ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ ਨੇ ਖੋਲ੍ਹੇ ਆਪਣੇ ਦਰ, ਵੱਡੀ ਪੱਧਰ 'ਤੇ ਕਾਮਿਆ ਦੀ ਲੋੜ
ਸੰਯੁਕਤ ਰਾਸ਼ਟਰ ਅਨੁਸਾਰ 100 ਕੰਮਕਾਜੀ ਉਮਰ ਦੀ ਆਬਾਦੀ 'ਚੋਂ 39.2 ਫ਼ੀਸਦੀ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ। ਬਜ਼ੁਰਗ ਅਬਾਦੀ ਦੇ ਮਾਮਲੇ 'ਚ ਫਿਨਲੈਂਡ ਜਪਾਨ ਤੋਂ ਬਾਅਦ ਦੂਜੇ ਨੰਬਰ 'ਤੇ ਹੈ।
Finland: ਕਿਹਾ ਜਾਂਦਾ ਹੈ ਕਿ ਫਿਨਲੈਂਡ 'ਚ ਕੋਈ ਵੀ ਸ਼ਖ਼ਸ ਅਜਿਹਾ ਨਹੀਂ ਜੋ ਖੁਸ਼ ਨਾ ਹੋਵੇ ਪਰ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਆਪਣੀ ਬਜ਼ੁਰਗ ਹੁੰਦੀ ਆਬਾਦੀ ਤੋਂ ਨਾਖੁਸ਼ ਹੈ। ਇਸ ਕਾਰਨ ਦੇਸ਼ 'ਚ ਮਨੁੱਖੀ ਕਿਰਤ ਦਾ ਸੰਕਟ ਪੈਦਾ ਹੋ ਗਿਆ ਹੈ। ਲੋਕ ਇੱਥੇ ਕੰਮ ਨਹੀਂ ਕਰ ਰਹੇ।
ਅਜਿਹੀ ਸਥਿਤੀ 'ਚ ਫਿਨਲੈਂਡ ਚਾਹੁੰਦਾ ਹੈ ਕਿ ਦੂਜੇ ਦੇਸ਼ਾਂ ਦੇ ਲੋਕ ਇੱਥੇ ਆ ਕੇ ਰਹਿਣ। ਟੈਲੇਂਟਿਡ ਸੋਲਿਊਸ਼ਨਸ ਨਾਂ ਦੀ ਭਰਤੀ ਕਰਨ ਵਾਲੀ ਏਜੰਸੀ ਦੇ ਸਾਕੂ ਤਿਹਵੇਰੇਨ ਨੇ ਨਿਊਜ਼ ਏਜੰਸੀ ਨੂੰ ਦੱਸਿਆ, "ਹੁਣ ਇਹ ਵਿਆਪਕ ਤੌਰ 'ਤੇ ਸਵੀਕਾਰ ਕਰ ਲਿਆ ਗਿਆ ਹੈ ਕਿ ਸਾਨੂੰ ਦੇਸ਼ 'ਚ ਵੱਡੀ ਆਬਾਦੀ ਦੀ ਲੋੜ ਹੈ। ਸਾਨੂੰ ਬੁੱਢੇ ਹੁੰਦੇ ਲੋਕਾਂ ਦੀ ਬਜਾਏ ਨੌਜਵਾਨਾਂ ਨੂੰ ਲੈਣ ਦੀ ਲੋੜ ਹੈ। ਸਾਨੂੰ ਕੰਮਕਾਜੀ ਲੋਕ ਚਾਹੀਦੇ ਹਨ।"
ਖੁਸ਼ਹਾਲ ਦੇਸ਼ ਅੱਜ ਦੁਖੀ
ਸੰਯੁਕਤ ਰਾਸ਼ਟਰ ਅਨੁਸਾਰ 100 ਕੰਮਕਾਜੀ ਉਮਰ ਦੀ ਆਬਾਦੀ 'ਚੋਂ 39.2 ਫ਼ੀਸਦੀ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ। ਬਜ਼ੁਰਗ ਅਬਾਦੀ ਦੇ ਮਾਮਲੇ 'ਚ ਫਿਨਲੈਂਡ ਜਪਾਨ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਸੰਯੁਕਤ ਰਾਸ਼ਟਰ ਨੇ ਭਵਿੱਖਬਾਣੀ ਕੀਤੀ ਹੈ ਕਿ 2030 ਤਕ ਬਜ਼ੁਰਗਾਂ ਦੀ ਨਿਰਭਰਤਾ ਦਰ 47.5 ਫ਼ੀਸਦੀ ਤਕ ਵਧ ਜਾਵੇਗੀ। ਕਮੀ ਨੂੰ ਪੂਰਾ ਕਰਨ ਲਈ ਪ੍ਰਵਾਸੀਆਂ ਦੀ ਗਿਣਤੀ ਹਰ ਸਾਲ 20 ਹਜ਼ਾਰ ਤੋਂ ਵਧਾ ਕੇ 30 ਹਜ਼ਾਰ ਕਰਨ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਫਿਨਲੈਂਡ ਆਪਣੇ ਵਧੀਆ ਜੀਵਨ ਪੱਧਰ, ਸਹੂਲਤਾਂ ਤੇ ਪ੍ਰਣਾਲੀਆਂ ਲਈ ਜਾਣਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਦੁਆਰਾ ਜਾਰੀ ਕੀਤੀ ਗਈ 'ਵਰਲਡ ਹੈਪੀਨੈੱਸ ਰਿਪੋਰਟ 2021' 'ਚ ਫਿਨਲੈਂਡ ਸਭ ਤੋਂ ਉੱਪਰ ਹੈ। ਖੁਸ਼ਹਾਲੀ ਦੀ ਰੈਂਕਿੰਗ 'ਚ ਉਸ ਨੇ ਲਗਾਤਾਰ ਚੌਥੀ ਵਾਰ ਪਹਿਲਾ ਸਥਾਨ ਪ੍ਰਾਪਤ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ।
ਫਿਨਲੈਂਡ ਅਕੈਡਮੀ 'ਚ ਖੋਜਕਰਤਾ ਚਾਰਲਸ ਮੈਥਿਊਜ਼ ਨੇ ਕਿਹਾ, "ਕਈ ਸਾਲਾਂ ਦੇ ਵਪਾਰ ਤੇ ਸਰਕਾਰ ਦੀ ਸਰਗਰਮੀ ਤੋਂ ਬਾਅਦ ਫਿਨਲੈਂਡ ਅੱਜ ਮੁਸ਼ਕਲ ਸਮੇਂ ਵਿੱਚੋਂ ਲੰਘ ਰਿਹਾ ਹੈ। ਆਬਾਦੀ ਬਜ਼ੁਰਗ ਹੋ ਰਹੀ ਹੈ ਤੇ ਉਨ੍ਹਾਂ ਦੀ ਥਾਂ ਸਾਨੂੰ ਲੋਕਾਂ ਦੀ ਜ਼ਰੂਰਤ ਹੈ।"
ਸਿਸਟਮ 'ਚ ਕੀ ਖਰਾਬੀ ਹੈ?
ਫਿਨਲੈਂਡ ਨਾ ਆਉਣ ਵਾਲੇ ਪਰਵਾਸੀਆਂ ਪਿੱਛੇ ਬਹੁਤ ਸਾਰੀਆਂ ਰਾਜਨੀਤਕ ਤੇ ਸਮਾਜਿਕ ਸਮੱਸਿਆਵਾਂ ਹਨ। ਉਦਾਹਰਣ ਵਜੋਂ ਇਕੱਲੇ ਵਿਅਕਤੀ ਲਈ ਨੌਕਰੀ ਪ੍ਰਾਪਤ ਕਰਨਾ ਤੇ ਸੈਟਲ ਹੋਣਾ ਬਹੁਤ ਆਸਾਨ ਹੈ, ਪਰ ਉਸ ਦੇ ਪਤੀ ਜਾਂ ਪਤਨੀ ਨੂੰ ਨੌਕਰੀ ਪ੍ਰਾਪਤ ਕਰਨ 'ਚ ਮੁਸ਼ਕਲ ਆਉਂਦੀ ਹੈ। ਲੋਕ ਪ੍ਰਵਾਸੀ ਵਿਰੋਧੀ ਭਾਵਨਾ ਕਾਰਨ ਫਿਨਲੈਂਡ ਵਿੱਚ ਵੀ ਵੱਸਣਾ ਨਹੀਂ ਚਾਹੁੰਦੇ।
ਫਿਨਲੈਂਡ ਵੀ ਯੂਰਪੀਅਨ ਯੂਨੀਅਨ ਦਾ ਮੈਂਬਰ ਦੇਸ਼ ਹੈ। ਰੂਸ 'ਚ 1917 ਦੀ ਕ੍ਰਾਂਤੀ ਤੋਂ ਬਾਅਦ ਫਿਨਲੈਂਡ ਨੇ ਖੁਦ ਨੂੰ ਆਜ਼ਾਦ ਐਲਾਨ ਦਿੱਤਾ ਸੀ। 1906 'ਚ ਮਰਦਾਂ ਤੇ ਔਰਤਾਂ ਦੋਵਾਂ ਨੂੰ ਵੋਟ ਪਾਉਣ ਤੇ ਚੋਣ ਲੜਨ ਦਾ ਅਧਿਕਾਰ ਦਿੱਤਾ ਗਿਆ ਸੀ। ਇਸ ਤਰ੍ਹਾਂ ਫਿਨਲੈਂਡ ਲਿੰਗ ਸਮਾਨਤਾ ਨੂੰ ਅਪਣਾਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਸੀ।