ਪੰਜਾਬ ਦੀ ਧੀ ਨੇ ਰੌਸ਼ਨ ਕੀਤਾ ਪੰਜਾਬੀਆਂ ਦਾ ਨਾਂਅ! ਅਰਜਨਟੀਨਾ ਸ਼ੂਟਿੰਗ ਵਰਲਡ ਕੱਪ 'ਚ ਗੱਡੇ ਜਿੱਤੇ ਦੇ ਝੰਡੇ, ਭਾਰਤ ਦੀ ਝੋਲੀ ਪਾਇਆ Gold Medal
ਪੰਜਾਬ ਦੀ ਧੀ ਸਿਫਤ ਕੌਰ ਸਮਰਾ ਨੇ ਇੱਕ ਵਾਰ ਫਿਰ ਤੋਂ ਆਪਣੀ ਮਿਹਨਤ ਤੇ ਲਗਨ ਦੇ ਨਾਲ ਆਪਣਾ ਲੋਹਾ ਮੰਨਵਾਇਆ ਹੈ। ਆਈਐਸਐਸਐਫ ਵੱਲਡ ਕੱਪ 'ਚ ਭਾਰਤ ਨੂੰ ਪਹਿਲਾ ਗੋਲਡ ਮੈਡਲ ਝੋਲੀ ਪਾ ਕੇ ਇਤਿਹਾਸ ਰਚ ਦਿੱਤਾ ਹੈ।

Sift Kaur Samra : ਪੰਜਾਬ ਦੀ ਧੀ ਸਿਫਤ ਕੌਰ ਸਮਰਾ ਨੇ ਇੱਕ ਵਾਰ ਫਿਰ ਤੋਂ ਆਪਣੀ ਮਿਹਨਤ ਤੇ ਲਗਨ ਦੇ ਨਾਲ ਆਪਣਾ ਲੋਹਾ ਮੰਨਵਾਇਆ ਹੈ। ਆਈਐਸਐਸਐਫ ਵੱਲਡ ਕੱਪ 'ਚ ਭਾਰਤ ਨੂੰ ਪਹਿਲਾ ਗੋਲਡ ਮੈਡਲ ਝੋਲੀ ਪਾ ਕੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਅਰਜਨਟੀਨਾ ਵਿਚ ਕਰਵਾਏ ਗਏ ਸ਼ੂਟਿੰਗ ਵੱਲਡ ਕੱਪ ਦੌਰਾਨ ਮਹਿਲਾ 50 ਮੀਟਰ ਰਾਈਫਲ 3 ਪੋਜ਼ੀਸ਼ਨ (3ਪੀ) ਮੁਕਾਬਲੇ 'ਚ ਗੋਲਡ ਮੈਡਲ ਜਿੱਤਿਆ।
ISSF Shooting World Cup ਪਹਿਲਾ ਸੋਨ ਤਗ਼ਮਾ
ਇਹ ਉਨ੍ਹਾਂ ਦਾ ਆਈਐਸਐਸਐਫ ਵੱਲਡ ਕੱਪ 'ਚ ਪਹਿਲਾ ਸੋਨ ਤਗ਼ਮਾ ਵੀ ਹੈ। ਫਰੀਦਕੋਟ ਤੋਂ ਸਬੰਧਤ 23 ਸਾਲਾ ਸਿਫਤ ਨੇ ਅਰਜਨਟੀਨਾ ਦੇ ਬਿਊਨਸ ਆਇਰਸ ਵਿਖੇ ਹੋਏ ਟਿਰੋ ਫੈਡਰਲ ਸ਼ੂਟਿੰਗ ਰੇਂਜ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਫਾਈਨਲ ਵਿਚ ਨੀਲਿੰਗ ਪੋਜ਼ੀਸ਼ਨ ਦੌਰਾਨ ਉਹ ਜਰਮਨੀ ਦੀ ਅਨੀਤਾ ਮੈਂਗੋਲਡ ਨਾਲੋਂ 7.2 ਅੰਕ ਪਿੱਛੇ ਸਨ, ਪਰ ਉਨ੍ਹਾਂ ਨੇ ਪ੍ਰੋਨ ਅਤੇ ਸਟੈਂਡਿੰਗ ਪੋਜ਼ੀਸ਼ਨ ਵਿਚ ਜ਼ਬਰਦਸਤ ਵਾਪਸੀ ਕਰਕੇ ਪਹਿਲਾ ਸਥਾਨ ਹਾਸਲ ਕਰ ਲਿਆ।
ਸਿਫਤ ਨੇ 45-ਸ਼ਾਟ ਫਾਈਨਲ ਦੇ ਅੰਤ ਵਿੱਚ 458.6 ਅੰਕਾਂ ਨਾਲ ਸਮਾਪਤੀ ਕੀਤੀ, ਜਦੋਂ ਕਿ ਮੈਂਗੋਲਡ 455.3 ਦੇ ਨਾਲ 3.3 ਅੰਕ ਪਿੱਛੇ ਰਹੀ। ਮੁਕਾਬਲੇ ਦੇ ਪਹਿਲੇ ਦਿਨ ਪਹਿਲੇ ਫਾਈਨਲ ਵਿਚ ਤਗ਼ਮੇ ਜਿੱਤਣ ਤੋਂ ਖੁੰਝਣ ਤੋਂ ਬਾਅਦ ਭਾਰਤ ਹੁਣ ਮੁਕਾਬਲੇ ਦੇ ਦੂਜੇ ਦਿਨ ਦਾ ਅੰਤ ਇੱਕ ਸੋਨ ਅਤੇ ਇੱਕ ਕਾਂਸੀ ਦੇ ਤਗਮੇ ਹਾਸਲ ਕਰ ਚੁੱਕਾ ਹੈ, ਜੋ ਪਹਿਲਾਂ ਚੈਨ ਸਿੰਘ ਨੇ ਪੁਰਸ਼ਾਂ ਦੇ 3P ਵਿੱਚ ਜਿੱਤਿਆ ਸੀ। ਚੀਨ ਇੱਕ ਸੋਨ ਅਤੇ ਇੱਕ ਚਾਂਦੀ ਦੇ ਤਗਮੇ ਨਾਲ ਸਿਖਰ ’ਤੇ ਹੈ।
ਸਿਫ਼ਤ ਕੌਰ ਦੀ ਇਹ ਜਿੱਤ ਉਸ ਦੀ ਲਗਾਤਾਰ ਮਿਹਨਤ, ਪ੍ਰਤਿਭਾ ਅਤੇ ਸ਼ੂਟਿੰਗ ਕੋਚ ਮਿਸ ਰਾਜਵਿੰਦਰ ਕੌਰ ਦੀ ਅਣਥੱਕ ਮਾਰਗਦਰਸ਼ਨ ਦਾ ਨਤੀਜਾ ਹੈ, ਜਿਸ ਨੇ ਦੁਨੀਆਂ ਪੱਧਰ 'ਤੇ ਭਾਰਤੀ ਨਾਰੀ ਖੇਡ ਸ਼ਕਤੀ ਨੂੰ ਨਵਾਂ ਮਾਣ ਅਤੇ ਮਾਨਤਾ ਦਿੱਤੀ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਡਾਇਰੈਕਟਰ ਡਾ. ਕੰਵਰਮਨਦੀਪ ਸਿੰਘ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿਫ਼ਤ ਦੀ ਇਸ ਪ੍ਰਾਪਤੀ ਨਾਲ ਖੇਡਾਂ ਵਿੱਚ ਕੱਦ ਹੋਰ ਵਧਿਆ ਹੈ। ਉਨ੍ਹਾਂ ਕਿਹਾ ਕਿ ਇਹ ਸੋਨ ਤਮਗਾ ਯੂਨੀਵਰਸਿਟੀ ਦੀ ਖੇਡਾਂ ਪ੍ਰਤੀ ਸਮਰਪਣ ਭਾਵਨਾ ਨੂੰ ਪ੍ਰਗਟ ਕਰਦਾ ਹੈ ਅਤੇ ਖਿਡਾਰੀਆਂ ਦੀ ਲਗਨ ਤੇ ਪ੍ਰਤਿਭਾ ਦੀ ਉੱਤਮ ਉਦਾਹਰਣ ਹੈ।
ਉਨ੍ਹਾਂ ਨੇ ਅੱਗੇ ਕਿਹਾ "ਸਿਫ਼ਤ ਕੌਰ ਹੁਣ ਸਿਰਫ਼ ਇੱਕ ਖਿਡਾਰਣ ਨਹੀਂ, ਸਗੋਂ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਗਈ ਹੈ,"। ਸਿਫ਼ਤ ਦੀ ਇਹ ਜਿੱਤ ਸਿਰਫ਼ ਇੱਕ ਤਮਗਾ ਨਹੀਂ, ਸਗੋਂ ਇੱਕ ਸੰਦੇਸ਼ ਹੈ ਕਿ ਸਪਨੇ ਵੱਡੇ ਦੇਖੋ, ਮਿਹਨਤ ਕਰੋ ਅਤੇ ਉਨ੍ਹਾਂ ਨੂੰ ਹਕੀਕਤ ਵਿੱਚ ਬਦਲੋ।






















