Vanita Gupta ਬਣੀ ਅਮਰੀਕਾ ’ਚ ਭਾਰਤੀ ਮੂਲ ਦੀ ਪਹਿਲੀ ‘ਐਸੋਸੀਏਟ ਅਟਾਰਨੀ ਜਨਰਲ’
ਵਨੀਤਾ ਗੁਪਤਾ ਦੀਆਂ ਕੋਸ਼ਿਸ਼ਾਂ ਸਦਕਾ ਹੀ ਟੈਕਸਾਸ ਦੇ ਤਤਕਾਲੀਨ ਗਵਰਨਰ ਰਿੱਕ ਪੈਰੀ ਨੇ ਸਾਲ 2003 ’ਚ ਉਨ੍ਹਾਂ ਮੁਲਜ਼ਮਾਂ ਵਿੱਚੋਂ 35 ਨੂੰ ਮਾਫ਼ ਵੀ ਕਰ ਦਿੱਤਾ ਸੀ। ਬਾਅਦ ’ਚ ਵਨਿਤਾ ਗੁਪਤਾ ‘ਅਮੈਰਿਕਨ ਸਿਵਲ ਲਿਬਰਟੀਜ਼ ਯੂਨੀਅਨ’ (ACLU) ਨਾਲ ਸਟਾਫ਼ ਅਟਾਰਨੀ ਵਜੋਂ ਜੁੜ ਗਏ।
ਵਨੀਤਾ ਗੁਪਤਾ ਬਣੇ ਅਮਰੀਕਾ ’ਚ ਭਾਰਤੀ ਮੂਲ ਦੇ ਪਹਿਲੇ ‘ਐਸੋਸੀਏਟ ਅਟਾਰਨੀ ਜਨਰਲ’
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਮਨੁੱਖੀ ਅਧਿਕਾਰਾਂ ਬਾਰੇ ਵਕੀਲ ਵਜੋਂ ਵਿਚਰਦੇ ਰਹੇ ਵਨਿਤਾ ਗੁਪਤਾ ਨੇ ਉਸ ਵੇਲੇ ਇਤਿਹਾਸ ਰਚ ਦਿੱਤਾ, ਜਦੋਂ ਅਮਰੀਕੀ ਸੈਨੇਟ ਨੇ ਉਨ੍ਹਾਂ ਦੀ ‘ਐਸੋਸੀਏਟ ਅਟਾਰਨੀ ਜਨਰਲ’ ਵਜੋਂ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ। ਇੰਝ ਉਹ ਅਮਰੀਕਾ ਦੇ ਨਿਆਂ ਵਿਭਾਗ ’ਚ ਇੰਨਾ ਉੱਚਾ ਅਹੁਦਾ ਹਾਸਲ ਕਰਨ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਬਣ ਗਏ ਹਨ। ਇਸ ਤੋਂ ਇਲਾਵਾ ਇਹ ਅਹੁਦਾ ਹਾਸਲ ਕਰਨ ਵਾਲੀ ਉਹ ਪਹਿਲੀ ਮਹਿਲਾ ਵੀ ਹਨ। ਵਨਿਤਾ ਗੁਪਤਾ ਦੀ ਇਸ ਨਵੀਂ ਨਿਯੁਕਤੀ ਦੇ ਹੱਕ ਵਿੱਚ 51 ਤੇ ਵਿਰੋਧ ’ਚ 49 ਵੋਟਾਂ ਪਈਆਂ। ਅਮਰੀਕਾ ’ਚ ‘ਐਸੋਸੀਏਟ ਅਟਾਰਨੀ ਜਨਰਲ’ ਦੇ ਅਹੁਦੇ ਤੋਂ ਉੱਤੇ ਸਿਰਫ਼ ਦੋ ਹੋਰ ਉੱਚ ਅਧਿਕਾਰੀ ਹੁੰਦੇ ਹਨ।
ਇਸ ਵੋਟਿੰਗ ਦਾ ਦਿਲਚਸਪ ਪੱਖ ਇਹ ਵੀ ਰਿਹਾ ਕਿ ਵਿਰੋਧੀ ਰੀਪਬਲਿਕਨ ਪਾਰਟੀ ਦੇ ਵੀ ਇੱਕ ਸੈਨੇਟਰ ਨੇ ਵਨਿਤਾ ਗੁਪਤਾ ਦੇ ਹੱਕ ’ਚ ਵੋਟ ਪਾਈ। ਦੱਸ ਦੇਈਏ ਕਿ ਵਨਿਤਾ ਗੁਪਤਾ ਦੀ ਨਿਯੁਕਤੀ ਦਾ ਐਲਾਨ ਤਾ ਪਹਿਲਾਂ ਹੋ ਗਿਆ ਸੀ ਪਰ ਅਮਰੀਕੀ ਸੰਸਦ ਨੇ ਹਾਲੇ ਇਸ ਨਿਯੁਕਤੀ ਦੀ ਪੁਸ਼ਟੀ ਨਹੀਂ ਕੀਤੀ ਸੀ। ਸੈਨੇਟ ਨੇ ਹੁਣ ਬੁੱਧਵਾਰ ਨੂੰ ਉਨ੍ਹਾਂ ਦੀ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ ਹੈ।
ਰੀਪਬਲਿਕਨ ਪਾਰਟੀ ਨੇ ਵਨਿਤਾ ਗੁਪਤਾ ਦੀ ਨਿਯੁਕਤੀ ਦਾ ਜ਼ੋਰਦਾਰ ਵਿਰੋਧ ਕੀਤਾ। ਉਨ੍ਹਾਂ ਦੀ ਦਲੀਲ ਸੀ ਕਿ ਵਨਿਤਾ ਗੁਪਤਾ ‘ਕੱਟੜਪੰਥੀ’ ਹਨ। ‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਅਨੁਸਾਰ ਰੀਪਬਲਿਕਨਜ਼ ਨੇ ਕੁਝ ਭਖਵੇਂ ਮੁੱਦਿਆਂ ਜਿਵੇਂ ਕਿ ਪੁਲਿਸ ਨੂੰ ਦਿੱਤੇ ਜਾਣ ਵਾਲੇ ਫ਼ੰਡ ਘਟਾਉਣ ਤੇ ਨਸ਼ਿਆਂ ਨੂੰ ਕਾਨੂੰਨੀ ਰੂਪ ਦੇਣ ਬਾਰੇ ਵਨਿਤਾ ਗੁਪਤਾ ਦੇ ਸਟੈਂਡ ਦਾ ਵਿਰੋਧ ਕੀਤਾ।
ਵਨਿਤਾ ਗੁਪਤਾ ਨੇ ਸਾਲ 2001 ’ਚ ਨਿਊ ਯਾਰਕ ਦੇ ਯੂਨੀਵਰਸਿਟੀ ਦੇ ਸਕੂਲ ਆੱਫ਼ ਲਾੱਅ ਤੋਂ ਗ੍ਰੈਜੂਏਸ਼ਨ ਕੀਤੀ। ਉਨ੍ਹਾਂ ‘NAACP ਲੀਗਲ ਡਿਫ਼ੈਂਸ ਐਂਡ ਐਜੂਕੇਸ਼ਨਲ ਫ਼ੰਡ’ ’ਚ ਆਪਣਾ ਲੀਗਲ ਕਰੀਅਰ ਅਰੰਭ ਕੀਤਾ। ਉੱਥੇ ਹੀ ਉਨ੍ਹਾਂ ਨੇ ਨਸ਼ਿਆਂ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕੀਤੀ ਤੇ ਤੁਲੀਆ, ਟੈਕਸਾਸ ’ਚ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।
ਤਦ ਅਦਾਲਤ ਵੱਲੋਂ ਜਿਹੜੇ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਉਨ੍ਹਾਂ ਵਿੱਚੋਂ ਲਗਪਗ ਸਾਰੇ ਹੀ ਕਾਲੇ ਮੂਲ ਦੇ ਸਨ। ਵਨਿਤਾ ਗੁਪਤਾ ਨੇ ਆਪਣੀ ਜਾਂਚ ਦੌਰਾਨ ਇਹ ਸਿੱਧ ਕੀਤਾ ਕਿ ਉਨ੍ਹਾਂ ਸਾਰੇ ਵਿਅਕਤੀਆਂ ਵਿਰੁੱਧ ਲਾਏ ਗਏ ਦੋਸ਼ ਝੂਠੇ ਸਨ ਤੇ ਇਹ ਸਾਜ਼ਿਸ਼ ਕਥਿਤ ਤੌਰ ਉੱਤੇ ਨਾਰਕੌਟਿਕਸ ਏਜੰਟ ਟੌਮ ਕੋਲਮੈਨ ਦੀ ਸੀ।
ਵਨੀਤਾ ਗੁਪਤਾ ਦੀਆਂ ਕੋਸ਼ਿਸ਼ਾਂ ਸਦਕਾ ਹੀ ਟੈਕਸਾਸ ਦੇ ਤਤਕਾਲੀਨ ਗਵਰਨਰ ਰਿੱਕ ਪੈਰੀ ਨੇ ਸਾਲ 2003 ’ਚ ਉਨ੍ਹਾਂ ਮੁਲਜ਼ਮਾਂ ਵਿੱਚੋਂ 35 ਨੂੰ ਮਾਫ਼ ਵੀ ਕਰ ਦਿੱਤਾ ਸੀ। ਬਾਅਦ ’ਚ ਵਨਿਤਾ ਗੁਪਤਾ ‘ਅਮੈਰਿਕਨ ਸਿਵਲ ਲਿਬਰਟੀਜ਼ ਯੂਨੀਅਨ’ (ACLU) ਨਾਲ ਸਟਾਫ਼ ਅਟਾਰਨੀ ਵਜੋਂ ਜੁੜ ਗਏ।
ਸਾਲ 2014 ’ਚ ਤਤਕਾਲੀਨ ਰਾਸ਼ਟਰਪਤੀ ਬਰਾਕ ਓਬਾਮਾ ਨੇ ਵਨੀਤਾ ਗੁਪਤਾ ਨੂੰ ‘ਐਕਟਿੰਗ ਅਸਿਸਟੈਂਟ ਅਟਾਰਨੀ ਜਨਰਲ’ ਅਤੇ ਅਮਰੀਕੀ ਨਿਆਂ ਵਿਭਾਗ ਦੇ ਸਿਵਲ ਰਾਈਟਸ ਡਿਵੀਜ਼ਨ ਦਾ ਮੁਖੀ ਨਿਯੁਕਤ ਕੀਤਾ ਸੀ। ਓਬਾਮਾ ਪ੍ਰਸ਼ਾਸਨ ਅਧੀਨ ਵਨਿਤਾ ਗੁਪਤਾ ਨੇ ਬਹੁਤ ਸਾਰੇ ਸਮਲਿੰਗੀ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਸੀ। ਵਨੀਤਾ ਗੁਪਤਾ ਉਂਝ ਤਾਂ ਭਾਵੇਂ ਭਾਰਤੀ ਮੂਲ ਦੇ ਹੀ ਹਨ ਪਰ ਉਨ੍ਹਾਂ ਦਾ ਜਨਮ ਫ਼ਿਲਾਡੇਲਫ਼ੀਆ ’ਚ ਹੋਇਆ ਸੀ। ਉਨ੍ਹਾਂ ਦੇ ਮਾਪੇ ਪਹਿਲਾਂ ਅਮਰੀਕਾ ਆ ਕੇ ਵੱਸ ਗਏ ਸਨ। ਵਨੀਤਾ ਗੁਪਤਾ ਦੇ ਪਤੀ ਚਿੰਨ੍ਹ ਕਿਊ. ਲੀ ਹਨ, ਜੋ ਕੋਲੰਬੀਆ ਜ਼ਿਲ੍ਹੇ ਦੀ ਲੀਗਲ ਏਡ ਸੁਸਾਇਟੀ ਦੇ ਲੀਗਲ ਡਾਇਰੈਕਟਰ ਹਨ।
ਇਹ ਵੀ ਪੜ੍ਹੋ: Devoleena Bhattacharjee ਨੇ ਪ੍ਰਿੰਟਿਡ ਸਾੜੀ 'ਚ ਦਿਖਾਇਆ ਗਲੈਮਰਸ ਅੰਦਾਜ਼, ਸੁੰਦਰਤਾ ਵੇਖ ਫੈਨਸ ਹੋਏ ਮੁਰੀਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904