History of Asia Cup : ਕੀ ਹੈ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦਾ ਇਤਿਹਾਸ, ਭਾਰਤ ਕਿੰਨੀ ਵਾਰ ਬਣਿਆ ਚੈਂਪੀਅਨ ?
Asia Cup Cricket History: ਇਸ ਵਾਰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ 30 ਅਗਸਤ ਤੋਂ ਸ਼ੁਰੂ ਹੋ ਜਾਵੇਗਾ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਭਾਰਤੀ ਟੀਮ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਬਣ ਕੇ ਸਾਹਮਣੇ ...
ਇਸ ਵਾਰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ 30 ਅਗਸਤ ਤੋਂ ਸ਼ੁਰੂ ਹੋ ਜਾਵੇਗਾ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਭਾਰਤੀ ਟੀਮ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਬਣ ਕੇ ਸਾਹਮਣੇ ਆਵੇਗੀ। ਮੇਜ਼ਬਾਨ ਟੀਮ ਤੋਂ ਇਲਾਵਾ ਬੰਗਲਾਦੇਸ਼ ਨੇ ਵੀ ਪਾਕਿਸਤਾਨ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ।ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਟੂਰਨਾਮੈਂਟ ਪਹਿਲੀ ਵਾਰ ਕਦੋਂ ਆਯੋਜਿਤ ਕੀਤਾ ਗਿਆ ਸੀ? ਅਤੇ ਹੁਣ ਤੱਕ ਕਿਸ ਟੀਮ ਨੇ ਸਭ ਤੋਂ ਵੱਧ ਟਰਾਫੀ 'ਤੇ ਕਬਜ਼ਾ ਕੀਤਾ ਹੈ, ਭਾਰਤ ਕਿੰਨੀ ਵਾਰ ਚੈਂਪੀਅਨ ਬਣਿਆ ਹੈ?
ਦੱਸ ਦਈਏ ਕਿ ਏਸ਼ੀਆ ਕੱਪ ਪਹਿਲੀ ਵਾਰ ਸਾਲ 1984 ਵਿੱਚ ਆਯੋਜਿਤ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ 15 ਵਾਰ ਖੇਡਿਆ ਜਾ ਚੁੱਕਿਆ ਹੈ, ਜਿਨ੍ਹਾਂ ਵਿੱਚੋਂ ਭਾਰਤ ਨੇ ਸਭ ਤੋਂ ਵੱਧ 7 ਵਾਰ ਇਹ ਖਿਤਾਬ ਜਿੱਤਿਆ ਹੈ ਜਦਕਿ ਸ੍ਰੀਲੰਕਾ ਨੇ 6 ਵਾਰ ਇਹ ਖਿਤਾਬ ਜਿੱਤਿਆ ਹੈ। ਪਾਕਿਸਤਾਨ 3 ਵਾਰ ਚੈਂਪੀਅਨ ਬਣ ਚੁੱਕਾ ਹੈ। ਏਸ਼ੀਆ ਕੱਪ ਦੇ ਪਿਛਲੇ 15 ਟੂਰਨਾਮੈਂਟ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਸਿਰਫ 3 ਟੀਮਾਂ ਹੀ ਚੈਂਪੀਅਨ ਬਣੀਆਂ ਹਨ। ਬੰਗਲਾਦੇਸ਼ ਦੀ ਟੀਮ ਫਾਈਨਲ 'ਚ ਪਹੁੰਚਣ 'ਚ ਕਾਮਯਾਬ ਰਹੀ ਹੈ, ਪਰ ਖਿਤਾਬ ਅਜੇ ਵੀ ਉਸ ਤੋਂ ਦੂਰ ਹੈ। ਟੀਮ ਇੰਡੀਆ ਨੇ 1984, 1988, 1990-91, 1995, 2010, 2016 ਅਤੇ 2018 'ਚ ਖਿਤਾਬ ਜਿੱਤਿਆ ਹੈ।
ਇਸਤੋਂ ਇਲਾਵਾ ਇਸ ਵਾਰ ਨੇਪਾਲ ਦੀ ਟੀਮ ਪਹਿਲੀ ਵਾਰ ਏਸ਼ੀਆ ਕੱਪ 2023 ਵਿੱਚ ਹਿੱਸਾ ਲਵੇਗੀ। ਟੂਰਨਾਮੈਂਟ ਵਿੱਚ ਕੁੱਲ 6 ਟੀਮਾਂ ਹਿੱਸਾ ਲੈਣਗੀਆਂ, ਜਿਸ ਵਿੱਚ ਭਾਰਤ, ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਨੇਪਾਲ ਦੀਆਂ ਟੀਮਾਂ ਹਨ। ਟੂਰਨਾਮੈਂਟ ਦਾ ਫਾਈਨਲ 17 ਸਤੰਬਰ ਨੂੰ ਖੇਡਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਮੌਜੂਦਾ ਟੂਰਨਾਮੈਂਟ 'ਚ ਏਸ਼ੀਆ ਕੱਪ ਵਨਡੇ ਫਾਰਮੈਟ 'ਚ ਹੋਵੇਗਾ। ਇਸ ਤੋਂ ਪਹਿਲਾਂ ਇਹ ਟੀ-20 ਫਾਰਮੈਟ ਵਿੱਚ ਵੀ ਖੇਡਿਆ ਜਾ ਚੁੱਕਾ ਹੈ। 1984 ਤੋਂ 2014 ਤੱਕ ਇਹ ਟੂਰਨਾਮੈਂਟ ਵਨਡੇ ਫਾਰਮੈਟ ਵਿੱਚ ਖੇਡਿਆ ਗਿਆ। ਸਾਲ 2016 ਵਿੱਚ ਪਹਿਲੀ ਵਾਰ ਇਸ ਟੂਰਨਾਮੈਂਟ ਦਾ ਆਯੋਜਨ ਟੀ-20 ਫਾਰਮੈਟ ਵਿੱਚ ਕੀਤਾ ਗਿਆ ਸੀ ਜਿੱਥੇ ਭਾਰਤ ਚੈਂਪੀਅਨ ਬਣਿਆ ਸੀ
ਪਾਕਿਸਤਾਨ ਨੂੰ 15 ਸਾਲ ਬਾਅਦ ਏਸ਼ੀਆ ਕੱਪ ਦੀ ਮੇਜ਼ਬਾਨੀ ਮਿਲੀ ਹੈ। ਉਨ੍ਹਾਂ ਨੇ ਆਖਰੀ ਵਾਰ ਸਾਲ 2008 ਵਿੱਚ ਇਸ ਟੂਰਨਾਮੈਂਟ ਦਾ ਆਯੋਜਨ ਕੀਤਾ ਸੀ। ਏਸ਼ੀਆ ਕੱਪ ਟੂਰਨਾਮੈਂਟ ਪਾਕਿਸਤਾਨ ਅਤੇ ਸ਼੍ਰੀਲੰਕਾ ਵਿੱਚ ਖੇਡਿਆ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਪਣੀ ਟੀਮ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਇਸ ਟੂਰਨਾਮੈਂਟ ਦੇ ਕਈ ਮੈਚ ਸ਼੍ਰੀਲੰਕਾ ਸ਼ਿਫਟ ਕਰ ਦਿੱਤੇ ਗਏ। ਟੀਮ ਇੰਡੀਆ ਆਪਣੇ ਸਾਰੇ ਮੈਚ ਸ਼੍ਰੀਲੰਕਾ 'ਚ ਖੇਡੇਗੀ। ਭਾਰਤ ਅਤੇ ਪਾਕਿਸਤਾਨ 2 ਸਤੰਬਰ ਨੂੰ ਆਹਮੋ-ਸਾਹਮਣੇ ਹੋਣਗੇ।