Asian Games 2023: ਭਾਰਤ ਦਾ ਇੱਕ ਮੈਡਲ ਹੋਰ ਪੱਕਾ, ਬੰਗਲਾਦੇਸ਼ ਨੂੰ ਹਰਾ ਫਾਈਨਲ 'ਚ ਪਹੁੰਚਿਆ
ਪੂਜਾ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਨੂੰ 17.5 ਓਵਰਾਂ 'ਚ 51 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਇਸ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੂੰ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ।
Asian Games 2023: ਏਸ਼ਿਆਈ ਖੇਡਾਂ ਵਿੱਚ ਭਾਰਤ ਲਈ ਇੱਕ ਹੋਰ ਤਗਮਾ ਪੱਕਾ ਹੋ ਗਿਆ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸੈਮੀਫਾਈਨਲ ਮੈਚ ਵਿੱਚ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਭਾਰਤ ਦੀ ਜਿੱਤ ਦੀ ਹੀਰੋ ਤੇਜ਼ ਗੇਂਦਬਾਜ਼ ਪੂਜਾ ਵਸਤਰਾਕਰ ਰਹੀ, ਜਿਸ ਨੇ 4 ਓਵਰਾਂ ਵਿੱਚ 17 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।
ਪੂਜਾ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਨੂੰ 17.5 ਓਵਰਾਂ 'ਚ 51 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਇਸ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੂੰ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਭਾਰਤ ਨੇ 8.2 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ ਮੈਚ ਜਿੱਤ ਲਿਆ।
ਦੱਸ ਦਈਏ ਕਿ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪੂਜਾ ਨੇ ਮੈਚ ਦੀ ਪਹਿਲੀ ਹੀ ਗੇਂਦ 'ਤੇ ਭਾਰਤ ਨੂੰ ਵਿਕਟ ਦਿਵਾਈ। ਪੂਜਾ ਨੂੰ ਪਹਿਲੇ ਓਵਰ ਦੀ 5ਵੀਂ ਗੇਂਦ 'ਤੇ ਵਿਕਟ ਮਿਲੀ। ਇਸ ਤੋਂ ਬਾਅਦ ਬੰਗਲਾਦੇਸ਼ ਦੀ ਪਾਰੀ ਸੰਭਲ ਨਹੀਂ ਸਕੀ। ਪਾਵਰਪਲੇ ਦੇ ਅੰਤ ਤੱਕ ਬੰਗਲਾਦੇਸ਼ ਨੇ 21 ਦੌੜਾਂ 'ਤੇ ਚਾਰ ਵਿਕਟਾਂ ਗੁਆ ਦਿੱਤੀਆਂ। ਬੰਗਲਾਦੇਸ਼ੀ ਕਪਤਾਨ ਨਿਗਾਰ ਇਕਲੌਤੀ ਬੱਲੇਬਾਜ਼ ਸੀ ਜਿਸ ਨੇ ਦੋਹਰਾ ਅੰਕੜਾ ਪਾਰ ਕੀਤਾ। ਨਿਗਾਰ ਵੀ ਇਸ ਪਾਰੀ ਨੂੰ ਜ਼ਿਆਦਾ ਨਹੀਂ ਵਧਾ ਸਕੀ ਤੇ ਉਸ ਨੇ ਸਿਰਫ 12 ਦੌੜਾਂ ਬਣਾਈਆਂ। ਨਦੀਹਾ ਨੇ 9 ਦੌੜਾਂ ਦੀ ਪਾਰੀ ਖੇਡੀ।
ਭਾਰਤ ਦੀ ਗੇਂਦਬਾਜ਼ੀ ਇੰਨੀ ਸ਼ਾਨਦਾਰ ਰਹੀ ਕਿ ਬੰਗਲਾਦੇਸ਼ ਦੀ ਪਾਰੀ 'ਚ ਸਿਰਫ 4 ਚੌਕੇ ਲੱਗੇ। ਪੂਜਾ ਤੋਂ ਇਲਾਵਾ ਸੰਧੂ ਨੇ ਬਹੁਤ ਹੀ ਕੱਸੀ ਹੋਈ ਗੇਂਦਬਾਜ਼ੀ ਕੀਤੀ। ਸੰਧੂ ਨੇ ਚਾਰ ਓਵਰਾਂ ਵਿੱਚ ਸਿਰਫ਼ 10 ਦੌੜਾਂ ਦਿੱਤੀਆਂ ਤੇ ਇੱਕ ਵਿਕਟ ਲੈਣ ਵਿੱਚ ਕਾਮਯਾਬ ਰਹੀ। ਰਾਜਸ਼੍ਰੀ ਨੇ 3.5 ਓਵਰਾਂ 'ਚ 8 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ। ਅਮਨਜੋਤ ਕੌਰ ਤੇ ਦੇਵਿਕਾ ਨੂੰ ਵੀ ਇੱਕ-ਇੱਕ ਵਿਕਟ ਮਿਲੀ।
52 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਸ਼ੁਰੂਆਤ ਕੁਝ ਖਾਸ ਨਹੀਂ ਰਹੀ। ਭਾਰਤ ਨੇ 3.5 ਓਵਰਾਂ ਵਿੱਚ ਕਪਤਾਨ ਸਮ੍ਰਿਤੀ ਮੰਧਾਨਾ ਦਾ ਵਿਕਟ ਗੁਆ ਦਿੱਤਾ। ਸਮ੍ਰਿਤੀ 12 ਗੇਂਦਾਂ ਵਿੱਚ ਸਿਰਫ਼ 7 ਦੌੜਾਂ ਹੀ ਬਣਾ ਸਕੀ। ਹਾਲਾਂਕਿ ਇਸ ਤੋਂ ਬਾਅਦ ਸ਼ੈਫਾਲੀ ਨੇ ਜੇਮਿਮਾ ਨਾਲ ਚਾਰਜ ਸੰਭਾਲ ਲਿਆ। ਸ਼ੈਫਾਲੀ ਵੀ 17 ਦੌੜਾਂ ਬਣਾ ਕੇ ਆਊਟ ਹੋ ਗਈ। ਹਾਲਾਂਕਿ, ਜੇਮਿਮਾ ਨੇ 20 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ ਤੇ ਨਾਲ ਹੀ ਤਮਗਾ ਵੀ।