(Source: ECI/ABP News/ABP Majha)
ਦੇਸ਼ 'ਚ ਪੈਦਾ ਹੋਏ ਨਫਰਤੀ ਮਾਹੌਲ 'ਚ ਸਿੱਖ ਭਾਈਚਾਰੇ ਦੀ ਵੱਡੀ ਪਹਿਲ, ਮੁਸਲਮਾਨਾਂ ਨੂੰ ਗੁਰਦੁਆਰਿਆਂ 'ਚ ਨਮਾਜ਼ ਅਦਾ ਕਰਨ ਦਾ ਸੱਦਾ
ਸਿੱਖਾਂ ਨੇ ਖੁੱਲ੍ਹੇ ਵਿੱਚ ਨਮਾਜ਼ ਦੇ ਭਾਰੀ ਵਿਰੋਧ ਤੋਂ ਬਾਅਦ ਮੁਸਲਿਮ ਭਾਈਚਾਰੇ ਨੂੰ ਗੁਰਦੁਆਰਾ ਸਾਹਿਬ 'ਚ ਨਮਾਜ਼ ਅਦਾ ਕਰਨ ਦਾ ਸੱਦਾ ਦਿੱਤਾ ਹੈ।
ਗੁਰੂਗ੍ਰਾਮ: ਦੇਸ਼ ਵਿੱਚ ਪੈਦਾ ਹੋਏ ਨਫਰਤ ਦੇ ਮਾਹੌਲ ਵਿੱਚ ਸਿੱਖ ਭਾਈਚਾਰੇ ਨੇ ਸਾਂਝੀਵਾਲਤਾ ਦਾ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਸਿੱਖਾਂ ਨੇ ਖੁੱਲ੍ਹੇ ਵਿੱਚ ਨਮਾਜ਼ ਦੇ ਭਾਰੀ ਵਿਰੋਧ ਤੋਂ ਬਾਅਦ ਮੁਸਲਿਮ ਭਾਈਚਾਰੇ ਨੂੰ ਗੁਰਦੁਆਰਾ ਸਾਹਿਬ 'ਚ ਨਮਾਜ਼ ਅਦਾ ਕਰਨ ਦਾ ਸੱਦਾ ਦਿੱਤਾ ਹੈ। ਗੁਰੂਗ੍ਰਾਮ ਦੀ ਗੁਰਦੁਆਰਾ ਸਿੰਘ ਸਭਾ ਕਮੇਟੀ ਨੇ ਕਿਹਾ ਹੈ ਕਿ ਜੇਕਰ ਮੁਸਲਿਮ ਭਰਾ ਚਾਹੁਣ ਤਾਂ ਸ਼ਹਿਰ ਦੇ ਗੁਰਦੁਆਰਿਆਂ ਵਿੱਚ ਆ ਕੇ ਨਮਾਜ਼ ਅਦਾ ਕਰ ਸਕਦੇ ਹਨ। ਇਸ ਗੱਲ ਦੀ ਸੋਸ਼ਲ ਮੀਡੀਆ ਉੱਪਰ ਖੂਬ ਪ੍ਰਸੰਸਾ ਹੋ ਰਹੀ ਹੈ।
ਇਸ ਗੁਰਦੁਆਰਾ ਕਮੇਟੀ ਅਧੀਨ 5 ਗੁਰਦੁਆਰੇ ਸਦਰ ਬਾਜ਼ਾਰ ਸਬਜ਼ੀ ਮੰਡੀ, ਸੈਕਟਰ 39, ਸੈਕਟਰ 46, ਜੈਕਬਪੁਰਾ ਤੇ ਮਾਡਲ ਟਾਊਨ ਆਉਂਦੇ ਹਨ। ਗੁਰਦੁਆਰਿਆਂ ਦੀ ਕਮੇਟੀ ਨਾਲ ਜੁੜੇ ਹੈਰੀ ਸਿੰਧੂ ਨੇ ਇੱਕ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ, ''ਖੁੱਲ੍ਹੇ 'ਚ ਨਮਾਜ਼ ਅਦਾ ਕਰਨ ਦਾ ਵਿਰੋਧ ਪ੍ਰੇਸ਼ਾਨ ਕਰਨ ਵਾਲਾ ਹੈ। ਜੇਕਰ ਮੁਸਲਮਾਨਾਂ ਨੂੰ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰਨ 'ਚ ਮੁਸ਼ਕਲ ਆ ਰਹੀ ਹੈ ਤਾਂ ਉਨ੍ਹਾਂ ਦਾ ਸਵਾਗਤ ਹੈ, ਸਾਡੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ"।
ਗੁਰਦੁਆਰਾ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ਼ੇਰਦਿਲ ਸਿੰਘ ਸੰਧੂ ਨੇ ਕਿਹਾ ਕਿ "ਮੁਸਲਿਮ ਭਾਈਚਾਰੇ ਨੂੰ ਥਾਂ ਦੀ ਘਾਟ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਉਹ ਸ਼ੁੱਕਰਵਾਰ ਦੀ ਨਮਾਜ਼ ਲਈ ਸਾਡੇ ਪੰਜ ਗੁਰਦੁਆਰਿਆਂ ਵਿੱਚ ਆ ਸਕਦੇ ਹਨ। ਸਾਰੇ ਧਰਮ ਇੱਕ ਹਨ ਤੇ ਸਾਨੂੰ ਮਾਨਵਤਾ ਤੇ ਮਨੁੱਖੀ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਹੈ"।
ਗੁਰੂਗ੍ਰਾਮ ਦੇ ਸਦਰ ਬਾਜ਼ਾਰ ਗੁਰਦੁਆਰਾ ਸਾਹਿਬ ਨੂੰ ਨਮਾਜ਼ੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਹੇਮਕੁੰਟ ਫਾਊਂਡੇਸ਼ਨ ਨਾਲ ਜੁੜੇ ਹਰਤੀਰਥ ਸਿੰਘ ਨੇ ਬੁੱਧਵਾਰ ਨੂੰ ਟਵੀਟ ਕੀਤਾ, ''ਸਦਰ ਬਾਜ਼ਾਰ ਗੁਰਦੁਆਰਾ ਹੁਣ ਮੁਸਲਿਮ ਭਰਾਵਾਂ ਲਈ ਖੋਲ੍ਹ ਦਿੱਤਾ ਗਿਆ ਹੈ। ਸ਼ਹਿਰ ਵਿੱਚ ਹਾਲ ਹੀ ਵਿਚ ਹੋਈਆਂ ਘਟਨਾਵਾਂ ਦੇ ਮੱਦੇਨਜ਼ਰ ਉਹ ਇੱਥੇ ਹਰ ਰੋਜ਼ ਨਮਾਜ਼ ਅਦਾ ਕਰ ਸਕਦੇ ਹਨ"। ਸਿੰਘ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜੇਪੀ ਸਿੰਘ ਨੇ ਕਿਹਾ ਕਿ ਉਹ ਪ੍ਰਮਾਤਮਾ ਦੀ ਏਕਤਾ ਵਿਚ ਵਿਸ਼ਵਾਸ ਰੱਖਦੇ ਹਨ ਤੇ ਸਿੱਖ ਭਾਈਚਾਰਾ ਹਰ ਕਿਸੇ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਉਹਨਾਂ ਕਿਹਾ, "ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਲਈ ਸਾਰਿਆਂ ਦਾ ਸੁਆਗਤ ਹੈ"।
ਗੁਰਦੁਆਰਾ ਐਸੋਸੀਏਸ਼ਨ ਦੀ ਪਹਿਲਕਦਮੀ ਦਾ ਸੁਆਗਤ ਕਰਦਿਆਂ ਮੁਸਲਿਮ ਰਾਸ਼ਟਰੀ ਮੰਚ ਦੇ ਚੇਅਰਮੈਨ ਖੁਰਸ਼ੀਦ ਰਜਾਕਾ ਨੇ ਕਿਹਾ ਕਿ ਇਸ ਨਾਲ ਸ਼ਾਂਤੀ ਤੇ ਸਦਭਾਵਨਾ ਕਾਇਮ ਕਰਨ ਵਿਚ ਮਦਦ ਮਿਲੇਗੀ। ਰਜਾਕਾ ਨੇ ਕਿਹਾ, "ਹਰ ਕਿਸੇ ਨੂੰ ਸਿੱਖ ਭਾਈਚਾਰੇ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਬਿਨ੍ਹਾਂ ਕਿਸੇ ਵਿਰੋਧ ਦੇ ਆਪਣੀਆਂ ਧਾਰਮਿਕ ਗਤੀਵਿਧੀਆਂ ਕਰਨ ਵਿਚ ਮਦਦ ਕਰਨੀ ਚਾਹੀਦੀ ਹੈ," ਰਜਾਕਾ ਨੇ ਕਿਹਾ ਕਿ ਅਤੀਤ ਵਿਚ ਵੀ ਅਜਿਹੀਆਂ ਉਦਾਹਰਣਾਂ ਹਨ ਜਦੋਂ ਮੁਸਲਮਾਨਾਂ ਨੇ ਦੂਜੇ ਭਾਈਚਾਰਿਆਂ ਦੇ ਧਾਰਮਿਕ ਸਥਾਨਾਂ 'ਤੇ ਨਮਾਜ਼ ਅਦਾ ਕੀਤੀ ਹੈ।
ਇਸ ਤੋਂ ਪਹਿਲਾਂ ਗੁਰੂਗ੍ਰਾਮ ਵਿਚ ਵੀ ਇਕ ਨੌਜਵਾਨ ਨੇ ਨਮਾਜ਼ ਅਦਾ ਕਰਨ ਲਈ ਆਪਣੀ ਦੁਕਾਨ ਦੇ ਦਿੱਤੀ। ਅਕਸ਼ੇ ਰਾਓ ਨਾਮ ਦੇ ਵਿਅਕਤੀ ਦੀਆਂ ਮਕੈਨਿਕ ਮਾਰਕੀਟ ਵਿਚ ਕਈ ਦੁਕਾਨਾਂ ਹਨ। ਉਸ ਨੇ ਇਨ੍ਹਾਂ 'ਚੋਂ ਇਕ ਦੁਕਾਨ ਮੁਸਲਿਮ ਭਾਈਚਾਰੇ ਨੂੰ ਨਮਾਜ਼ ਅਦਾ ਕਰਨ ਲਈ ਦਿੱਤੀ ਹੈ। ਸਿੱਖਾਂ ਨੇ ਇਸ ਫੈਸਲੇ ਨਾਲ ਇਕ ਵਾਰ ਫਿਰ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ ਹੈ। ਇਨ੍ਹਾਂ ਖ਼ਬਰਾਂ ਤੋਂ ਬਾਅਦ ਟਵਿਟਰ 'ਤੇ ਵੀ ਸਿੱਖ ਟਰੈਂਡਿੰਗ ਵਿਚ ਆ ਗਏ ਹਨ।