India Wins Oval: 'ਪਲੇਅਰ ਆਫ਼ ਦ ਮੈਚ' ਰੋਹਿਤ ਸ਼ਰਮਾ ਨੇ ਚੌਥੇ ਟੈਸਟ ਬਾਰੇ ਕਹੀ ਵੱਡੀ ਗੱਲ
ਰੋਹਿਤ ਨੇ 256 ਗੇਂਦਾਂ 'ਚ 127 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਇਸ ਮੈਚ 'ਚ ਟੀਮ ਇੰਡੀਆ ਨੂੰ ਮਜ਼ਬੂਤੀ ਦਿੱਤੀ।
IND vs ENG: ਭਾਰਤ ਨੇ ਓਵਲ 'ਚ ਖੇਡੇ ਗਏ ਚੌਥੇ ਟੈਸਟ ਮੈਚ 'ਚ ਇੰਗਲੈਂਡ ਵਿਰੁੱਧ ਇਤਿਹਾਸਕ ਜਿੱਤ ਦਰਜ ਕੀਤੀ। ਟੀਮ ਇੰਡੀਆ ਦੀ ਇਸ ਜਿੱਤ 'ਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਦਬਾਅ ਵਿਚਕਾਰ ਦੂਜੀ ਪਾਰੀ 'ਚ ਸੈਂਕੜਾ ਲਗਾ ਕੇ ਟੀਮ ਨੂੰ ਇਸ ਮੈਚ 'ਚ ਲੀਡ ਦਵਾਈ।
ਰੋਹਿਤ ਨੇ 256 ਗੇਂਦਾਂ 'ਚ 127 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਇਸ ਮੈਚ 'ਚ ਟੀਮ ਇੰਡੀਆ ਨੂੰ ਮਜ਼ਬੂਤੀ ਦਿੱਤੀ। ਰੋਹਿਤ ਨੂੰ ਆਪਣੀ ਸ਼ਾਨਦਾਰ ਪਾਰੀ ਲਈ 'ਪਲੇਅਰ ਆਫ਼ ਦ ਮੈਚ' ਵੀ ਚੁਣਿਆ ਗਿਆ। ਰੋਹਿਤ ਨੇ ਆਪਣੇ ਇਸ ਸੈਂਕੜੇ ਨੂੰ ਬਹੁਤ ਖ਼ਾਸ ਦੱਸਿਆ ਤੇ ਕਿਹਾ ਕਿ ਵਿਦੇਸ਼ੀ ਧਰਤੀ 'ਤੇ ਇਹ ਮੇਰਾ ਪਹਿਲਾ ਸੈਂਕੜਾ ਹੈ, ਇਸ ਲਈ ਇਹ ਹਮੇਸ਼ਾ ਖ਼ਾਸ ਰਹੇਗਾ।
ਮੈਚ ਤੋਂ ਬਾਅਦ ਰੋਹਿਤ ਨੇ ਕਿਹਾ, "ਮੈਂ 5ਵੇਂ ਦਿਨ ਫਿਲਡਿੰਗ ਕਰਨਾ ਚਾਹੁੰਦਾ ਸੀ ਪਰ ਸੱਟ ਤੇ ਥਕਾਵਟ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਮੈਂ ਜਿਹੜਾ ਸੈਂਕੜਾ ਲਗਾਇਆ ਉਹ ਮੇਰੇ ਲਈ ਬਹੁਤ ਖ਼ਾਸ ਸੀ। ਅਸੀਂ ਪਹਿਲੀ ਪਾਰੀ ਤੋਂ ਬਾਅਦ ਇੰਗਲੈਂਡ ਤੋਂ 100 ਦੌੜਾਂ ਪਿੱਛੇ ਸੀ। ਇਸ ਲਈ ਅਸੀਂ ਜਾਣਦੇ ਸੀ ਕਿ ਸਾਨੂੰ ਮੈਚ ਜਿੱਤਣ ਲਈ ਉਨ੍ਹਾਂ ਨੂੰ ਵੱਡਾ ਟਾਰਗੇਟ ਦੇਣਾ ਪਵੇਗਾ। ਪੂਰੀ ਬੱਲੇਬਾਜ਼ੀ ਯੂਨਿਟ ਨੇ ਦੂਜੀ ਪਾਰੀ 'ਚ ਸ਼ਾਨਦਾਰ ਖੇਡ ਵਿਖਾਈ।"
ਇਹ ਮੇਰਾ ਸਭ ਤੋਂ ਖ਼ਾਸ ਸੈਂਕੜਾ
ਰੋਹਿਤ ਸ਼ਰਮਾ ਨੇ ਓਵਲ 'ਚ ਆਪਣੇ ਸੈਂਕੜੇ ਨੂੰ ਬਹੁਤ ਖ਼ਾਸ ਦੱਸਿਆ। ਉਨ੍ਹਾਂ ਕਿਹਾ, "ਇਹ ਵਿਦੇਸ਼ੀ ਦੌਰੇ 'ਤੇ ਮੇਰਾ ਪਹਿਲਾ ਸੈਂਕੜਾ ਹੈ, ਇਸ ਲਈ ਸਪੱਸ਼ਟ ਹੈ ਕਿ ਇਹ ਮੇਰੇ ਲਈ ਸੱਭ ਤੋਂ ਬੈਸਟ ਹੈ। ਮੇਰੇ ਦਿਮਾਗ 'ਚ ਸੈਂਕੜੇ ਬਾਰੇ ਕੋਈ ਵਿਚਾਰ ਨਹੀਂ ਸੀ। ਸਾਨੂੰ ਪਤਾ ਸੀ ਕਿ ਸਾਡੇ ਉੱਪਰ ਕਿੰਨਾ ਦਬਾਅ ਸੀ। ਇਸ ਲਈ ਅਸੀਂ ਆਪਣਾ ਧਿਆਨ ਕੇਂਦਰਤ ਕੀਤਾ। ਸਥਿਤੀ ਦੇ ਅਨੁਸਾਰ ਪਾਰੀ ਨੂੰ ਅੱਗੇ ਵਧਾਉਂਦੇ ਰਹੇ।"
ਟੀਮ ਦੀ ਜਿੱਤ ਵੱਧ ਮਹੱਤਵਪੂਰਨ
ਰੋਹਿਤ ਨੇ ਇਹ ਵੀ ਕਿਹਾ, "ਮੈਂ ਸਿਰਫ਼ ਟੀਮ ਨੂੰ ਇਕ ਮਜ਼ਬੂਤ ਸਥਿਤੀ 'ਚ ਪਹੁੰਚਾਉਣਾ ਚਾਹੁੰਦਾ ਸੀ ਅਤੇ ਮੈਂ ਇਸ ਜਿੱਤ 'ਚ ਯੋਗਦਾਨ ਪਾ ਸਕਿਆ, ਇਹ ਮੇਰੇ ਲਈ ਸੱਭ ਤੋਂ ਅਹਿਮ ਹੈ।" ਉਨ੍ਹਾਂ ਇਹ ਵੀ ਕਿਹਾ, "ਪਹਿਲਾਂ ਮੈਂ ਮਿਡਲ ਆਰਡਰ 'ਚ ਬੱਲੇਬਾਜ਼ੀ ਕਰਦਾ ਸੀ ਪਰ ਮੈਨੂੰ ਟੈਸਟ ਮੈਚ 'ਚ ਓਪਨਿੰਗ ਕਰਨ ਦੀ ਅਹਿਮੀਅਤ ਬਾਰੇ ਪਤਾ ਹੈ। ਇਕ ਵਾਰ ਜਦੋਂ ਤੁਸੀਂ ਨਵੀਂ ਗੇਂਦ ਦਾ ਸਾਹਮਣਾ ਕਰ ਲੈਂਦੇ ਹੋ ਤੇ ਕ੍ਰੀਜ 'ਤੇ ਜੰਮ ਜਾਂਦੇ ਹੋ ਤਾਂ ਤੁਹਾਨੂੰ ਇਕ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ 'ਚ ਬਦਲਣਾ ਚਾਹੀਦਾ ਹੈ।"
ਰੋਹਿਤ ਨੇ ਕਿਹਾ, "ਚੁਣੌਤੀਆਂ ਨੂੰ ਸਵੀਕਾਰ ਕਰਨਾ ਬਹੁਤ ਜ਼ਰੂਰੀ ਹੈ। ਨਿਊਜ਼ੀਲੈਂਡ ਦੇ ਖ਼ਿਲਾਫ਼ ਡਬਲਿਯੂਟੀਸੀ ਫਾਈਨਲ ਤੋਂ ਬਾਅਦ ਸਾਡੇ ਕੋਲ ਆਪਣੀਆਂ ਕਮੀਆਂ ਨੂੰ ਦੂਰ ਕਰਨ ਲਈ 20-25 ਦਿਨ ਸਨ ਅਤੇ ਅੰਤ 'ਚ ਇਹ ਸਾਡੇ ਲਈ ਗੇਮ ਚੇਂਜਰ ਸਾਬਤ ਹੋਇਆ।"
ਰੋਹਿਤ ਇਸ ਸੀਰੀਜ਼ 'ਚ ਹੁਣ ਤਕ ਦੇ ਭਾਰਤ ਦਾ ਸੱਭ ਤੋਂ ਸਫਲ ਬੱਲੇਬਾਜ਼
ਦੱਸ ਦੇਈਏ ਕਿ ਇੰਗਲੈਂਡ ਦੇ ਖ਼ਿਲਾਫ਼ ਇਸ ਟੈਸਟ ਸੀਰੀਜ਼ 'ਚ ਰੋਹਿਤ ਸ਼ਰਮਾ ਨੇ ਹੁਣ ਤਕ ਬੱਲੇ ਨਾਲ ਸ਼ਾਨਦਾਰ ਖੇਡ ਵਿਖਾਈ ਹੈ। ਉਹ ਇਸ ਸੀਰੀਜ਼ 'ਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਇਸ ਸੀਰੀਜ਼ 'ਚ ਸੱਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਰੋਹਿਤ ਇੰਗਲੈਂਡ ਦੇ ਕਪਤਾਨ ਜੋ ਰੂਟ ਤੋਂ ਬਾਅਦ ਦੂਜੇ ਨੰਬਰ 'ਤੇ ਹਨ। ਰੋਹਿਤ ਸ਼ਰਮਾ ਨੇ ਹੁਣ ਤਕ ਖੇਡੇ ਗਏ ਚਾਰ ਟੈਸਟ ਮੈਚਾਂ 'ਚ 2 ਅਰਧ ਸੈਂਕੜੇ ਤੇ 1 ਸੈਂਕੜਾ ਲਗਾਇਆ ਹੈ।