ਓਲੰਪਿਕ ਹਾਕੀ ਖਿਡਾਰਨ ਗੁਰਜੀਤ ਦੇ ਨਾਮ ਤੇ ਬਣੇਗਾ ਉਸਦੇ ਪਿੰਡ ਦਾ ਸਟੇਡੀਅਮ
ਬੀਤੀ ਕੱਲ ਓਲੰਪਿਕ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਭਾਵੇਂ ਮੈਡਲ ਨਾ ਜਿੱਤ ਸਕੀ ਪਰ ਇਸ ਟੀਮ ਨੇ ਕਰੋੜਾਂ ਭਾਰਤੀਆਂ ਦਾ ਦਿਲ ਜ਼ਰੂਰ ਜਿੱਤ ਲਿਆ ਹੈ।
ਚੰਡੀਗੜ੍ਹ: ਬੀਤੀ ਕੱਲ ਓਲੰਪਿਕ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਭਾਵੇਂ ਮੈਡਲ ਨਾ ਜਿੱਤ ਸਕੀ ਪਰ ਇਸ ਟੀਮ ਨੇ ਕਰੋੜਾਂ ਭਾਰਤੀਆਂ ਦਾ ਦਿਲ ਜ਼ਰੂਰ ਜਿੱਤ ਲਿਆ ਹੈ।ਗਰੇਟ ਬ੍ਰਿਟੇਨ ਦੇ ਖਿਲਾਫ ਦੋ ਗੋਲ ਮਾਰਨ ਵਾਲੀ ਗੁਰਜੀਤ ਕੌਰ ਨੂੰ ਪਿੰਡ ਵਾਸੀਆਂ ਨੇ ਵੱਡਾ ਤੋਹਫਾ ਦਿੱਤਾ ਹੈ।ਗੁਰਜੀਤ ਦੇ ਪਿੰਡ ਮੀਆਦੀ ਕਲਾਂ, ਅੰਮ੍ਰਿਤਸਰ ਵਿੱਚ ਉਸਦੇ ਨਾਮ ਤੇ ਸਟੇਡੀਅਮ ਬਣਾਇਆ ਜਾਏਗਾ।
ਗੁਰਜੀਤ ਕੌਰ ਦਾ ਪਿੰਡ ਭਾਰਤ ਪਾਕਿਸਤਾਨ ਬਾਰਡਰ ਤੋਂ 10 ਕਿਲੋਮੀਟਰ ਦੂਰ ਹੈ।ਜ਼ਿਲ੍ਹਾ ਪਰੀਸ਼ਦ, ਅੰਮ੍ਰਿਤਸਰ ਦੇ ਚੇਅਰਮੈਨ ਦਿਲਰਾਜ ਸਿੰਘ ਨੇ ਇਸ ਸਟੇਡੀਅਮ ਲਈ ਨੀਂਹ ਪੱਥਰ ਰੱਖਿਆ।ਉਨ੍ਹਾਂ ਇਸ ਦੌਰਾਨ ਵਾਅਦਾ ਕੀਤਾ ਕਿ ਸਟੇਡੀਅਮ ਜਲਦੀ ਹੀ ਬਣ ਜਾਏਗਾ।
ਹਾਲਾਂਕਿ, ਗੁਰਜੀਤ ਕੌਰ ਦਾ ਪਰਿਵਾਰ ਉਸ ਲਈ ਸਰਕਾਰੀ ਨੌਕਰੀ ਦੀ ਮੰਗ ਕਰ ਰਿਹਾ ਹੈ।ਭਾਵੇਂ ਭਾਰਤੀ ਹਾਕੀ ਟੀਮ ਮੈਚ ਨਹੀਂ ਜਿੱਤ ਸਕੀ ਪਰ ਗੁਰਜੀਤ ਕੌਰ ਦੇ ਪਿੰਡ ਅਤੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ।ਗੁਰਜੀਤ ਭਾਰਤੀ ਰੇਲਵੇ ਲਈ ਅਲਾਹਾਬਾਦ ਵਿੱਚ ਨੌਕਰੀ ਕਰਦੀ ਹੈ।ਉਨ੍ਹਾਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਗੁਰਜੀਤ ਨੂੰ ਪੰਜਾਬ ਵਿੱਚ ਹੀ SP ਰੈਂਕ ਤੱਕ ਦੀ ਨੌਕਰੀ ਦਿੱਤੀ ਜਾਵੇ।
ਕੱਲ ਦੇ ਮੈਚ 'ਚ ਭਾਰਤ ਨੇ ਆਫ਼ ਟਾਇਮ ਤੱਕ 3-2 ਨਾਲ ਬੜ੍ਹਤ ਬਣਾ ਲਈ ਸੀ। ਭਾਰਤ ਦੂਜੇ ਕੁਆਟਰ ਵਿੱਚ 0-2 ਨਾਲ ਪਿੱਛੇ ਸੀ। ਪਰ ਸ਼ਾਨਦਾਰ ਵਾਪਸੀ ਕਰਦਿਆਂ ਭਾਰਤ 3-2 ਨਾਲ ਵਾਪਸ ਆ ਗਿਆ। ਭਾਰਤ ਕੋਲ ਆਪਣੀ ਲੀਡ ਵਧਾਉਣ ਦਾ ਮੌਕਾ ਵੀ ਸੀ ਪਰ ਉਹ ਅਜਿਹਾ ਨਾ ਕਰ ਸਕਿਆ। ਗੁਰਜੀਤ ਕੌਰ ਨੇ ਪਹਿਲਾ ਗੋਲ ਕੀਤਾ ਅਤੇ ਛੇਤੀ ਹੀ ਦੂਜਾ ਗੋਲ ਕਰਕੇ ਭਾਰਤ ਨੂੰ ਚੰਗੀ ਸਥਿਤੀ 'ਚ ਲਿਆਂਦਾ।