ਪਾਕਿਸਤਾਨ ਜਾਣਗੇ ਅਮਰੀਕੀ ਰਾਸ਼ਟਰਪਤੀ, PAK ਮੀਡੀਆ ਦਾ ਵੱਡਾ ਦਾਅਵਾ, 19 ਸਾਲਾਂ ਬਾਅਦ ਹੋਵੇਗਾ ਆਹ ਕਾਰਨਾਮਾ
Donald Trump Pakistan visit: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਤੰਬਰ ਵਿੱਚ ਪਾਕਿਸਤਾਨ ਦਾ ਦੌਰਾ ਕਰ ਸਕਦੇ ਹਨ। ਜੇਕਰ ਉਹ ਪਾਕਿਸਤਾਨ ਦਾ ਦੌਰਾ ਕਰਦੇ ਹਨ, ਤਾਂ ਇਹ ਲਗਭਗ 19 ਸਾਲਾਂ ਬਾਅਦ ਇੱਕ ਵੱਡਾ ਕਾਰਨਾਮਾ ਹੋਵੇਗਾ।

Pakistan News: ਪਾਕਿਸਤਾਨ ਦੇ ਚੀਨ ਨਾਲ ਬਹੁਤ ਚੰਗੇ ਸਬੰਧ ਰਹੇ ਹਨ ਅਤੇ ਹੁਣ ਉਹ ਅਮਰੀਕਾ ਨੂੰ ਵੀ ਲੁਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਕਿ ਫੌਜ ਮੁਖੀ ਅਸੀਮ ਮੁਨੀਰ ਹਾਲ ਹੀ ਵਿੱਚ ਅਮਰੀਕਾ ਗਏ ਸਨ। ਉਨ੍ਹਾਂ ਨੇ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਸੀ। ਹੁਣ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਪਾਕਿਸਤਾਨ ਦਾ ਦੌਰਾ ਕਰਨਗੇ। ਤਾਜ਼ਾ ਜਾਣਕਾਰੀ ਅਨੁਸਾਰ, ਟਰੰਪ ਸਤੰਬਰ ਵਿੱਚ ਪਾਕਿਸਤਾਨ ਦਾ ਦੌਰਾ ਕਰ ਸਕਦੇ ਹਨ। ਇਸ ਬਾਰੇ ਪਾਕਿਸਤਾਨ ਦੇ ਸਥਾਨਕ ਮੀਡੀਆ ਵਿੱਚ ਕਈ ਰਿਪੋਰਟਾਂ ਆਈਆਂ ਹਨ।
ਵ੍ਹਾਈਟ ਹਾਊਸ ਨੇ ਹਾਲ ਹੀ ਵਿੱਚ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਦਾ ਨਿੱਘਾ ਸਵਾਗਤ ਕੀਤਾ ਸੀ। ਮੁਨੀਰ ਦੀ ਅਮਰੀਕਾ ਫੇਰੀ ਤੋਂ ਬਾਅਦ, ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦੀਆਂ ਖ਼ਬਰਾਂ ਹਨ। ਹੁਣ ਟਰੰਪ ਵੀ ਪਾਕਿਸਤਾਨ ਦਾ ਰੁੱਖ ਕਰ ਰਹੇ ਹਨ। ਉਹ ਸਤੰਬਰ ਵਿੱਚ ਇਸਲਾਮਾਬਾਦ ਆ ਸਕਦੇ ਹਨ। ਹਾਲਾਂਕਿ, ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਟਰੰਪ ਦੀ ਫੇਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਵ੍ਹਾਈਟ ਹਾਊਸ ਨੇ ਵੀ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।
19 ਸਾਲਾਂ ਬਾਅਦ ਹੋਵੇਗਾ ਆਹ ਕਾਰਨਾਮਾ
ਜ਼ਿਕਰ ਕਰ ਦਈਏ ਕਿ ਜੇਕਰ ਟਰੰਪ ਸਤੰਬਰ ਵਿੱਚ ਪਾਕਿਸਤਾਨ ਦਾ ਦੌਰਾ ਕਰਦੇ ਹਨ, ਤਾਂ ਇਹ 19 ਸਾਲਾਂ ਬਾਅਦ ਇੱਕ ਵੱਡਾ ਕਾਰਨਾਮਾ ਹੋਵੇਗਾ। ਪਿਛਲੇ ਦੋ ਦਹਾਕਿਆਂ ਵਿੱਚ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਨੇ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਮਾਰਚ 2006 ਵਿੱਚ ਪਾਕਿਸਤਾਨ ਗਏ ਸਨ, ਪਰ ਉਨ੍ਹਾਂ ਤੋਂ ਬਾਅਦ ਕਿਸੇ ਨੇ ਵੀ ਨਹੀਂ ਦੌਰਾ ਕੀਤਾ। ਬੁਸ਼ ਤੋਂ ਪਹਿਲਾਂ, ਬਿਲ ਕਲਿੰਟਨ ਨੇ 2000 ਵਿੱਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਹਾਲਾਂਕਿ, ਉਹ ਸਿਰਫ਼ ਕੁਝ ਘੰਟੇ ਹੀ ਰੁਕੇ ਸਨ।






















