ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-03-2023)
ਰਾਮਕਲੀ ਮਹਲਾ ੧ ॥ ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥ ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ ॥੧॥ ਬਾਬਾ ਗੋਰਖੁ ਜਾਗੈ ॥ ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ ॥੧॥ ਰਹਾਉ ॥
ਰਾਮਕਲੀ ਮਹਲਾ ੧ ॥
ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥ ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ ॥੧॥ ਬਾਬਾ ਗੋਰਖੁ ਜਾਗੈ ॥ ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ ॥੧॥ ਰਹਾਉ ॥ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥ ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥੨॥ ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ॥ ਜੇ ਤਿਨ ਮਿਲਾ ਤ ਕੀਰਤਿ ਆਖਾ ਤਾ ਮਨੁ ਸੇਵ ਕਰੇ ॥੩॥ ਕਾਗਦੁ ਲੂਣੁ ਰਹੈ ਘ੍ਰਿਤ ਸੰਗੇ ਪਾਣੀ ਕਮਲੁ ਰਹੈ ॥ ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮੁ ਕਿਆ ਕਰੈ ॥੪॥੪॥
ਪਦਅਰਥ: ਨੋਟ:ਜੋਗੀ ਗ੍ਰਿਹਸਤੀ ਦੇ ਦਰ ਤੇ ਜਾ ਕੇ ਸਦਾਅ ਕਰਦਾ ਹੈ, ਫਿਰ ਸਿੰਙੀ ਵਜਾਂਦਾ ਹੈ ਤੇ ਝੋਲੀ ਵਿਚ ਭਿੱਛਿਆ ਪਵਾ ਲੈਂਦਾ ਹੈ।
ਸੁਰਤਿ = ਪ੍ਰਭੂ = ਚਰਨਾਂ ਵਿਚ ਧਿਆਨ। ਸਬਦੁ = ਸੱਦ, ਸਦਾਅ, ਜੋਗੀ ਵਾਲੀ ਸਦਾਅ। ਸਾਖੀ = ਸਾਖੀ ਹੋਣਾ, ਪਰਮਾਤਮਾ ਦਾ ਸਾਖਿਆਤ ਦਰਸ਼ਨ ਕਰਨਾ। ਸਿੰਙੀ = ਸਿੰਙ ਦਾ ਵਾਜਾ ਜੋ ਜੋਗੀ ਵਜਾਂਦਾ ਹੈ। ਲੋਕੁ ਸੁਣੇ = (ਜੋ ਪ੍ਰਭੂ) ਸਾਰੇ ਜਗਤ ਨੂੰ ਸੁਣਦਾ ਹੈ, ਜੋ ਪ੍ਰਭੂ ਸਾਰੇ ਜਗਤ ਦੀ ਸਦਾਅ ਸੁਣਦਾ ਹੈ। ਪਤੁ = ਪਾਤ੍ਰ, ਆਪਣੇ ਆਪ ਨੂੰ ਯੋਗ ਪਾਤ੍ਰ ਬਣਾਣਾ। ਕੈ ਤਾਈ = ਵਾਸਤੇ। ਭੀਖਿਆ = ਭਿੱਛਿਆ।੧।ਬਾਬਾ = ਹੇ ਜੋਗੀ! ਜਿਨਿ = ਜਿਸ (ਗੋਰਖ) ਨੇ। ਗੋਇ = ਸ੍ਰਿਸ਼ਟੀ, ਧਰਤੀ। ਉਠਾਲੀ = ਪੈਦਾ ਕੀਤੀ ਹੈ। ਕਰਤੇ = ਪੈਦਾ ਕਰਦੇ ਨੂੰ। ਬਾਰ = ਦੇਰ, ਚਿਰ।੧।ਰਹਾਉ।ਪਾਣੀ ਪਵਣਿ = ਪਾਣੀ ਤੇ ਪਵਣ (ਆਦਿਕ ਤੱਤਾਂ ਦੇ ਸਮੁਦਾਇ) ਵਿਚ। ਬੰਧਿ = ਬੰਨ੍ਹ ਕੇ। ਪ੍ਰਾਣ = ਜਿੰਦਾਂ। ਮੁਖਿ = ਮੁਖੀ। ਦੀਏ = ਦੀਵੇ। ਮਰਣ ਜੀਵਣ ਕਉ = ਵੱਸਣ ਲਈ। ਏਤੇ = ਇਤਨੇ, ਇਹ ਸਾਰੇ।੨।ਸਿਧ = (ਜੋਗ = ਸਾਧਨਾਂ ਵਿਚ) ਪੁੱਗੇ ਹੋਏ ਜੋਗੀ। ਸਾਧਿਕ = ਸਾਧਨ ਕਰਨ ਵਾਲੇ। ਜੰਗਮ = ਸ਼ੈਵਮਤ ਦੇ ਜੋਗੀ ਜੋ ਸਿਰ ਉਤੇ ਸੱਪ ਦੀ ਸ਼ਕਲ ਦੀ ਰੱਸੀ ਅਤੇ ਧਾਤ ਦਾ ਚੰਦ੍ਰਮਾ ਪਹਿਨਦੇ ਹਨ ਤੇ ਕੰਨਾਂ ਵਿਚ ਮੁੰਦ੍ਰਾਂ ਦੀ ਥਾਂ ਪਿੱਤਲ ਦੇ ਫੁੱਲ ਮੋਰ ਦੇ ਖੰਭਾਂ ਨਾਲ ਸਜਾ ਕੇ ਪਾਂਦੇ ਹਨ। ਬਹੁਤੇਰੇ = ਅਨੇਕਾਂ। ਤਿਨ = ਉਹਨਾਂ ਨੂੰ। ਮਿਲਾ = ਮੈਂ ਮਿਲਾਂ। ਕੀਰਤਿ = ਸਿਫ਼ਤਿ-ਸਾਲਾਹ। ਆਖਾ = ਮੈਂ ਆਖਾਂ।੩।ਰਹੈ– ਟਿਕਿਆ ਰਹਿੰਦਾ ਹੈ, ਗਲਦਾ ਨਹੀਂ। ਘ੍ਰਿਤ = ਘਿਉ। ਸੰਗੇ = ਨਾਲ। ਐਸੇ = ਇਸ ਤਰ੍ਹਾਂ। ਕਿਆ ਕਰੈ = ਕੁਝ ਵਿਗਾੜ ਨਹੀਂ ਸਕਦਾ।੪।
ਅਰਥ: ਹੇ ਜੋਗੀ! ਮੈਂ ਭੀ ਗੋਰਖ ਦਾ ਚੇਲਾ ਹਾਂ, ਪਰ ਮੇਰਾ) ਗੋਰਖ (ਸਦਾ ਜੀਊਂਦਾ) ਜਾਗਦਾ ਹੈ। (ਮੇਰਾ) ਗੋਰਖ ਉਹ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਤੇ ਪੈਦਾ ਕਰਦਿਆਂ ਚਿਰ ਨਹੀਂ ਲੱਗਦਾ।੧।ਰਹਾਉ।
(ਜੋ ਪ੍ਰਭੂ ਸਾਰੇ) ਜਗਤ ਨੂੰ ਸੁਣਦਾ ਹੈ (ਭਾਵ, ਸਾਰੇ ਜਗਤ ਦੀ ਸਦਾਅ ਸੁਣਦਾ ਹੈ) ਉਸ ਦੇ ਚਰਨਾਂ ਵਿਚ ਸੁਰਤਿ ਜੋੜਨੀ ਮੇਰੀ ਸਦਾਅ ਹੈ, ਉਸ ਨੂੰ ਆਪਣੇ ਅੰਦਰ ਸਾਖਿਆਤ ਵੇਖਣਾ (ਉਸ ਦੇ ਦਰ ਤੇ) ਮੇਰੀ ਸਿੰਙੀ ਵੱਜ ਰਹੀ ਹੈ। (ਉਸ ਦਰ ਤੋਂ ਭਿੱਛਿਆ) ਮੰਗਣ ਲਈ ਆਪਣੇ ਆਪ ਨੂੰ ਯੋਗ ਪਾਤ੍ਰ ਬਣਾਣਾ ਮੈਂ (ਮੋਢੇ ਉਤੇ) ਝੋਲੀ ਪਾਈ ਹੋਈ ਹੈ, ਤਾ ਕਿ ਮੈਨੂੰ ਨਾਮ-ਭਿੱਛਿਆ ਮਿਲ ਜਾਏ।੧।(ਜਿਸ ਪਰਮਾਤਮਾ ਨੇ) ਪਾਣੀ ਪਉਣ (ਆਦਿਕ ਤੱਤਾਂ) ਵਿਚ (ਜੀਵਾਂ ਦੇ) ਪ੍ਰਾਣ ਟਿਕਾ ਕੇ ਰੱਖ ਦਿੱਤੇ ਹਨ, ਸੂਰਜ ਤੇ ਚੰਦ੍ਰਮਾ ਮੁਖੀ ਦੀਵੇ ਬਣਾਏ ਹਨ, ਵੱਸਣ ਵਾਸਤੇ (ਜੀਵਾਂ ਨੂੰ) ਧਰਤੀ ਦਿੱਤੀ ਹੈ (ਜੀਵਾਂ ਨੇ ਉਸ ਨੂੰ ਭੁਲਾ ਕੇ ਉਸ ਦੇ) ਇਤਨੇ ਉਪਕਾਰ ਵਿਸਾਰ ਦਿੱਤੇ ਹਨ।੨।ਜਗਤ ਵਿਚ ਅਨੇਕਾਂ ਜੰਗਮ ਜੋਗੀ ਪੀਰ ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਅਤੇ ਹੋਰ ਸਾਧਨ ਕਰਨ ਵਾਲੇ ਵੇਖਣ ਵਿਚ ਆਉਂਦੇ ਹਨ, ਪਰ ਮੈਂ ਤਾਂ ਜੇ ਉਹਨਾਂ ਨੂੰ ਮਿਲਾਂਗਾ ਤਾਂ (ਉਹਨਾਂ ਨਾਲ ਮਿਲ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਕਰਾਂਗਾ (ਮੇਰਾ ਜੀਵਨ-ਨਿਸ਼ਾਨਾ ਇਹੀ ਹੈ) ਮੇਰਾ ਮਨ ਪ੍ਰਭੂ ਦਾ ਸਿਮਰਨ ਹੀ ਕਰੇਗਾ।੩।ਜਿਵੇਂ ਲੂਣ ਘਿਉ ਵਿਚ ਪਿਆ ਗਲਦਾ ਨਹੀਂ, ਜਿਵੇਂ ਕਾਗ਼ਜ਼ ਘਿਉ ਵਿਚ ਰੱਖਿਆ ਗਲਦਾ ਨਹੀਂ, ਜਿਵੇਂ ਕੌਲ ਫੁੱਲ ਪਾਣੀ ਵਿਚ ਰਿਹਾਂ ਕੁਮਲਾਂਦਾ ਨਹੀਂ, ਇਸੇ ਤਰ੍ਹਾਂ, ਹੇ ਦਾਸ ਨਾਨਕ! ਭਗਤ ਜਨ ਪਰਮਾਤਮਾ ਦੇ ਚਰਨਾਂ ਵਿਚ ਮਿਲੇ ਰਹਿੰਦੇ ਹਨ, ਜਮ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ।੪।੪।
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!