Sri Guru Harkrishan Sahib Ji Prakash Purb: ‘ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ॥’, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਜਾਣੋ ਪਵਿੱਤਰ ਇਤਿਹਾਸ
Guru Harkrishan Sahib Ji Prakash Purb: ਅੱਜ ਪੂਰੀ ਸਿੱਖ ਕੌਮ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀ ਹੈ। ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਦਿਹਾੜੇ ਦੇ ਮੌਕੇ 'ਤੇ ਸਿੱਖ ਕੌਮ ਨੂੰ ਵਧਾਈ ਦਿੱਤੀ ਹੈ।
Guru Harkrishan Sahib Ji Prakash Purb: ਅੱਜ ਪੂਰੀ ਸਿੱਖ ਕੌਮ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀ ਹੈ। ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਦਿਹਾੜੇ ਦੇ ਮੌਕੇ 'ਤੇ ਸਿੱਖ ਕੌਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਐਕਸ 'ਤੇ ਵਧਾਈ ਦਿੰਦਿਆਂ ਹੋਇਆਂ ਲਿਖਿਆ, "ਸੇਵਾ ਦੀ ਮੂਰਤ, ਦਰਦ ਨਿਵਾਰਕ, ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ...।"
ਸੇਵਾ ਦੀ ਮੂਰਤ, ਦਰਦ ਨਿਵਾਰਕ, ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ... pic.twitter.com/V3i038jBsR
— Bhagwant Mann (@BhagwantMann) July 29, 2024
ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਸੱਤਵੇਂ ਪਾਤਿਸ਼ਾਹ ਸਾਹਿਬ ਸ੍ਰੀਗੁਰੂ ਹਰਿ ਰਾਇ ਜੀ ਦੇ ਗ੍ਰਹਿ ਵਿਖੇ 1656 ਈਸਵੀਂ ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ‘ਬਾਲ ਗੁਰੂ’ ਜਾਂ ਫਿਰ ‘ਬਾਲਾ ਪ੍ਰੀਤਮ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਪ ਗੁਰੂ ਨਾਨਕ ਜੀ ਦੁਆਰਾ ਚਲਾਏ ਗਏ ਨਿਰਮਲ ਪੰਥ ਦੇ ਅੱਠਵੇਂ ਗੁਰੂ ਸਨ।
ਆਪ ਜੀ ਦੇ ਪਿਤਾ ਗੁਰੂ ਹਰਿਰਾਏ ਸਾਹਿਬ, ਜੋ ਬਾਬਾ ਗੁਰਦਿੱਤਾ ਜੀ ਦੇ ਬੇਟੇ ਅਤੇ ਸਿੱਖ ਧਰਮ ਦੇ ਸੱਤਵੇਂ ਗੁਰੂ ਸਾਹਿਬ ਹਨ। ਕਿਹਾ ਜਾਂਦਾ ਹੈ ਕਿ ਸਤਿਗੁਰਾਂ ਜੀ ਦੇ ਪਾਵਨ ਆਗਮਨ ਨੇ ਪੂਰੀ ਕਾਇਨਾਤ ਨੂੰ ਆਪਣੀਆਂ ਪਾਵਨ ਬਖਸ਼ਿਸ਼ਾ ਦੇ ਨਾਲ ਨਿਵਾਜਿਆ। ਸਭ ਦੀਆਂ ਖੁਸ਼ੀਆਂ ਝੋਲੀਆਂ ਨਾਲ ਭਰ ਦਿੱਤੀਆਂ। ਗੁਰੂ ਹਰਿਕ੍ਰਿਸ਼ਨ ਕਿਸ਼ਨ ਸਾਹਿਬ ਜੀ ਦਾ ਚਿਹਰਾ ਮਨਮੋਹਨਾ ਤੇ ਹਿਰਦਾ ਕੋਮਲ ਸੀ।
ਇਤਿਹਾਸ ਅਨੂਸਾਰ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰੂ ਨਾਨਕ ਦੀ ਗੁਰਤਾਗੱਦੀ ਦਾ ਅਗਲਾ ਵਾਰਸ ਐਲਾਨ ਦਿੱਤਾ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਦੂਸਰੇ ਪੁੱਤਰ ਸਨ। ਪਹਿਲਾ ਪੁੱਤਰ ਰਾਮ ਰਾਇ ਗੁਰੂ ਮਰਿਆਦਾ ਤੋਂ ਥਿੜਕ ਗਿਆ ਸੀ ਅਤੇ ਉਸ ਨੇ ਗੁਰਬਾਣੀ ਦੀ ਤੁਕ ਨਿੱਜੀ ਸੁਆਰਥ ਅਤੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਬਦਲ ਦਿੱਤੀ ਸੀ। ਜਿਸ ਤੋਂ ਨਾਰਾਜ਼ਗੀ ਜ਼ਾਹਿਰ ਕਰਦਿਆਂ ਗੁਰੂ ਹਰਿ ਰਾਇ ਸਾਹਿਬ ਨੇ ਉਸ ਨੂੰ ਸਿੱਖੀ ਵਿਚੋਂ ਸਦਾ ਲਈ ਖਾਰਜ ਕਰ ਦਿੱਤਾ।
ਰਾਮਰਾਇ ਦੇਹਰਾਦੂਨ ਚਲਾ ਗਿਆ
ਉਨ੍ਹਾਂ ਨੂੰ ਕਹਿ ਦਿੱਤਾ ਕਿ ਉਹ ਦੁਬਾਰਾ ਗੁਰੂ ਸਾਹਿਬ ਦੇ ਮੱਥੇ ਨਾ ਲੱਗਣ ਤਾਂ ਰਾਮਰਾਇ ਦੇਹਰਾਦੂਨ ਚਲਾ ਗਿਆ। ਜਿੱਥੇ ਕਿ ਔਰੰਗਜ਼ੇਬ ਨੇ ਉਨ੍ਹਾਂ ਨੂੰ ਜਗੀਰ ਬਖਸ਼ ਦਿੱਤੀ। ਦੇਹਰਾਦੂਨ ਦੀਆਂ ਖੁੱਲ੍ਹੀਆਂ ਆਬਾਦੀਆਂ ਵਿਚ ਰਾਮ ਰਾਇ ਜੀ ਨੇ ਆਪਣਾ ਡੇਰਾ ਬਣਾ ਲਿਆ ਪ੍ਰੰਤੂ ਮਨ ਦੇ ਵਿਚ ਇਸ ਗੱਲ ਪ੍ਰਤੀ ਰੋਸ ਸੀ ਕਿ ਗੁਰਗੱਦੀ ਉਨ੍ਹਾਂ ਨੂੰ ਕਿਉਂ ਨਹੀਂ ਦਿੱਤੀ ਗਈ। ਇਸ ਲਈ ਉਨ੍ਹਾਂ ਨੇ ਆਪਣੇ ਭਰਾ ਦੇ ਵਿਰੁੱਧ ਬਾਦਸ਼ਾਹ ਔਰੰਗਜ਼ੇਬ ਕੋਲ ਸ਼ਿਕਾਇਤ ਵੀ ਕੀਤੀ। ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਕਾਫੀ ਸੁਣ ਰੱਖਿਆ ਸੀ।
ਔਰੰਗਜ਼ੇਬ ਗੁਰੂ ਸਾਹਿਬ ਜੀ ਦੀ ਵਧਦੀ ਜਾ ਰਹੀ ਲੋਕਪ੍ਰਿਅਤਾ ਤੋਂ ਕਾਫ਼ੀ ਚਿੰਤਿਤ ਸੀ ਇਸ ਲਈ ਉਸ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਾਵਾ ਭੇਜਿਆ। ਵੈਸੇ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਸੀ ਕਿ ਗੁਰੂ ਜੀ ਉਨ੍ਹਾਂ ਦੇ ਬੁਲਾਵੇ 'ਤੇ ਨਹੀਂ ਆਉਣਗੇ ਇਸ ਲਈ ਔਰੰਗਜ਼ੇਬ ਨੇ ਅੰਬੇਰ ਦੇ ਰਾਜਾ ਜੈ ਸਿੰਘ ਨੂੰ ਇਹ ਕੰਮ ਸੌਂਪਿਆ ਕਿ ਉਹ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਵਿਖੇ ਲੈ ਕੇ ਆਉਣ। ਜਦੋਂ ਰਾਜਾ ਜੈ ਸਿੰਘ ਦਾ ਇਕ ਦੂਤ ਗੁਰੂ ਸਾਹਿਬ ਜੀ ਕੋਲ ਇਹ ਸੁਨੇਹਾ ਲੈ ਕੇ ਪੁੱਜਾ ਤਾਂ ਇੱਕ ਵਾਰ ਤਾਂ ਗੁਰੂ ਜੀ ਨੇ ਇਨਕਾਰ ਕਰ ਦਿੱਤਾ। ਅਸਲ ਵਿਚ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਦੇਣ ਸਮੇਂ ਇਹ ਤਾਕੀਦ ਕੀਤੀ ਸੀ ਕਿ ਔਰੰਗਜ਼ੇਬ ਜੇਕਰ ਦਿੱਲੀ ਬੁਲਾਵੇ ਤਾਂ ਬਿਲਕੁਲ ਵੀ ਉਸ ਦੇ ਮੱਥੇ ਨਹੀਂ ਲੱਗਣਾ।
ਇਸੇ ਗੱਲ ਨੂੰ ਜ਼ਿਹਨ ਵਿਚ ਰੱਖਦਿਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਦਿੱਲੀ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਰਾਜਾ ਜੈ ਸਿੰਘ ਵੱਲੋਂ ਵਾਰ ਵਾਰ ਆ ਰਹੀਆਂ ਬੇਨਤੀਆਂ ਅਤੇ ਦਿੱਲੀ ਦੀ ਸੰਗਤ ਦੇ ਸਤਿਕਾਰ ਨੂੰ ਵੇਖਦਿਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਜਾਣ ਦਾ ਫ਼ੈਸਲਾ ਕਰ ਲਿਆ। ਨਾਲ ਹੀ ਕਿਹਾ ਕਿ ਉਹ ਦਿੱਲੀ ਤਾਂ ਜਾਣਗੇ ਪਰ ‘ਨਹਿ ਮਲੇਛ ਕੋ ਦਰਸ਼ਨ ਦੇ ਹੈਂ। ਨਹਿ ਮਲੇਛ ਕਾ ਦਰਸ਼ਨ ਲੈ ਹੈਂ।’ ਕਿ ਨਾ ਤਾਂ ਉਹ ਔਰੰਗਜ਼ੇਬ ਦੇ ਮੱਥੇ ਲੱਗੇ ਤੇ ਨਾ ਹੀ ਉਸ ਨੂੰ ਦਰਸ਼ਨ ਦੇਣਗੇ। ਇਹ ਕਹਿੰਦੇ ਹੋਏ ਗੁਰੂ ਸਾਹਿਬ ਰੋਪੜ, ਬਨੂੜ, ਪੰਜੋਖਰਾ ਸਾਹਿਬ (ਅੰਬਾਲਾ) ਆਦਿ ਥਾਵਾਂ ਨੂੰ ਹੁੰਦੇ ਹੋਏ ਦਿੱਲੀ ਵੱਲ ਰਵਾਨਾ ਹੋ ਗਏ।
ਪੰਜੋਖਰਾ ਸਾਹਿਬ ਪਹੁੰਚੇ ਤਾਂ...
ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਅੰਬਾਲਾ ਦੇ ਨੇੜੇ ਪੰਜੋਖਰਾ ਸਾਹਿਬ ਪਿੰਡ ਵਿਚ ਪਹੁੰਚੇ ਤਾਂ ਉਥੇ ਪੇਸ਼ਾਵਰ, ਕਾਬੁਲ ਅਤੇ ਕਸ਼ਮੀਰ ਤੋਂ ਵੱਡੀ ਗਿਣਤੀ ਵਿਚ ਸੰਗਤ ਅੱਗਿਓਂ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਵਿਚ ਆਈ ਹੋਈ ਸੀ। ਸੰਗਤ ਨੇ ਗੁਰੂ ਜੀ ਨੂੰ ਇੱਕ ਰਾਤ ਇੱਥੇ ਹੀ ਰੁਕਣ ਲਈ ਬੇਨਤੀ ਕੀਤੀ ਤਾਂ ਇਹ ਬੇਨਤੀ ਸਵੀਕਾਰ ਹੋ ਗਈ। ਗੁਰੂ ਸਾਹਿਬ ਜੀ ਦਾ ਸ਼ਾਹੀ ਸਤਿਕਾਰ ਅਤੇ ਠਾਠ ਬਾਠ ਵੇਖ ਕੇ ਪੰਜੋਖਰੇ ਦਾ ਹੀ ਇਕ ਨਿਵਾਸੀ ਪੰਡਤ ਲਾਲ ਚੰਦ ਮਨ ਹੀ ਮਨ ਵਿਚ ਬਹੁਤ ਕ੍ਰੋਧਿਤ ਹੋਇਆ। ਉਹ ਈਰਖਾ ਦੀ ਅੱਗ ਵਿਚ ਸੜਨ ਲੱਗਾ।
ਉਸ ਨੇ ਪੁੱਛਿਆ ਕਿ ਇਸ ਬਾਲਕ ਦਾ ਨਾਂ ਕੀ ਹੈ ਤਾਂ ਸੰਗਤਾਂ ਨੇ ਦੱਸਿਆ ਕਿ ਇਹ ਬਾਲਕ ਨਹੀਂ ਸਗੋਂ ਸਿੱਖਾਂ ਦੇ ਅੱਠਵੇਂ ਗੁਰੂ ਹਨ। ਇਨ੍ਹਾਂ ਦਾ ਨਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਹੈ। ਪੰਡਤ ਲਾਲ ਚੰਦ ਗੁੱਸੇ ਵਿਚ ਅੱਗ ਬਬੂਲਾ ਹੋਇਆ ਕਹਿਣ ਲੱਗਾ ਕਿ ਸਾਡੇ ਕ੍ਰਿਸ਼ਨ ਭਗਵਾਨ ਨੇ ਗੀਤਾਂ ਦੀ ਰਚਨਾ ਕੀਤੀ ਸੀ ਪ੍ਰੰਤੂ ਇਹ ਕੱਲ੍ਹ ਦਾ ਬੱਚਾ ਆਪਣਾ ਨਾਂ ਹਰਿਕ੍ਰਿਸ਼ਨ ਰਖਵਾਈ ਬੈਠਾ ਹੈ। ਉਹ ਗੁਰੂ ਸਾਹਿਬ ਜੀ ਦੇ ਕੋਲ ਆ ਗਿਆ। ਗੁਰੂ ਸਾਹਿਬ ਜੀ ਉਸ ਦੇ ਮਨ ਦੀ ਗੱਲ ਬੁੱਝ ਗਏ ਅਤੇ ਉਸਦਾ ਨਾਂ ਲੈ ਕੇ ਬੁਲਾਇਆ ਕਿ ਆਓ ਲਾਲ ਚੰਦ ਜੀ ਬੈਠੋ।
ਛੱਜੂ ਤੋਂ ਕਰਵਾਏ ਸੀ ਗੀਤਾ ਦੇ ਅਰਥ
ਉਸ ਨੇ ਗੁਰੂ ਜੀ ਅੱਗੇ ਸ਼ੰਕਾ ਪ੍ਰਗਟ ਕੀਤੀ ਕਿ ਕੀ ਉਹ ਗੀਤਾ ਦੇ ਅਰਥ ਕਰਕੇ ਸੁਣਾ ਸਕਦੇ ਹਨ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਕਿ ਆਪਣੇ ਪਿੰਡ ਵਿਚੋਂ ਕਿਸੇ ਵੀ ਵਿਅਕਤੀ ਨੂੰ ਲੈ ਆਓ, ਉਸ ਦੇ ਕੋਲੋਂ ਹੀ ਗੀਤਾ ਦੇ ਅਰਥ ਕਰਵਾ ਦਿਆਂਗੇ। ਉਸ ਪਿੰਡ ਵਿਚ ਛੱਜੂ ਨਾਂ ਦਾ ਇੱਕ ਗੂੰਗਾ ਵਿਅਕਤੀ ਰਹਿੰਦਾ ਸੀ । ਲਾਲ ਚੰਦ ਛੱਜੂ ਜੀ ਨੂੰ ਗੁਰੂ ਜੀ ਦੇ ਅੱਗੇ ਲੈ ਆਏ। ਉਸ ਨੂੰ ਪਤਾ ਸੀ ਕਿ ਇਹ ਨਾ ਬੋਲ ਸਕਦਾ ਹੈ ਤੇ ਨਾ ਇਸ ਨੂੰ ਸੁਣਦਾ ਹੈ ਪਰ ਫਿਰ ਵੀ ਉਹ ਛੱਜੂ ਨੂੰ ਗੁਰੂ ਜੀ ਦੇ ਕੋਲ ਲੈ ਆਏ ਤਾਂ ਜੋ ਗੁਰੂ ਜੀ ਦੀ ਪਰਖ ਕਰ ਸਕੇ। ਗੁਰੂ ਜੀ ਨੇ ਛੱਜੂ ਨੂੰ ਨੇੜੇ ਹੀ ਇਕ ਛੱਪੜ ਵਿਚ ਇਸ਼ਨਾਨ ਕਰਵਾ ਕੇ ਸਵੱਛ ਬਸਤਰ ਪਹਿਨਾ ਕੇ ਉਸ ਨੂੰ ਆਪਣੇ ਕੋਲ ਬਿਠਾ ਲਿਆ।
ਫਿਰ ਆਪਣੇ ਹੱਥ ਵਿਚ ਫੜੀ ਹੋਈ ਛੜੀ ਛੱਜੂ ਦੇ ਸਿਰ 'ਤੇ ਰੱਖ ਦਿੱਤੀ ਅਤੇ ਪੰਡਤ ਲਾਲ ਚੰਦ ਨੂੰ ਗੀਤਾ ਦਾ ਕੋਈ ਸ਼ਲੋਕ ਬੋਲਣ ਲਈ ਕਿਹਾ। ਇਸ ਵੇਲੇ ਤਕ ਆਸ ਪਾਸ ਦੇ ਪਿੰਡਾਂ ਤੋਂ ਵੀ ਵੱਡੀ ਗਿਣਤੀ ਵਿਚ ਸੰਗਤ ਇੱਥੇ ਇਕੱਠੀ ਹੋ ਚੁੱਕੀ ਸੀ। ਜਦੋਂ ਪੰਡਤ ਲਾਲ ਚੰਦ ਨੇ ਸ਼ਲੋਕ ਉਚਾਰਨ ਕੀਤਾ ਤਾਂ ਉਸਨੇ ਸਲੋਕ ਹੀ ਗਲਤ ਪੜ੍ਹ ਦਿੱਤਾ। ਛੱਜੂ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਕਿਹਾ ਪੰਡਤ ਜੀ ਤੁਸੀਂ ਤਾਂ ਸਲੋਕ ਹੀ ਗ਼ਲਤ ਪੜ੍ਹ ਰਹੇ ਹੋ। ਅਸਲੀ ਸ਼ਲੋਕ ਇਹ ਹੈ ਅਤੇ ਇਸ ਦਾ ਅਰਥ ਇਹ ਹੈ। ਜਦੋਂ ਦੋ ਤਿੰਨ ਵਾਰ ਅਜਿਹਾ ਹੀ ਵਾਪਰਿਆ ਤਾਂ ਪੰਡਤ ਲਾਲ ਚੰਦ ਜੀ ਦਾ ਹੰਕਾਰ ਚਕਨਾਚੂਰ ਹੋ ਗਿਆ ਅਤੇ ਉਹ ਗੁਰੂ ਜੀ ਦੇ ਚਰਨਾਂ 'ਤੇ ਢਹਿ ਪਿਆ।
ਪੰਡਤ ਲਾਲ ਚੰਦ ਜੀ ਅਤੇ ਬੇਅੰਤ ਸੰਗਤਾਂ ਨੂੰ ਤਾਰਦੇ ਹੋਏ ਦਿੱਲੀ ਲਈ ਹੋਏ ਰਵਾਨਾ
ਪੰਡਤ ਲਾਲ ਚੰਦ ਜੀ ਅਤੇ ਬੇਅੰਤ ਸੰਗਤਾਂ ਨੂੰ ਤਾਰਦੇ ਹੋਏ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਲਈ ਰਵਾਨਾ ਹੋ ਗਏ। ਦਿੱਲੀ ਜਾ ਕੇ ਉਨ੍ਹਾਂ ਨੇ ਰਾਜਾ ਜੈ ਸਿੰਘ ਦੇ ਮਹਿਲ ਵਿਚ ਠਹਿਰਨਾ ਸਵੀਕਾਰ ਕੀਤਾ। ਔਰੰਗਜ਼ੇਬ ਨੇ ਕਈ ਸੁਨੇਹੇ ਭੇਜੇ ਪਰ ਗੁਰੂ ਜੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਔਰੰਗਜ਼ੇਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨਾਂ ਲਈ ਰਾਜਾ ਜੈ ਸਿੰਘ ਦੇ ਮਹਿਲ ਦੇ ਬਾਹਰ ਕਾਫੀ ਚਿਰ ਖਲੋਤਾ ਰਿਹਾ ਪਰ ਗੁਰੂ ਜੀ ਨੇ ਉਸ ਨੂੰ ਬੇਰੰਗ ਮੋੜ ਦਿੱਤਾ।
ਇਸੇ ਦੌਰਾਨ ਦਿੱਲੀ ਵਿਖੇ ਚੇਚਕ ਅਤੇ ਹੈਜ਼ੇ ਦੀ ਬਿਮਾਰੀ ਫੈਲ ਗਈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬਣੇ ਸਰੋਵਰ ਵਾਲੀ ਥਾਂ 'ਤੇ ਮੌਜੂਦ ਛੱਪੜ ਵਿਚ ਆਪਣੇ ਪਵਿੱਤਰ ਚਰਨ ਧੋਤੇ ਅਤੇ ਦੁਖੀਆਂ ਬੀਮਾਰਾਂ ਨੂੰ ਉੱਥੇ ਇਸ਼ਨਾਨ ਕਰਨ ਲਈ ਕਿਹਾ। ਜੋ ਵੀ ਉੱਥੇ ਇਸ਼ਨਾਨ ਕਰਦਾ ਉਹ ਠੀਕ ਹੋ ਜਾਂਦਾ। ਇਸੇ ਤਰ੍ਹਾਂ ਗੁਰੂ ਜੀ ਦਿੱਲੀ ਵਿਖੇ ਦੁਖੀਆਂ ਤੇ ਲਾਚਾਰਾਂ ਦੀ ਹੱਥੀਂ ਸੇਵਾ ਕਰਦੇ ਰਹੇ ਤੇ ਲੱਖਾਂ ਹੀ ਲੋਕਾਂ ਨੂੰ ਤੰਦਰੁਸਤ ਕੀਤਾ। ਬਾਅਦ ਵਿਚ ਗੁਰੂ ਜੀ ਨੂੰ ਵੀ ਚੇਚਕ ਦੀ ਬਿਮਾਰੀ ਹੋ ਗਈ ਪਰ ਫਿਰ ਵੀ ਗੁਰੂ ਜੀ ਮਹਿਲ ਦੇ ਉੱਤੇ ਇਕ ਛੱਜੇ ਵਿਚ ਬੈਠ ਜਾਂਦੇ ਜਿੱਥੋਂ ਸਵੇਰੇ ਸੰਗਤਾਂ ਉਨ੍ਹਾਂ ਦੇ ਦਰਸ਼ਨ ਕਰਦੀਆਂ ਅਤੇ ਨਿਰੋਗ ਹੋ ਕੇ ਜਾਂਦੀਆਂ। ਅਖ਼ੀਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 16 ਅਪ੍ਰੈਲ 1664 ਈਸਵੀ ਨੂੰ ਜੋਤੀ ਜੋਤ ਸਮਾ ਗਏ।
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਸਰੀਰ ਦਾ ਸਸਕਾਰ ਉਸ ਥਾਂ 'ਤੇ ਕੀਤਾ ਗਿਆ ਜਿੱਥੇ ਗੁਰਦੁਆਰਾ ਬਾਲਾ ਜੀ ਸਾਹਿਬ ਸਥਿਤ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀਆਂ ਪਵਿੱਤਰ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਲਿਆਂਦੀਆਂ ਗਈਆਂ ਜੋ ਕਿ ਹੁਣ ਵੀ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸੁਸ਼ੋਭਿਤ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਫੁਰਮਾਇਆ ਹੈ, ‘ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ॥’