Ukraine-Russia War: ਰੂਸ-ਯੂਕਰੇਨ ਜੰਗ 'ਚ 32ਵਾਂ ਦਿਨ ਵੱਡੀ ਤਬਾਹੀ, ਰੂਸ ਦੇ ਨਿਸ਼ਾਨੇ 'ਤੇ ਹੁਣ ਯੂਕਰੇਨ ਦਾ ਪੂਰਬੀ ਹਿੱਸਾ
ਯੂਕਰੇਨ ਯੁੱਧ ਦਾ ਅੱਜ 32ਵਾਂ ਦਿਨ ਹੈ। ਰੂਸੀ ਹਮਲਿਆਂ ਕਾਰਨ ਯੂਕਰੇਨ 'ਚ ਤਬਾਹੀ ਜਾਰੀ ਹੈ। ਹਾਲਾਂਕਿ ਦੋਵਾਂ 'ਚੋਂ ਅਜੇ ਤੱਕ ਕੋਈ ਵੀ ਪਿੱਛੇ ਹਟਣ ਲਈ ਤਿਆਰ ਨਹੀਂ। ਦੂਜੇ ਪਾਸੇ ਰੂਸ ਨੇ ਯੂਕਰੇਨ ਦੇ ਕਈ ਵੱਡੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਹੈ।
Ukraine-Russia War: ਯੂਕਰੇਨ ਯੁੱਧ ਦਾ ਅੱਜ 32ਵਾਂ ਦਿਨ ਹੈ। ਰੂਸੀ ਹਮਲਿਆਂ ਕਾਰਨ ਯੂਕਰੇਨ 'ਚ ਤਬਾਹੀ ਜਾਰੀ ਹੈ। ਹਾਲਾਂਕਿ ਦੋਵਾਂ 'ਚੋਂ ਅਜੇ ਤੱਕ ਕੋਈ ਵੀ ਪਿੱਛੇ ਹਟਣ ਲਈ ਤਿਆਰ ਨਹੀਂ। ਦੂਜੇ ਪਾਸੇ ਰੂਸ ਨੇ ਯੂਕਰੇਨ ਦੇ ਕਈ ਵੱਡੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਹੈ। ਫਿਲਹਾਲ ਯੂਕਰੇਨ ਦੇ ਖਾਰਕੀਵ, ਮਾਰੀਓਪੋਲ ਇਲਾਕੇ ਤੋਂ ਰੂਸੀ ਹਮਲੇ ਦੀਆਂ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਖੇਤਰਾਂ 'ਚ ਹੁਣ ਤਕ ਸੰਘਰਸ਼ ਛਿੜਿਆ ਹੋਇਆ ਹੈ।
ਇੱਥੇ ਚੇਚੇਨ ਲੜਾਕੇ ਰੂਸੀ ਫ਼ੌਜ ਨਾਲ ਜੰਗ ਲੜ ਰਹੇ ਹਨ। ਯੂਕਰੇਨ ਦੇ ਫ਼ੌਜੀਆਂ ਨਾਲ ਲਗਾਤਾਰ ਜੰਗ ਜਾਰੀ ਹੈ। ਮਾਰੀਓਪੋਲ ਉਨ੍ਹਾਂ ਖੇਤਰਾਂ ਵਿੱਚੋਂ ਇੱਕ ਹੈ ਜਿਸ 'ਤੇ ਰੂਸ ਜਲਦੀ ਤੋਂ ਜਲਦੀ ਕਬਜ਼ਾ ਕਰਨਾ ਚਾਹੁੰਦਾ ਹੈ, ਪਰ ਯੂਕਰੇਨ ਇੱਥੇ ਸਖ਼ਤ ਟੱਕਰ ਦੇ ਰਿਹਾ ਹੈ। ਇੱਥੇ ਚੇਚੇਨ ਲੜਾਕਿਆਂ ਨੇ ਮਾਰੀਓਪੋਲ ਸਰਕਾਰੀ ਇਮਾਰਤ 'ਤੇ ਕਬਜ਼ਾ ਕਰ ਲਿਆ ਤੇ ਆਪਣਾ ਝੰਡਾ ਲਹਿਰਾ ਦਿੱਤਾ।
ਰੂਸ ਦੇ ਨਿਸ਼ਾਨੇ 'ਤੇ ਹੁਣ ਨਾ ਸਿਰਫ਼ ਪੂਰਬੀ ਹਿੱਸੇ ਸਗੋਂ ਯੂਕਰੇਨ ਦੇ ਪੱਛਮ 'ਚ ਲਵੀਵ ਵੀ ਹੈ। ਜਿੱਥੇ ਰੂਸ ਨੇ ਮਿਜ਼ਾਈਲਾਂ ਦਾਗੀਆਂ, ਜਿਸ ਤੋਂ ਬਾਅਦ ਦੂਰ-ਦੂਰ ਤੱਕ ਧੂੰਏਂ ਦਾ ਗੁਬਾਰ ਛਾਇਆ ਹੋਇਆ ਸੀ। ਲਵੀਵ ਸ਼ਹਿਰ 'ਚ ਤਿੰਨ ਹਮਲੇ ਹੋਏ। ਸ਼ਨੀਵਾਰ ਨੂੰ ਇਹ ਧਮਾਕੇ ਅਜਿਹੇ ਸਮੇਂ ਹੋਏ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਗੁਆਂਢੀ ਨਾਟੋ ਸਹਿਯੋਗੀ ਪੋਲੈਂਡ ਦਾ ਦੌਰਾ ਖਤਮ ਕਰ ਰਹੇ ਹਨ, ਜਿਸ 'ਚ ਉਨ੍ਹਾਂ ਨੇ ਪੋਲਿਸ਼ ਰਾਸ਼ਟਰਪਤੀ ਨੂੰ ਕਿਹਾ, "ਤੁਹਾਡੀ ਆਜ਼ਾਦੀ ਸਾਡੀ ਆਜ਼ਾਦੀ ਹੈ।"
ਥਾਂ-ਥਾਂ ਤਬਾਹੀ ਦੇ ਨਿਸ਼ਾਨ
ਪ੍ਰਾਪਤ ਜਾਣਕਾਰੀ ਅਨੁਸਾਰ ਰਾਜਧਾਨੀ ਕੀਵ 'ਚ ਰੂਸੀ ਹਮਲੇ ਘੱਟ ਹੋਏ ਹਨ, ਪਰ ਹਰ ਪਾਸੇ ਤਬਾਹੀ ਦੇ ਨਿਸ਼ਾਨ ਹਨ। ਸ਼ਹਿਰ ਦੇ ਅੰਦਰ ਕਈ ਥਾਵਾਂ 'ਤੇ ਅੱਗ ਅਜੇ ਵੀ ਭੜਕ ਰਹੀ ਹੈ। ਇਸ ਦੇ ਨਾਲ ਹੀ ਲੋਕ ਮੌਕਾ ਮਿਲਣ 'ਤੇ ਸਾਮਾਨ ਚੁੱਕ ਕੇ ਦੇਸ਼ ਛੱਡ ਕੇ ਜਾਂਦੇ ਨਜ਼ਰ ਆ ਰਹੇ ਹਨ।
ਅਮਰੀਕਾ ਨੇ ਆਂਕਲਨ ਕੀਤਾ ਹੈ ਕਿ ਰੂਸੀ ਫ਼ੌਜ ਨੇ ਕੀਵ 'ਤੇ ਕਬਜ਼ਾ ਕਰਨ 'ਚ ਨਾਕਾਮ ਰਹਿਣ ਤੋਂ ਬਾਅਦ ਆਪਣਾ ਟਾਰਗੈਟ ਬਦਲ ਲਿਆ ਹੈ। ਹੁਣ ਰੂਸੀ ਫ਼ੌਜ ਦਾ ਟੀਚਾ ਡੋਨਬਾਸ 'ਤੇ ਕਬਜ਼ਾ ਕਰਨਾ ਹੈ। ਹੁਣ ਰੂਸੀ ਫ਼ੌਜ ਡੋਨਬਾਸ 'ਚ ਬਾਗ਼ੀਆਂ ਨਾਲ ਮਿਲ ਕੇ ਯੂਕਰੇਨ ਨੂੰ ਪਿੱਛੇ ਹਟਣ ਲਈ ਦਬਾਅ ਬਣਾ ਰਹੀ ਹੈ।
ਰੂਸ ਨਾਲ ਇਕ ਵਾਰ ਫਿਰ ਸਮਝੌਤੇ ਦੀ ਗੱਲ
ਕੱਲ੍ਹ ਹੀ ਰੂਸੀ ਫ਼ੌਜ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਡੋਨਬਾਸ ਦੇ 54 ਫ਼ੀਸਦੀ ਹਿੱਸੇ 'ਤੇ ਕਬਜ਼ਾ ਕਰ ਲਿਆ ਹੈ, ਜਦਕਿ ਲੁਹਾਨਸਕ ਇਲਾਕੇ 'ਚ 90 ਫ਼ੀਸਦੀ ਤੋਂ ਵੱਧ ਕਬਜ਼ੇ ਕੰਮ ਮੁਕੰਮਲ ਹੋ ਚੁੱਕਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇੱਕ ਵਾਰ ਫਿਰ ਰੂਸ ਨਾਲ ਸਮਝੌਤੇ ਦੀ ਗੱਲ ਕੀਤੀ ਹੈ। ਪਰ ਯੂਕਰੇਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਸ਼ਾਂਤੀ ਦੇ ਨਾਂ 'ਤੇ ਰੂਸ ਨੂੰ ਆਪਣਾ ਇਲਾਕਾ ਨਹੀਂ ਦੇਵੇਗਾ।
ਦਰਅਸਲ 32 ਦਿਨਾਂ ਦੀ ਜੰਗ ਤੋਂ ਬਾਅਦ ਰੂਸ ਵੀ ਦਬਾਅ 'ਚ ਆ ਗਿਆ ਹੈ। ਇਸ ਦੌਰਾਨ ਉਹ ਨਾ ਤਾਂ ਯੂਕਰੇਨ 'ਚ ਸਰਕਾਰ ਬਦਲ ਸਕਿਆ ਹੈ ਅਤੇ ਨਾ ਹੀ ਵੱਡੇ ਹਿੱਸੇ 'ਤੇ ਕਬਜ਼ਾ ਕਰ ਸਕਿਆ ਹੈ। ਇਸ ਦਾ ਅਸਲ ਕਾਰਨ ਹੈ ਯੂਕਰੇਨ ਦੇ ਆਧੁਨਿਕ ਹਥਿਆਰ ਅਤੇ ਵਿੱਤੀ ਸਹਾਇਤਾ, ਜਿਸ ਦੇ ਦਮ 'ਤੇ ਯੂਕਰੇਨ ਲਗਾਤਾਰ ਰੂਸ ਨੂੰ ਟੱਕਰ ਦੇ ਰਿਹਾ ਹੈ, ਜਿਸ ਦੀ ਸ਼ਾਇਦ ਰਾਸ਼ਟਰਪਤੀ ਪੁਤਿਨ ਨੂੰ ਉਮੀਦ ਨਹੀਂ ਸੀ।