ਼ਤਰੇ ਤੋਂ ਬਚਦੇ ਹੋਏ ਦੂਜੇ ਜਹਾਜ਼ ਰਾਹੀਂ ਯਾਤਰਾ ਕਰ ਸਕਣ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਸਪਸ਼ਟ ਕੀਤਾ ਕਿ ਰਾਸ਼ਟਰਪਤੀ ਟਰੰਪ ਦੀ ਦਾਵੋਸ ਯਾਤਰਾ ਰੱਦ ਨਹੀਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਤਕਨੀਕੀ ਖ਼ਰਾਬੀ ਕਾਰਨ ਸਿਰਫ਼ ਜਹਾਜ਼ ਬਦਲਿਆ ਗਿਆ ਹੈ ਅਤੇ ਰਾਸ਼ਟਰਪਤੀ ਨਵੇਂ ਜਹਾਜ਼ ਰਾਹੀਂ ਸਵਿਟਜ਼ਰਲੈਂਡ ਲਈ ਰਵਾਨਾ ਹੋਣਗੇ।
ਟਰੰਪ, ਜੇਪੀ ਮੋਰਗਨ ਅਤੇ ਐਨਵੀਡੀਆ ਦੇ ਸੀਈਓ ਹੋਣਗੇ ਸ਼ਾਮਲ
ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਹੋਣ ਵਾਲੀ ਵਰਲਡ ਇਕਨੌਮਿਕ ਫੋਰਮ (WEF) ਦੀ ਸਾਲਾਨਾ ਬੈਠਕ ਵਿੱਚ ਇਸ ਵਾਰ ਦੁਨੀਆ ਦੀਆਂ ਕਈ ਵੱਡੀਆਂ ਹਸਤੀਆਂ ਸ਼ਾਮਲ ਹੋਣ ਜਾ ਰਹੀਆਂ ਹਨ। ਜੇਪੀ ਮੋਰਗਨ ਦੇ ਸੀਈਓ ਜੇਮੀ ਡਾਇਮਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਐਨਵੀਡੀਆ ਦੇ ਸੀਈਓ ਜੈਂਸਨ ਹੁਆਂਗ ਵਰਗੇ ਦਿੱਗਜ਼ ਨੇਤਾ ਤੇ ਉਦਯੋਗਪਤੀ ਦਾਵੋਸ ਪਹੁੰਚਣਗੇ।
2020 ਤੋਂ ਬਾਅਦ ਪਹਿਲੀ ਵਾਰ ਦਾਵੋਸ ਪਹੁੰਚਣਗੇ ਟਰੰਪ
ਡੋਨਾਲਡ ਟਰੰਪ ਆਪਣੇ ਪਹਿਲੇ ਕਾਰਜਕਾਲ ਦੌਰਾਨ ਸਾਲ 2020 ਵਿੱਚ ਦਾਵੋਸ ਗਏ ਸਨ। ਇਸ ਤੋਂ ਬਾਅਦ ਇਸ ਸਾਲ ਉਹ ਪਹਿਲੀ ਵਾਰ ਖੁਦ ਉੱਥੇ ਸ਼ਿਰਕਤ ਕਰਨ ਜਾ ਰਹੇ ਹਨ। ਪਿਛਲੇ ਸਾਲ ਉਨ੍ਹਾਂ ਨੇ ਵ੍ਹਾਈਟ ਹਾਊਸ ਵਾਪਸੀ ਤੋਂ ਕੁਝ ਹੀ ਦਿਨਾਂ ਬਾਅਦ ਵਰਚੁਅਲ ਤੌਰ ‘ਤੇ ਸੰਬੋਧਨ ਕੀਤਾ ਸੀ, ਜਿਸ ਨਾਲ ਕਾਫ਼ੀ ਚਰਚਾ ਹੋਈ ਸੀ। ਇਸ ਵਾਰ ਟਰੰਪ ਦੇ ਨਾਲ ਅਮਰੀਕਾ ਦਾ ਹੁਣ ਤੱਕ ਦਾ “ਸਭ ਤੋਂ ਵੱਡਾ ਪ੍ਰਤੀਨਿਧੀ ਮੰਡਲ” ਵੀ ਦਾਵੋਸ ਜਾਵੇਗਾ।
ਰਿਕਾਰਡ ਗਿਣਤੀ ਵਿੱਚ ਨੇਤਾ ਅਤੇ ਉਦਯੋਗਪਤੀ ਹੋਣਗੇ ਮੌਜੂਦ
WEF ਦੇ ਆਯੋਜਕਾਂ ਮੁਤਾਬਕ ਇਸ ਸਾਲ ਲਗਭਗ 3,000 ਵੱਖ-ਵੱਖ ਖੇਤਰਾਂ ਦੇ ਨੇਤਾ ਦਾਵੋਸ ਵਿੱਚ ਹਿੱਸਾ ਲੈਣਗੇ। ਇਨ੍ਹਾਂ ਵਿੱਚ ਰਿਕਾਰਡ 400 ਰਾਜਨੀਤਿਕ ਨੇਤਾ, 850 ਵੱਡੀਆਂ ਕੰਪਨੀਆਂ ਦੇ ਸੀਈਓ ਅਤੇ ਟੈਕਨੋਲੋਜੀ ਖੇਤਰ ਦੇ 100 ਅਗੇਤੂ ਵਿਅਕਤੀ ਸ਼ਾਮਲ ਹੋਣਗੇ।
ਗ੍ਰੀਨਲੈਂਡ ਵਿਵਾਦ ਕਾਰਨ ਡੈਨਮਾਰਕ ਨਹੀਂ ਆਏਗਾ
ਹਾਲਾਂਕਿ, ਇੱਕ ਅਹਿਮ ਦੇਸ਼ ਦੀ ਸਰਕਾਰ ਇਸ ਬੈਠਕ ਤੋਂ ਦੂਰੀ ਬਣਾਈ ਰੱਖੇਗੀ। ਡੈਨਮਾਰਕ ਸਰਕਾਰ ਦੇ ਨੁਮਾਇੰਦੇ ਦਾਵੋਸ ਨਹੀਂ ਆਉਣਗੇ। WEF ਦੇ ਪ੍ਰਵਕਤਾ ਨੇ ਦੱਸਿਆ ਕਿ ਗ੍ਰੀਨਲੈਂਡ ਨੂੰ ਲੈ ਕੇ ਵਧਦੇ ਵਿਵਾਦ ਕਾਰਨ ਡੈਨਮਾਰਕ ਨੇ ਇਹ ਫੈਸਲਾ ਲਿਆ ਹੈ। ਇਹ ਵਿਵਾਦ ਉਸ ਵੇਲੇ ਹੋਰ ਗਹਿਰਾ ਹੋ ਗਿਆ ਜਦੋਂ ਟਰੰਪ ਨੇ ਯੂਰਪੀ ਦੇਸ਼ਾਂ ‘ਤੇ ਨਵੇਂ ਟੈਰਿਫ਼ ਲਗਾਉਣ ਦਾ ਐਲਾਨ ਕੀਤਾ।
ਕਈ ਵੱਡੇ ਗਲੋਬਲ ਨੇਤਾ ਵੀ ਨਹੀਂ ਹੋਣਗੇ ਸ਼ਾਮਲ
ਦਾਵੋਸ ਵਿੱਚ ਇਸ ਵਾਰ ਕਈ ਵੱਡੇ ਨਾਮ ਨਜ਼ਰ ਨਹੀਂ ਆਉਣਗੇ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੈਂਸਕੀ ਦਾ ਆਉਣਾ ਤੈਅ ਮੰਨਿਆ ਜਾ ਰਿਹਾ ਸੀ, ਪਰ ਬਾਅਦ ਵਿੱਚ ਉਨ੍ਹਾਂ ਦੇ ਨਾ ਆਉਣ ਦੀ ਪੁਸ਼ਟੀ ਹੋ ਗਈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ WEF ਦੀ ਸੂਚੀ ਵਿੱਚ ਸ਼ਾਮਲ ਨਹੀਂ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ ਅਤੇ ਭਾਰਤ ਦੇ ਸ਼ੀਰਸ਼ ਨੇਤਾ ਵੀ ਇਸ ਸੂਚੀ ਵਿੱਚ ਨਹੀਂ ਹਨ।






















