ਕੌਣ ਹੈ ਕਪਿਲ ਸ਼ਰਮਾ ਦੇ ਕੈਫੇ 'ਤੇ ਗੋਲੀਬਾਰੀ ਕਰਨ ਵਾਲਾ ਮਾਸਟ ਵਾਂਟੇਡ ਹਰਜੀਤ ਸਿੰਘ ਲਾਡੀ? NIA ਨੇ ਐਲਾਨਿਆ 10 ਲੱਖ ਦਾ ਇਨਾਮ
Who is Harjeet Singh Laadi: ਹਰਜੀਤ ਸਿੰਘ ਉਰਫ਼ ਲਾਡੀ ਨੂੰ ਫੜਨ ਲਈ NIA ਨੇ ਨਾ ਸਿਰਫ ਗ੍ਰਿਫ਼ਤਾਰ ਕਰਨ ਦਾ ਐਲਾਨ ਕੀਤਾ ਹੈ, ਸਗੋਂ ਜਾਣਕਾਰੀ ਦੇਣ ਲਈ ਵਟਸਐਪ, ਈ-ਮੇਲ ਅਤੇ ਕੰਟਰੋਲ ਰੂਮ ਦੇ ਨੰਬਰ ਵੀ ਜਨਤਕ ਕਰ ਦਿੱਤੇ ਹਨ।

Who is Harjeet Singh Laadi: ਭਾਰਤ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ 'ਤੇ ਹੋਈ ਗੋਲੀਬਾਰੀ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਹਮਲਾਵਰ ਪਿਸਤੌਲ ਕੱਢ ਕੇ ਤਾਬੜਤੋੜ ਗੋਲੀਆਂ ਚਲਾਉਂਦਾ ਨਜ਼ਰ ਆ ਰਿਹਾ ਹੈ। ਇਸ ਘਟਨਾ ਵਿੱਚ ਹਰਜੀਤ ਸਿੰਘ ਉਰਫ ਲਾਡੀ ਦਾ ਨਾਂਅ ਸਾਹਮਣੇ ਆਇਆ ਹੈ, ਜੋ ਕਿ ਨਵਾਂਸ਼ਹਿਰ ਦੇ ਪਿੰਡ ਗਰਪਧਨਾ ਦਾ ਰਹਿਣ ਵਾਲਾ ਹੈ, ਲਾਡੀ ਦੇ ਪਿਤਾ ਦਾ ਨਾਮ ਕੁਲਦੀਪ ਸਿੰਘ ਹੈ।
NIA ਮੁਤਾਬਕ ਹਰਜੀਤ ਸਿੰਘ ਖਾਲਿਸਤਾਨ ਸਮਰਥਕ ਮਾਡਿਊਲ ਦਾ ਐਕਟਿਵ ਮੈਂਬਰ ਹੈ। ਇਸ ਦੇ ਨਾਲ ਹੀ ਬੱਬਰ ਖਾਲਸਾ ਵਰਗੇ ਸੰਗਠਨਾ ਨਾਲ ਜੁੜਿਆ ਹੋਇਆ ਹੈ। ਐਨਆਈਏ ਨੇ ਹਰਜੀਤ ਸਿੰਘ ਨੂੰ ਫਰਾਰ ਅੱਤਵਾਦੀ ਐਲਾਨਿਆ ਹੋਇਆ ਹੈ ਅਤੇ ਉਸ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ। ਉੱਥੇ ਹੀ ਲਾਡੀ ਦਾ ਨਾਮ ਭਾਰਤ ਵਿੱਚ ਵਿਹਿਪ ਨੇਤਾ ਵਿਕਾਸ ਬੱਗਾ ਦੀ ਹੱਤਿਆ ਨਾਲ ਜੁੜਿਆ ਹੋਇਆ ਹੈ। ਜੂਨ 2024 ਵਿੱਚ ਇਸ ਕੇਸ ਦੀ ਜਾਂਚ NIA ਨੂੰ ਸੌਂਪੀ ਗਈ ਸੀ, ਜਿਸ ਵਿੱਚ ਹਰਜੀਤ ਸਿੰਘ ਲਾਡੀ, ਕੁਲਬੀਰ ਸਿੰਘ ਉਰਫ ਸਿੱਧੂ ਅਤੇ ਹੋਰ ਕਈ ਲੋਕ ਇਸ ਦੇ ਸਾਜਿਸ਼ਕਰਤਾ ਨਿਕਲੇ।
ਪੰਜਾਬ ਪੁਲਿਸ ਵੱਲੋਂ ਹੁਣ ਤੱਕ ਹਰਜੀਤ ਸਿੰਘ ਲਾਡੀ ਵਿਰੁੱਧ ਕੋਈ ਰਸਮੀ ਐਫਆਈਆਰ ਜਾਂ ਚਾਰਜਸ਼ੀਟ ਜਨਤਕ ਨਹੀਂ ਕੀਤੀ ਗਈ ਹੈ। ਹਾਲਾਂਕਿ, ਉਨ੍ਹਾਂ ਨੂੰ ਐਨਆਈਏ ਜਾਂਚ ਵਿੱਚ ਮੋਸਟ ਵਾਂਟੇਡ ਐਲਾਨਿਆ ਗਿਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਲਾਡੀ ਵਿਰੁੱਧ ਸਬੂਤ ਬਹੁਤ ਸੰਵੇਦਨਸ਼ੀਲ ਹਨ। ਐਨਆਈਏ ਨੇ ਨਾ ਸਿਰਫ ਹਰਜੀਤ ਸਿੰਘ ਉਰਫ਼ ਲਾਡੀ ਨੂੰ ਫੜਨ ਦਾ ਐਲਾਨ ਕੀਤਾ ਹੈ, ਸਗੋਂ ਜਾਣਕਾਰੀ ਦੇਣ ਲਈ ਵਟਸਐਪ, ਈਮੇਲ ਅਤੇ ਕੰਟਰੋਲ ਰੂਮ ਨੰਬਰ ਵੀ ਜਨਤਕ ਕੀਤੇ ਹਨ। ਅਜਿਹੀ ਸਥਿਤੀ ਵਿੱਚ, ਜੇਕਰ ਲਾਡੀ ਫੜਿਆ ਜਾਂਦਾ ਹੈ, ਤਾਂ ਇਹ ਸੰਭਵ ਹੈ ਕਿ ਹੋਰ ਵੀ ਬਹੁਤ ਸਾਰੇ ਚਿਹਰੇ ਬੇਨਕਾਬ ਹੋ ਜਾਣਗੇ, ਜੋ ਭਾਰਤ ਵਿੱਚ ਬੈਠ ਕੇ ਵਿਦੇਸ਼ਾਂ ਵਿੱਚ ਦਹਿਸ਼ਤ ਫੈਲਾ ਰਹੇ ਹਨ।






















