ਪੜਚੋਲ ਕਰੋ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (04-08-2025)
ਇਹ ਸਰੀਰ ਨਾਸ ਹੋ ਜਾਣ ਵਾਲਾ ਹੈ, ਇਸ ਨੂੰ ਬੁਢੇਪਾ ਆ ਦਬਾਂਦਾ ਹੈ। ਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ, ਉਹ (ਮੋਹ ਵਿਚ ਗ਼ਰਕ ਹੋਣ ਤੋਂ) ਬਚ ਜਾਂਦੇ ਹਨ ਪਰ ਹੋਰ ਜਮਦੇ ਤੇ ਮਰਦੇ ਹਨ। ਹੋਰ ਜਮਦੇ ਤੇ ਮਰਦੇ ਹਨ ਤੇ ਅੰਤ (ਮਰਨ) ਵੇਲੇ ਪਛਤਾਂਦੇ ਹਨ;

ਅੱਜ ਦਾ ਮੁੱਖਵਾਕ
Source : ABPLIVE AI
ਵਡਹੰਸੁ ਮਹਲਾ ੩ ॥
ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ ॥ ਗੁਰਿ ਰਾਖੇ ਸੇ ਉਬਰੇ ਹੋਰੁ ਮਰਿ ਜੰਮੈ ਆਵੈ ਜਾਏ ॥ ਹੋਰਿ ਮਰਿ ਜੰਮਹਿ ਆਵਹਿ ਜਾਵਹਿ ਅੰਤਿ ਗਏ ਪਛੁਤਾਵਹਿ ਬਿਨੁ ਨਾਵੈ ਸੁਖੁ ਨ ਹੋਈ ॥ ਐਥੈ ਕਮਾਵੈ ਸੋ ਫਲੁ ਪਾਵੈ ਮਨਮੁਖਿ ਹੈ ਪਤਿ ਖੋਈ ॥ ਜਮ ਪੁਰਿ ਘੋਰ ਅੰਧਾਰੁ ਮਹਾ ਗੁਬਾਰੁ ਨਾ ਤਿਥੈ ਭੈਣ ਨ ਭਾਈ ॥ ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਈ ॥੧॥
ਜਜਰੀ = ਪੁੱਗਾ, ਨਾਸ ਹੋ ਜਾਣ ਵਾਲਾ। ਇਸ ਨੋ = ਇਸ ਨੂੰ। ਜਰੁ = ਬੁਢੇਪਾ। ਪਹੁਚੈ ਆਏ = ਪਹੁਚੈ ਆਇ, ਆ ਅੱਪੜਦਾ ਹੈ। ਗੁਰਿ = ਗੁਰੂ ਨੇ। ਸੇ = ਉਹ ਮਨੁੱਖ {ਬਹੁ-ਵਚਨ}। ਉਬਰੇ = ਬਚ ਜਾਂਦੇ ਹਨ। ਹੋਰੁ = ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦਾ। ਆਵੈ = ਜੰਮਦਾ ਹੈ। ਜਾਏ = ਮਰਦਾ ਹੈ। ਹੋਰਿ = {ਲਫ਼ਜ਼ 'ਹੋਰੁ' ਦਾ ਬਹੁ-ਵਚਨ} ਹੋਰ, (ਭਾਵ) ਉਹ ਬੰਦੇ ਜੋ ਗੁਰੂ ਦੀ ਸਰਨ ਨਹੀਂ ਆਉਂਦੇ। ਜੰਮਹਿ = ਜੰਮਦੇ ਹਨ। ਆਵਹਿ = ਜੰਮਦੇ ਹਨ। ਜਾਵਹਿ = ਮਰ ਜਾਂਦੇ ਹਨ। ਅੰਤਿ = ਆਖ਼ਰ ਨੂੰ। ਗਏ = ਜਾਂਦੇ ਹੋਏ। ਐਥੈ = ਇਸ ਜਗਤ ਵਿਚ। ਕਮਾਵੈ = (ਮਨੁੱਖ ਜੇਹੜੀ) ਕਰਣੀ ਕਰਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਪਤਿ = ਇੱਜ਼ਤ। ਜਮ ਪੁਰਿ = ਜਮ ਰਾਜ ਦੀ ਪੁਰੀ ਵਿਚ। ਘੋਰ ਅੰਧਾਰੁ = ਘੁੱਪ ਹਨੇਰਾ। ਮਹਾ ਗੁਬਾਰੁ = ਬਹੁਤ ਹਨੇਰਾ। ਤਿਥੈ = ਉਸ ਥਾਂ। ਜਜਰੀ = ਪੁੱਗਾ, ਨਾਸ ਹੋ ਜਾਣ ਵਾਲਾ। ਇਸ ਨੋ = ਇਸ ਨੂੰ। ਜਰੁ = ਬੁਢੇਪਾ। ਪਹੁਚੈ ਆਏ = ਪਹੁਚੈ ਆਇ, ਆ ਅੱਪੜਦਾ ਹੈ ॥੧॥
ਇਹ ਸਰੀਰ ਨਾਸ ਹੋ ਜਾਣ ਵਾਲਾ ਹੈ, ਇਸ ਨੂੰ ਬੁਢੇਪਾ ਆ ਦਬਾਂਦਾ ਹੈ। ਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ, ਉਹ (ਮੋਹ ਵਿਚ ਗ਼ਰਕ ਹੋਣ ਤੋਂ) ਬਚ ਜਾਂਦੇ ਹਨ ਪਰ ਹੋਰ ਜਮਦੇ ਤੇ ਮਰਦੇ ਹਨ। ਹੋਰ ਜਮਦੇ ਤੇ ਮਰਦੇ ਹਨ ਤੇ ਅੰਤ (ਮਰਨ) ਵੇਲੇ ਪਛਤਾਂਦੇ ਹਨ; ਹਰਿ-ਨਾਮ ਤੋਂ ਬਿਨਾ ਆਤਮਕ-ਜੀਵਨ ਦਾ ਸੁੱਖ ਨਹੀਂ ਮਿਲਦਾ। ਇਸ ਲੋਕ ਵਿਚ ਜੀਵ ਜੇਹੜੀ ਕਰਣੀ ਕਮਾਂਦਾ ਹੈ ਉਹੀ ਫਲ ਭੋਗਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ (ਪ੍ਰਭੂ-ਦਰਬਾਰ ਵਿਚ) ਆਪਣੀ ਇੱਜ਼ਤ ਗਵਾ ਲੈਂਦਾ ਹੈ। (ਉਨ੍ਹਾਂ ਲਈ) ਜਮ ਰਾਜ ਦੀ ਪੁਰੀ ਵਿਚ ਵੀ ਘੁੱਪ ਹਨੇਰਾ, ਬਹੁਤ ਹਨੇਰਾ ਹੀ ਬਣਿਆ ਰਹਿੰਦਾ ਹੈ, ਉਥੇ ਭੈਣ ਜਾਂ ਭਰਾ ਕੋਈ ਸਹਾਇਤਾ ਨਹੀਂ ਕਰ ਸਕਦਾ। ਇਹ ਸਰੀਰ ਪੁਰਾਣਾ ਹੋ ਜਾਣ ਵਾਲਾ ਹੈ, ਇਸ ਨੂੰ ਬੁਢੇਪਾ (ਜ਼ਰੂਰ) ਆ ਜਾਂਦਾ ਹੈ ॥੧॥
Follow ਧਰਮ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















