Khalistan Boards in Gurudwara: ਹੁਣ ਯੂਕੇ 'ਚ 'ਖਾਲਿਸਤਾਨ' ਦੇ ਹੱਕ 'ਚ ਫੈਸਲਾ, ਕਮਿਸ਼ਨ ਨੇ ਕਿਹਾ...ਕਾਨੂੰਨ ਦੀ ਉਲੰਘਣਾ ਨਹੀਂ
UK Charity Commission Allows Khalistan Boards in Gurudwara: ਵਿਦੇਸ਼ਾਂ ਵਿੱਚ ਖਾਲਿਸਤਾਨੀ ਮੁੜ ਐਕਸ਼ਨ ਮੋਡ ਵਿੱਚ ਹਨ। ਕੈਨੇਡਾ ਤੋਂ ਬਾਅਦ ਯੂਕੇ ਵਿੱਚ ਵੀ ਖਾਲਿਸਤਾਨੀਆਂ ਨੂੰ ਵੱਡਾ ਰਾਹਤ ਮਿਲੀ ਹੈ।

UK Charity Commission Allows Khalistan Boards in Gurudwara: ਵਿਦੇਸ਼ਾਂ ਵਿੱਚ ਖਾਲਿਸਤਾਨੀ ਮੁੜ ਐਕਸ਼ਨ ਮੋਡ ਵਿੱਚ ਹਨ। ਕੈਨੇਡਾ ਤੋਂ ਬਾਅਦ ਯੂਕੇ ਵਿੱਚ ਵੀ ਖਾਲਿਸਤਾਨੀਆਂ ਨੂੰ ਵੱਡਾ ਰਾਹਤ ਮਿਲੀ ਹੈ। ਯੂਕੇ ਚੈਰਿਟੀ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਗੁਰਦੁਆਰਿਆਂ ਵਿੱਚ 'ਖਾਲਿਸਤਾਨ' ਸ਼ਬਦ ਵਾਲੇ ਬੋਰਡ ਲਾਉਣਾ ਦੇਸ਼ ਦੇ ਚੈਰਿਟੀ ਨਿਯਮਾਂ ਦੇ ਵਿਰੁੱਧ ਨਹੀਂ। ਇਹ ਫੈਸਲਾ ਸਲੋਹ ਵਿੱਚ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਦੇ ਮਾਮਲੇ ਦੀ ਵਿਸਤ੍ਰਿਤ ਜਾਂਚ ਤੋਂ ਬਾਅਦ ਆਇਆ ਹੈ ਜਿੱਥੇ ਲਗਪਗ 5 ਦਹਾਕਿਆਂ ਤੋਂ ਦੋ 'ਖਾਲਿਸਤਾਨ' ਦੇ ਬੋਰਡ ਲਗਾਏ ਗਏ ਹਨ।
ਇਹ ਮਾਮਲਾ 2019 ਵਿੱਚ ਉਦੋਂ ਸਾਹਮਣੇ ਆਇਆ ਜਦੋਂ ਇੱਕ ਭਾਰਤੀ ਪੱਤਰਕਾਰ ਨੇ ਕਮਿਸ਼ਨ ਨੂੰ ਗੁਰਦੁਆਰੇ ਦੇ ਅੰਦਰ ਲਗਾਏ ਗਏ ਵੱਡੇ 'ਖਾਲਿਸਤਾਨ ਬੋਰਡ' ਬਾਰੇ ਸ਼ਿਕਾਇਤ ਕੀਤੀ। ਚੈਰਿਟੀ ਕਮਿਸ਼ਨ (ਜੋ ਬ੍ਰਿਟੇਨ ਵਿੱਚ ਧਾਰਮਿਕ ਸਥਾਨਾਂ ਦੀ ਨਿਗਰਾਨੀ ਕਰਦਾ ਹੈ) ਨੇ ਇਸ ਦੀ ਜਾਂਚ ਸ਼ੁਰੂ ਕੀਤੀ। ਕਮਿਸ਼ਨ ਦੇ ਅਨੁਸਾਰ ਕਿਸੇ ਰਾਜਨੀਤਕ ਪਾਰਟੀ ਜਾਂ ਰਾਜ ਦਾ ਪ੍ਰਚਾਰ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੈ।
ਦਸੰਬਰ 2024 ਵਿੱਚ ਕਮਿਸ਼ਨ ਨੇ ਟਰੱਸਟੀਆਂ ਨੂੰ 10 ਮਾਰਚ, 2025 ਤੱਕ ਬੋਰਡ ਨੂੰ ਹਟਾਉਣ ਦਾ ਅਲਟੀਮੇਟਮ ਦਿੱਤਾ ਸੀ, ਜਿਸ ਨੂੰ ਲਾਗੂ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਸਿੱਖ ਫੈਡਰੇਸ਼ਨ ਯੂਕੇ ਤੇ ਤਿੰਨ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ ਤੇ ਜਸ ਅਠਵਾਲ ਮਾਮਲੇ ਨੂੰ ਹੱਲ ਕਰਨ ਲਈ ਕਮਿਸ਼ਨ ਨੂੰ ਮਿਲੇ। ਹੁਣ ਕਮਿਸ਼ਨ ਨੇ ਕਿਹਾ ਹੈ ਕਿ 'ਖਾਲਿਸਤਾਨ' ਸ਼ਬਦ ਦਾ ਧਾਰਮਿਕ ਤੇ ਭਾਵਨਾਤਮਕ ਮਹੱਤਵ ਹੈ। ਜਿੰਨਾ ਚਿਰ ਗੁਰਦੁਆਰੇ ਵਿੱਚ ਲਗਾਏ ਗਏ ਬੋਰਡ ਕਿਸੇ ਰਾਜਨੀਤਕ ਉਦੇਸ਼ ਨੂੰ ਉਤਸ਼ਾਹਿਤ ਨਹੀਂ ਕਰ ਰਹੇ, ਇਸ ਨੂੰ ਚੈਰਿਟੀ ਕਾਨੂੰਨ ਦੀ ਉਲੰਘਣਾ ਨਹੀਂ ਮੰਨਿਆ ਜਾਵੇਗਾ।
ਫੈਡਰੇਸ਼ਨ ਦੇ ਰਾਜਨੀਤਕ ਮੁਖੀ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਖਾਲਿਸਤਾਨ ਸ਼ਬਦ ਦਾ ਅਰਥ ਪਵਿੱਤਰ ਧਰਤੀ ਹੈ ਜੋ ਕਿ ਖਾਲਿਸਤਾਨ ਜ਼ਿੰਦਾਬਾਦ ਤੋਂ ਵੱਖਰਾ ਹੈ। ਸਲੋਹ ਗੁਰਦੁਆਰੇ ਦੇ ਮਾਮਲੇ ਵਿੱਚ ਕਮਿਸ਼ਨ ਦੇ ਫੈਸਲੇ ਤੋਂ ਬਾਅਦ ਹੋਰ ਗੁਰਦੁਆਰੇ ਵੀ ਇਸ ਸ਼ਬਦ ਨੂੰ ਪ੍ਰਦਰਸ਼ਿਤ ਕਰ ਸਕਦੇ ਹਨ। 'ਖਾਲਿਸਤਾਨ' ਸ਼ਬਦ ਪਹਿਲਾਂ ਹੀ ਬਰਮਿੰਘਮ, ਡਰਬੀ, ਲੈਸਟਰ ਤੇ ਲੰਡਨ ਦੇ ਕਈ ਗੁਰਦੁਆਰਿਆਂ ਵਿੱਚ ਮੌਜੂਦ ਹੈ।
ਚੈਰਿਟੀ ਕਮਿਸ਼ਨ ਅਨੁਸਾਰ ਜਿੰਨਾ ਚਿਰ ਧਾਰਮਿਕ ਸਥਾਨ ਆਪਣੇ ਉਦੇਸ਼ ਦੀਆਂ ਸੀਮਾਵਾਂ ਦੇ ਅੰਦਰ ਰਹਿੰਦੇ ਹਨ ਤੇ ਕਿਸੇ ਵੀ ਰਾਜਨੀਤਕ ਏਜੰਡੇ ਨੂੰ ਉਤਸ਼ਾਹਿਤ ਨਹੀਂ ਕਰਦੇ, ਉਹ ਖਾਲਿਸਤਾਨ ਵਰਗੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਨ। ਬ੍ਰਿਟੇਨ ਵਿੱਚ ਗੁਰਦੁਆਰੇ ਜਨਤਕ ਹਿੱਤ ਵਿੱਚ ਰਜਿਸਟਰਡ ਚੈਰਿਟੀ ਹਨ ਤੇ ਉਨ੍ਹਾਂ ਦਾ ਉਦੇਸ਼ ਧਾਰਮਿਕ ਸਿੱਖਿਆ ਤੇ ਸੇਵਾ ਹੈ।






















