ਫੇਸਬੁਕ ਤੇ ਵਟਸਐਪ ਅਕਾਊਂਟ ਬਲੌਕ ਕਰਨ ਦਾ ਵਿਰੋਧ

ਨਵੀਂ ਦਿੱਲੀ: ਫਰਜ਼ੀ ਖ਼ਬਰਾਂ ਨੂੰ ਰੋਕਣ ਲਈ ਫੇਸਬੁਕ, ਵਟਸਐਪ, ਟੈਲੀਗ੍ਰਾਮ ਤੇ ਇੰਸਟਾਗ੍ਰਾਮ ਦੇ ਅਕਾਊਂਟ ਬਲੌਕ ਕਰਨ ਦੀ ਤਿਆਰੀ ਦਾ ਸੈਲੂਲਰ ਆਪਰੇਟਰਸ ਐਸੋਸੀਏਸ਼ਨ ਆਫ ਇੰਡੀਆ ਨੇ ਵਿਰੋਧ ਕੀਤਾ ਹੈ। ਐਸੋਸੀਏਸ਼ਨ ਨੇ ਕਿਹਾ ਹੈ ਕਿ ਸਰਕਾਰ ਨੂੰ ਮੋਬਾਈਲ ਐਪਲੀਕੇਸ਼ਨਜ਼ ਬਲੌਕ ਕਰਨ ਦੀ ਬਜਾਏ ਹੋਰ ਪ੍ਰਭਾਵੀ ਤਰੀਕਿਆਂ 'ਤੇ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਮੋਬਾਈਲ ਐਪਸ ਨੂੰ ਰੋਕਣਾ ਨਾ ਸਿਰਫ ਮੁਸ਼ਕਲ ਹੈ, ਸਗੋਂ ਇਸ ਨਾਲ ਨਿਰਦੋਸ਼ ਲੋਕਾਂ ਦੇ ਰੋਜ਼ਾਨਾ ਕੰਮ 'ਚ ਰੁਕਾਵਟ ਆਵੇਗੀ।
ਸੈਲੂਲਰ ਆਪਰੇਟਰਸ ਐਸੋਸੀਏਸ਼ਨ ਆਫ ਇੰਡੀਆ ਦੇ ਮੁੱਖ ਨਿਰਦੇਸ਼ਕ ਰਾਜਨ ਐਸ. ਮੈਥਿਊਜ ਦਾ ਇਹ ਬਿਆਨ ਦੂਰਸੰਚਾਰ ਵਿਭਾਗ ਵੱਲੋਂ ਦੂਰਸੰਚਾਰ ਕੰਪਨੀਆਂ ਨੂੰ ਇਹ ਨਿਰਦੇਸ਼ ਦੇਣ ਤੋਂ ਬਾਅਦ ਆਇਆ ਹੈ ਕਿ ਉਹ ਫੇਸਬੁਕ, ਵਟਸਐਪ, ਟੈਲੀਗ੍ਰਾਮ ਤੇ ਇੰਸਟਾਗ੍ਰਾਮ ਜਿਹੇ ਸੋਸ਼ਲ ਨੈਟਵਰਕ ਸਮੇਤ ਹੋਰ ਰਾਸ਼ਟਰੀ ਸੁਰੱਖਿਆ ਜਾਂ ਵਿਵਸਥਾ ਸਬੰਧੀ ਖਤਰੇ ਦੀ ਸਥਿਤੀ 'ਚ ਬਲਾਕ ਕਰਨ ਦੇ ਤਰੀਕੇ ਲੱਭਣ।
ਮੈਥਿਊਜ ਨੇ ਕਿਹਾ ਕਿ ਐਪਲੀਕੇਸ਼ਨਜ਼ 'ਤੇ ਪਾਬੰਦੀ ਲਾਉਣਾ ਬਹੁਤ ਮੁਸ਼ਕਲ ਕੰਮ ਹੈ। ਇਸ ਲਈ ਹੋਰ ਸੰਭਵ ਤਰੀਕੇ ਲੱਭਣ ਦੀ ਲੋੜ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਉਹ ਲੋਕ ਵੀ ਪ੍ਰਭਾਵਿਤ ਹੋਣਗੇ ਜਿੰਨ੍ਹਾਂ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਐਪਸ ਬਲਾਕ ਕਰਨ ਨਾਲ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਲੋਕ ਬੈਂਕਿੰਗ ਸੇਵਾਵਾਂ, ਟਰੇਨਾਂ ਤੇ ਏਅਰਲਾਈਨ ਟਿਕਟਾਂ ਲਈ ਵੀ ਐਪਸ ਤੇ ਭਰੋਸਾ ਕਰਦੇ ਹਨ।






















