ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰਿਸ਼ਕੇਸ਼ ਤੋਂ ਰਵਾਨਾ ਹੋਇਆ ਸੰਗਤਾਂ ਦਾ ਪਹਿਲਾ ਜੱਥਾ, ਉੱਤਰਾਖੰਡ ਦੇ ਮੁੱਖ ਮੰਤਰੀ ਤੇ ਰਾਜਪਾਲ ਵੀ ਹੋਏ ਸ਼ਾਮਲ
ਰਿਸ਼ੀਕੇਸ਼: ਹਿਮਾਲਿਆ ਦੀਆਂ ਸੱਤ ਖ਼ੂਬਸੂਰਤ ਵਾਦੀਆਂ 'ਚ ਸੁਸ਼ੋਭਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ 22 ਮਈ ਤੋਂ ਸ਼ੁਰੂ ਹੋ ਰਹੀ ਹੈ।
ਪਰਮਜੀਤ ਸਿੰਘ ਦੀ ਰਿਪੋਰਟ
ਰਿਸ਼ੀਕੇਸ਼: ਹਿਮਾਲਿਆ ਦੀਆਂ ਸੱਤ ਖ਼ੂਬਸੂਰਤ ਵਾਦੀਆਂ 'ਚ ਸੁਸ਼ੋਭਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ 22 ਮਈ ਤੋਂ ਸ਼ੁਰੂ ਹੋ ਰਹੀ ਹੈ। ਸਲਾਨਾ ਯਾਤਰਾ ਲਈ ਪਹਿਲਾ ਜਥਾ ਅੱਜ ਰਿਸ਼ੀਕੇਸ਼ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਵਿੱਚ ਵਿਸ਼ੇਸ਼ ਤੌਰ 'ਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੇ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਸ਼ਾਮਲ ਹੋਏ।
ਇਸ ਸਬੰਧੀ 'Abp sanjha' ਨਾਲ ਖਾਸ ਗੱਲਬਾਤ ਕਰਦਿਆਂ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਜਨਕ ਸਿੰਘ ਤੇ ਉਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ ਜੱਥੇ ਦੇ ਰਵਾਨਾ ਹੋਣ ਤੋਂ ਪਹਿਲਾ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਤੋਂ ਉਪਰੰਤ ਕੀਰਤਨ ਸਮਾਗਮ ਹੋਇਆ ਜਿਸ 'ਚ ਸ੍ਰੀ ਹੇਮਕੁੰਟ ਸਾਹਿਬ ਗੁਰਮਤਿ ਸੰਗੀਤ ਬਾਲ ਵਿਦਿਆਲਿਆ ਦੇ ਵਿਦਿਆਰਥੀ ਤੇ ਰਾਗੀ ਜਥੇ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ।
ਬਿੰਦਰਾ ਨੇ ਦੱਸਿਆ ਕਿ ਯਾਤਰਾ ਲਈ ਪ੍ਰਬੰਧਕ ਕਮੇਟੀ ਵਲੋਂ ਸਰਕਾਰ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਲਈ ਲੰਗਰ, ਰਿਹਾਇਸ਼, ਸਿਹਤ ਸੇਵਾਵਾਂ ਤੋਂ ਇਲਾਵਾ ਹੋਰ ਲੋੜੀਂਦੀਆਂ ਸਹੂਲਤਾਂ ਦੇ ਪੁਖ਼ਤਾ ਪ੍ਰਬੰਧਾਂ ਤਹਿਤ ਹਰਿਦੁਆਰ, ਰਿਸ਼ੀਕੇਸ, ਸ੍ਰੀਨਗਰ, ਜੋਸ਼ੀ ਮੱਠ, ਗੋਬਿੰਦ ਘਾਟ ਅਤੇ ਗੋਬਿੰਦ ਧਾਮ ਆਦਿ ਸਥਾਨਾਂ ਵਿਖੇ ਬਣਾਈਆਂ ਗਈਆਂ ਸਰਾਵਾਂ ’ਚ ਟਰੱਸਟ ਵਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ 24 ਘੰਟੇ ਸੰਗਤ ਦੀ ਸੇਵਾ 'ਚ ਹਾਜ਼ਰ ਰਹਿਣਗੀਆਂ।
ਉਨ੍ਹਾਂ ਦੱਸਿਆ ਕਿ ਗੋਬਿੰਦਘਾਟ ਜ਼ਿਲ੍ਹਾ ਚਮੋਲੀ ਤੋਂ ਸ਼ੁਰੂ ਹੋਣ ਵਾਲੀ ਪੈਦਲ ਯਾਤਰਾ 'ਚ ਹੈਲੀਕਾਪਟਰ, ਘੋੜੇ-ਖੱਚਰ ਤੇ ਡਾਂਡੀ- ਕਾਂਡੀ ਦੀਆਂ ਸਹੂਲਤਾਂ ਦੀ ਸੁਵਿਧਾ ਹੋਵੇਗੀ। ਉਨ੍ਹਾਂ ਦਾਅਵਾ ਕਰਦਿਆਂ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਹੀ ਅਜਿਹੀ ਇਕਲੌਤੀ ਸੰਸਥਾ ਹੈ, ਜੋ 300 ਕਿਲੋਮੀਟਰ ਦੀ ਇਸ ਯਾਤਰਾ ਦੌਰਾਨ ਸੰਗਤ ਨੂੰ ਹਰ ਲੋੜੀਂਦੀ ਸੁਵਿਧਾ ਮੁਹਈਆ ਕਰਵਾਉਂਦੀ ਹੈ।
- ਜਲਦ ਬਣੇਗਾ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰੋਪਵੇਅ
ਬਿੰਦਰਾ ਨੇ ਵਿਸ਼ੇਸ਼ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਰੁਚੀ ਲੈ ਕੇ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰੋਪਵੇਅ ਦੀ ਮਨਜ਼ੂਰੀ ਦਿੱਤੀ ਹੈ ਜਿਸ ਨਾਲ ਸਿਰਫ ਅੱਧੇ ਘੰਟੇ 'ਚ ਹੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਕੇ ਸ਼ਰਧਾਲੂ ਵਾਪਸ ਪਰਤ ਸਕਣਗੇ
ਇਹ ਪ੍ਰਾਜੈਕਟ ਕਰੀਬ 7500 ਕਰੋੜ ਰੁਪਏ ਦਾ ਹੋਵੇਗਾ ਜਿਸ ਦਾ ਕੰਮ ਵੀ ਬਹੁਤ ਜਲਦ ਸਰਕਾਰ ਵੱਲੋਂ ਸ਼ੁਰੂ ਕਰ ਦਿੱਤਾ ਜਾਵੇਗਾ।