ਦੱਖਣੀ ਅਫ਼ਰੀਕਾ ’ਚੋਂ ਪ੍ਰਵਾਸੀ ਭਾਰਤੀਆਂ ਨੂੰ ਕੱਢਣ ਲਈ ਹਿੰਸਕ ਅੰਦੋਲਨ ਜਾਰੀ, ਹੁਣ ਤੱਕ ਹੋ ਚੁੱਕੀ 330 ਭਾਰਤੀਆਂ ਦੀ ਮੌਤ
ਦਰਅਸਲ, ਇਹ ਹਿੰਸਾ ਜੁਲਾਈ ’ਚ ਉਦੋਂ ਸ਼ੁਰੂ ਹੋਈ ਸੀ, ਜਦੋਂ ਸਾਬਕਾ ਰਾਸ਼ਟਰਪਤੀ ਜੇਕਬ ਜ਼ੁਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਡਰਬਨ ਤੇ ਜੌਹਨਸਬਰਗ ਸ਼ਹਿਰਾਂ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਸਭ ਤੋਂ ਵੱਧ ਖ਼ਤਰਾ ਪੈਦਾ ਹੋ ਗਿਆ ਸੀ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਦੱਖਣੀ ਅਫ਼ਰੀਕਾ ਦੇ ਦੋ ਰਾਜਾਂ ਕਵਾਜ਼ੁਲੂ-ਨਟਾਲ ਤੇ ਗੌਤੇਂਗ ’ਚ ਇਸ ਵੇਲੇ ਹਾਲਾਤ ਬਹੁਤ ਖ਼ਰਾਬ ਹਨ। ਉੱਥੇ ਪ੍ਰਵਾਸੀ ਭਾਰਤੀਆਂ ਨੂੰ ਦੇਸ਼ ’ਚੋਂ ਬਾਹਰ ਕੱਢ ਕੇ ਭਾਰਤ ਵਾਪਸ ਭੇਜਣ ਲਈ ਹਿੰਸਕ ਅੰਦੋਲਨ ਹਾਲੇ ਵੀ ਜਾਰੀ ਹੈ। ਬੀਤੀ 9 ਜੁਲਾਈ ਤੋਂ ਸ਼ੁਰੂ ਹੋਏ ਇਸ ਅੰਦੋਲਨ ਵਿੱਚ ਹੁਣ ਤੱਕ ਭਾਰਤੀ ਮੂਲ ਦੇ 330 ਵਿਅਕਤੀਆ ਦੀ ਜਾਨ ਜਾ ਚੁੱਕਾ ਹੈ ਤੇ ਹਾਲੇ ਵੀ ਉਨ੍ਹਾਂ ਨੂੰ ਐਸਐਮਐਸ ਜਾਂ ਵ੍ਹਟਸਐਪ ਸੁਨੇਹਿਆਂ ਰਾਹੀਂ ਲਗਾਤਾਰ ਧਮਕੀਆ ਮਿਲ ਰਹੀਆਂ ਹਨ। ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਭਾਰਤੀ ਮੀਡੀਆ ਅਜਿਹੀਆਂ ਖ਼ਬਰਾਂ ਨੂੰ ਬਹੁਤਾ ਪ੍ਰਕਾਸ਼ਿਤ ਤੇ ਪ੍ਰਸਾਰਿਤ ਨਹੀਂ ਕਰ ਰਿਹਾ।
ਦਰਅਸਲ, ਇਹ ਹਿੰਸਾ ਜੁਲਾਈ ’ਚ ਉਦੋਂ ਸ਼ੁਰੂ ਹੋਈ ਸੀ, ਜਦੋਂ ਸਾਬਕਾ ਰਾਸ਼ਟਰਪਤੀ ਜੇਕਬ ਜ਼ੁਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਡਰਬਨ ਤੇ ਜੌਹਨਸਬਰਗ ਸ਼ਹਿਰਾਂ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਸਭ ਤੋਂ ਵੱਧ ਖ਼ਤਰਾ ਪੈਦਾ ਹੋ ਗਿਆ ਸੀ। ਦੱਸ ਦੇਈਏ ਇਹ ਦੋਵੇਂ ਸ਼ਹਿਰ ਭਾਰਤ ਲਈ ਵੀ ਇਤਿਹਾਸਕ ਹਨ ਕਿਉਂਕਿ ਇਹ ਦੋਵੇਂ ਸ਼ਹਿਰ ਕਿਸੇ ਵੇਲੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਕਰਮ ਭੂਮੀ ਰਹੇ ਹਨ। ਇੱਥੇ ਹੀ ਉਨ੍ਹਾਂ ਸੱਤਿਆਗ੍ਰਹਿ ਕਰਨੇ ਤੇ ਅੰਦੋਲਨ ਕਰਨੇ ਸਿੱਖੇ ਸਨ ਤੇ ਇਸੇ ਤਜਰਬੇ ਦੇ ਆਧਾਰ ਉੱਤੇ ਉਨ੍ਹਾਂ 1914 ਤੋਂ ਬਾਅਦ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀ ਅਗਵਾਈ ਆਜ਼ਾਦੀ ਪ੍ਰਾਪਤੀ ਭਾਵ 1947 ਤੱਕ ਕੀਤੀ ਸੀ।
ਹੁਣ ਇਨ੍ਹਾਂ ਇਲਾਕਿਆਂ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਹੁਣ ਹਿੰਸਾ ਦੇ ਭਾਗ-II ਦਾ ਸਾਹਮਣਾ ਕਰਨ ਦੇ ਸੁਨੇਹੇ ਲਗਾਤਾਰ ਆ ਰਹੇ ਹਨ। ‘ਦਿ ਟਾਈਮਜ਼ ਆੱਫ਼ ਇੰਡੀਆ’ ਵੱਲੋਂ ਪ੍ਰਕਾਸ਼ਿਤ ਜਯਾ ਮੈਨਨ ਦੀ ਰਿਪੋਰਟ ਅਨੁਸਾਰ ਪ੍ਰਵਾਸੀ ਭਾਰਤੀਆਂ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਦਹਿਸ਼ਤ ਪਾਈ ਜਾ ਰਹੀ ਹੈ। ਡਰਬਨ ’ਚ ਰਹਿੰਦੇ ਭਾਰਤੀ ਮੂਲ ਦੇ ਇੱਕ ਪ੍ਰਵਾਸੀ ਕਿਮੇਸ਼ਨ ਰਮਨ (33) ਨੇ ਦੱਖਣੀ ਅਫ਼ਰੀਕਾ ’ਚ ਅਜਿਹੇ ਹਾਲਾਤ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੰਗਿਆਂ ਕਾਰਣ ਜਿੰਨੇ ਵੀ ਵਿਅਕਤੀ ਮਾਰੇ ਗਏ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਹੀ ਹਨ।
ਰਮਨ ਨੇ ਦੱਸਿਆ ਕਿ 9 ਜੁਲਾਈ ਨੂੰ ਦੰਗੇ ਭੜਕੇ ਸਨ, ਅੱਗਜ਼ਨੀ ਤੇ ਸ਼ਰੇਆਮ ਲੁੱਟਮਾਰ ਦੀਆ ਘਟਨਾਵਾਂ ਵਾਪਰੀਆਂ ਸਨ ਪਰ ਰਾਸ਼ਟਰਪਤੀ ਸਾਇਰਿਲ ਰਾਮਾਫੋਸਾ ਨੇ ਚਾਰ ਦਿਨਾਂ ਬਾਅਦ ਕਿਤੇ ਜਾ ਕੇ ਫ਼ੌਜ ਤਾਇਨਾਤ ਕੀਤੀ ਸੀ।
ਇਨ੍ਹਾਂ ਦੰਗਿਆਂ ਤੋਂ ਬਾਅਦ ਬਹੁਤ ਸਾਰੇ ਭਾਰਤੀਆਂ ਨੇ OCI ਕਾਰਡਾਂ ਲਈ ਐਪਲਾਈ ਕਰ ਦਿੱਤਾ ਹੈ, ਤਾਂ ਜੋ ਉਹ ਕਿਸੇ ਵੀ ਸੰਭਾਵੀ ਐਮਰਜੈਂਸੀ ਵੇਲੇ ਕਿਸੇ ਵੀ ਵੇਲੇ ਭਾਰਤ ਵਾਪਸ ਜਾ ਸਕਣ ਪਰ ਅੱਗਿਓਂ ਭਾਰਤੀ ਦੂਤਾਵਾਸ ਦਾ ਹੁੰਗਾਰਾ ਬਹੁਤ ਮੱਠਾ ਜਿਹਾ ਮਿਲ ਰਿਹਾ ਹੈ। ਇਨ੍ਹਾਂ ’ਚੋਂ ਬਹੁਤ ਸਾਰੇ ਭਾਰਤੀ ਮੂਲ ਦੇ ਲੋਕ ਤਾਂ ਅਜਿਹੇ ਵੀ ਹਨ, ਜੋ 150 ਸਾਲ ਪਹਿਲਾਂ ਦੱਖਣੀ ਅਫ਼ਰੀਕਾ ’ਚ ਆ ਕੇ ਵੱਸ ਗਏ ਸਨ। ਹੁਣ ਸਭ ਨੂੰ ਇਹੋ ਡਰ ਹੈ ਕਿ ਕਿਤੇ ਦੰਗਿਆਂ ਤੇ ਕਤਲੇਆਮ ਦਾ ਕੋਈ ਦੂਜਾ ਗੇੜ ਸ਼ੁਰੂ ਨਾ ਹੋ ਜਾਵੇ।
ਮਹਾਤਾਮਾ ਗਾਂਧੀ ਦੀ ਪੋਤਰੀ ਇਲਾ ਗਾਂਧੀ (ਜੋ ਇਸ ਵੇਲੇ ਡਰਬਨ ’ਚ ਰਹਿ ਰਹੇ ਹਨ) ਨੇ ਕਿਹਾ ਹੈ ਕਿ ਉਹ ਧਾਰਮਿਕ ਜਾਂ ਨਸਲੀ ਆਧਾਰ ਤੋਂ ਉਤਾਂਹ ਉੱਠ ਕੇ ਏਕਤਾ ਕਾਇਮ ਕਰਨ ਦੇ ਜਤਨ ਕਰ ਰਹੇ ਹਨ। ਉਨ੍ਹਾਂ ਵੀ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੂੰ ਬਹੁਤ ਜ਼ਿਆਦਾ ਧਮਕੀਆਂ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ: New Traffic Rule: ਨਵੇਂ ਟ੍ਰੈਫ਼ਿਕ ਚਲਾਨ ਨਿਯਮ, ਘਰੋਂ ਗੱਡੀ ਲੈ ਕੇ ਨਿੱਕਲਣ ਤੋਂ ਪਹਿਲਾਂ ਇਹ ਜ਼ਰੂਰ ਪੜ੍ਹੋ…
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin