Hemkund Sahib Yatra 2023: ਸਵਾ ਦੋ ਲੱਖ ਸ਼ਰਧਾਲੂ ਪਹੁੰਚੇ ਸ੍ਰੀ ਹੇਮਕੁੰਟ ਸਾਹਿਬ, 11 ਅਕਤੂਬਰ ਤੋਂ ਕਿਵਾੜ ਬੰਦ
Hemkund Sahib Yatra: ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਨੇ ਸਾਲਾਨਾ ਯਾਤਰਾ ਦੀ ਸਮਾਪਤੀ 11 ਅਕਤੂਬਰ ਨੂੰ ਕਰਨ ਦਾ ਫ਼ੈਸਲਾ ਕੀਤਾ ਹੈ।
Hemkund Sahib Yatra 2023: ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਅਕਤੂਬਰ ਮਹੀਨੇ ਵਿੱਚ ਖਤਮ ਹੋਣ ਜਾ ਰਹੀ ਹੈ। ਸੰਗਤਾਂ ਵਾਸਤੇ 11 ਅਕਤੂਬਰ ਨੂੰ ਗੁਰਦੁਆਰੇ ਦੇ ਕਿਵਾੜ ਬੰਦ ਕਰ ਦਿੱਤੇ ਜਾਣਗੇ। ਇਹ ਯਾਤਰਾ ਇਸ ਸਾਲ 20 ਮਈ ਨੂੰ ਸ਼ੁਰੂ ਹੋਈ ਸੀ। ਹੁਣ ਤੱਕ ਲਗਪਗ ਸਵਾ ਦੋ ਲੱਖ ਯਾਤਰੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਨੇ ਸਾਲਾਨਾ ਯਾਤਰਾ ਦੀ ਸਮਾਪਤੀ 11 ਅਕਤੂਬਰ ਨੂੰ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਸਰਕਾਰ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਕੀਤਾ ਗਿਆ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਜਿਹੜੇ ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹਨ, ਉਹ ਸਮਾਪਤੀ ਦੀ ਮਿਤੀ ਨੂੰ ਧਿਆਨ ਵਿੱਚ ਰੱਖ ਕੇ ਯਾਤਰਾ ਦਾ ਪ੍ਰੋਗਰਾਮ ਬਣਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ਵੇਲੇ ਉੱਤਰਾਖੰਡ ਵਿੱਚ ਮੌਸਮ ਸਾਫ਼ ਹੈ ਤੇ ਯਾਤਰਾ ਵਧੀਆ ਢੰਗ ਨਾਲ ਚੱਲ ਰਹੀ। ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਵੱਖ-ਵੱਖ ਤਰ੍ਹਾਂ ਦੇ ਫੁੱਲ ਵੀ ਖਿੜ੍ਹੇ ਹੋਏ ਹਨ। ਮੌਸਮ ਸਾਫ਼ ਤੇ ਸੁਹਾਵਣਾ ਹੈ ਪਰ ਠੰਢ ਵਿੱਚ ਵਾਧਾ ਹੋਇਆ ਹੈ। ਗੁਰਦੁਆਰਾ ਸ੍ਰੀ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਅੱਜ ਕੱਲ੍ਹ ਸ਼ਰਧਾਲੂਆਂ ਦੀ ਗਿਣਤੀ ਵਿੱਚ ਮੁੜ ਵਾਧਾ ਹੋਇਆ ਤੇ ਰੋਜ਼ਾਨਾ ਔਸਤਨ 700 ਤੋਂ 800 ਸ਼ਰਧਾਲੂ ਆ ਰਹੇ ਹਨ। ਜਦਕਿ ਪਿਛਲੇ ਦਿਨੀਂ ਬਰਸਾਤਾਂ ਤੇ ਪੰਜਾਬ ਵਿੱਚ ਹੜ੍ਹਾਂ ਦੌਰਾਨ ਯਾਤਰੂਆਂ ਗਿਣਤੀ ’ਚ ਕਮੀ ਆਈ ਸੀ।
ਉਨ੍ਹਾਂ ਖੁਲਾਸਾ ਕੀਤਾ ਕਿ ਗ਼ੈਰ-ਸਰਕਾਰੀ ਅੰਕੜਿਆਂ ਦੇ ਮੁਤਾਬਕ ਹੁਣ ਤੱਕ ਲਗਪਗ ਸਵਾ ਦੋ ਲੱਖ ਯਾਤਰੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ ਜਦੋਂਕਿ ਪਿਛਲੇ ਵਰ੍ਹੇ ਯਾਤਰਾ ਦੌਰਾਨ ਲਗਪਗ ਢਾਈ ਲੱਖ ਯਾਤਰੂਆਂ ਨੇ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ ਸਨ। ਉਨ੍ਹਾਂ ਦੱਸਿਆ ਕਿ 11 ਅਕਤੂਬਰ ਨੂੰ ਦੁਪਹਿਰ ਦੀ ਅਰਦਾਸ ਤੋਂ ਬਾਅਦ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਵਾਸਤੇ ਇਸ ਸਾਲ ਦੀ ਯਾਤਰਾ ਲਈ ਬੰਦ ਕਰ ਦਿੱਤੇ ਜਾਣਗੇ। ਗੁਰਮਤਿ ਰਵਾਇਤ ਮੁਤਾਬਕ ਸਮਾਪਤੀ ਸਮਾਗਮ ਵੀ ਕੀਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।