Inverter Vs Non-Inverter AC: ਹੁਣ ਖਰੀਦੋ ਨਵੀਂ ਟੈਕਨਾਲੌਜੀ ਵਾਲਾ ਏਸੀ, ਬੇਹੱਦ ਘੱਟ ਆਏਗਾ ਬਿਜਲੀ ਦਾ ਬਿੱਲ
Inverter Vs Non-Inverter AC: ਅਪਰੈਲ ਚੜ੍ਹਦਿਆਂ ਹੀ ਪਾਰਾ ਚੜ੍ਹਨਾ ਸ਼ੁਰੂ ਹੋ ਗਿਆ ਹੈ। ਬੇਸ਼ੱਕ ਅਸਲ ਗਰਮੀ ਮਈ ਤੋਂ ਹੀ ਸ਼ੁਰੂ ਹੋਏਗੀ ਪਰ ਏਅਰ ਕੰਡੀਸ਼ਨਰਾਂ ਦੀ ਮੰਗ ਹੁਣੇ ਤੋਂ ਹੀ ਤੇਜ਼ ਹੋ ਗਈ ਹੈ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਸੀਜ਼ਨ ਸ਼ੁਰੂ

Inverter Vs Non-Inverter AC: ਅਪਰੈਲ ਚੜ੍ਹਦਿਆਂ ਹੀ ਪਾਰਾ ਚੜ੍ਹਨਾ ਸ਼ੁਰੂ ਹੋ ਗਿਆ ਹੈ। ਬੇਸ਼ੱਕ ਅਸਲ ਗਰਮੀ ਮਈ ਤੋਂ ਹੀ ਸ਼ੁਰੂ ਹੋਏਗੀ ਪਰ ਏਅਰ ਕੰਡੀਸ਼ਨਰਾਂ ਦੀ ਮੰਗ ਹੁਣੇ ਤੋਂ ਹੀ ਤੇਜ਼ ਹੋ ਗਈ ਹੈ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਏਸੀ ਖਰੀਦਣਾ ਸਸਤਾ ਪਏਗਾ। ਕੁਝ ਹੱਦ ਤੱਕ ਇਹ ਗੱਲ ਸਹੀ ਵੀ ਹੈ ਕਿਉਂਕਿ ਬਹੁਤ ਸਾਰੇ ਦੁਕਾਨਦਾਰ ਪਿਛਲਾ ਸਟਾਕ ਕੱਢਣ ਲਈ ਰੇਟ ਵਿੱਚ ਛੂਟ ਦੇ ਰਹੇ ਹਨ। ਉਂਝ ਏਸੀ ਖਰੀਦਣਾ ਤਾਂ ਕੋਈ ਔਖਾ ਨਹੀਂ ਪਰ ਬਿਜਲੀ ਦੇ ਮੋਟੇ ਬਿੱਲ ਦਾ ਡਰ ਹਰ ਕਿਸੇ ਨੂੰ ਸਤਾਉਂਦਾ ਹੈ।
ਦਰਅਸਲ ਅੱਜ ਅਸੀਂ ਇਸ ਬਾਰੇ ਹੀ ਗੱਲ ਕਰਾਂਗੇ। ਅਸੀਂ ਦੱਸਾਂਗੇ ਕਿ ਕਿਹੜਾ ਏਸੀ ਖਰੀਦ ਕੇ ਬਿਜਲੀ ਬਿੱਲ ਘੱਟ ਕੀਤਾ ਜਾ ਸਕਦਾ ਹੈ। ਦਰਅਸਲ ਬਾਜ਼ਾਰ ਵਿੱਚ ਹੁਣ ਇਨਵਰਟਰ ਏਸੀ ਤੇ ਨਾਨ ਇਨਵਰਟਰ ਏਸੀ ਆ ਰਹੇ ਹਨ। ਇਨਵਰਟਰ ਏਸੀ ਥੋੜ੍ਹਾ ਮਹਿੰਗਾ ਹੈ ਪਰ ਬਿਜਲੀ ਦੀ ਖਪਤ ਘੱਟ ਹੁੰਦੀ ਹੈ। ਇਸ ਲਈ ਜਦੋਂ ਵੀ ਏਸੀ ਖਰੀਦਣ ਦੀ ਗੱਲ ਆਉਂਦੀ ਹੈ, ਤਾਂ ਗਾਹਕਾਂ ਸਾਹਮਣੇ ਵੱਡਾ ਸਵਾਲ ਇਹੀ ਹੁੰਦਾ ਹੈ ਕਿ ਕੀ ਉਨ੍ਹਾਂ ਨੂੰ ਇਨਵਰਟਰ ਏਸੀ ਖਰੀਦਣਾ ਚਾਹੀਦਾ ਹੈ ਜਾਂ ਨਾਨ-ਇਨਵਰਟਰ ? ਦੋਵਾਂ ਵਿੱਚ ਕੀ ਅੰਤਰ ਹੈ ਤੇ ਕਿਹੜਾ ਏਸੀ ਜ਼ਿਆਦਾ ਫਾਇਦੇਮੰਦ ਰਹੇਗਾ? ਜੇਕਰ ਤੁਸੀਂ ਵੀ ਇਸ ਬਾਰੇ ਉਲਝਣ ਵਿੱਚ ਹੋ ਤਾਂ ਆਓ ਜਾਣਦੇ ਹਾਂ ਕਿ ਇਨ੍ਹਾਂ ਦੋਵਾਂ ਏਸੀ ਦੀ ਤਕਨਾਲੋਜੀ ਤੇ ਕੰਮ ਕਰਨ ਦੇ ਢੰਗ ਵਿੱਚ ਅਸਲ ਅੰਤਰ ਕੀ ਹੈ।
ਇਨਵਰਟਰ ਏਸੀ ਕੀ ਹਨ?
ਇਨਵਰਟਰ ਏਸੀ ਇੱਕ ਉੱਨਤ ਤਕਨਾਲੋਜੀ ਨਾਲ ਲੈਸ ਹੈ। ਇਸ ਵਿੱਚ ਲੱਗੇ ਕੰਪ੍ਰੈਸਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕਮਰੇ ਦੀ ਠੰਢਕ ਦੇ ਅਨੁਸਾਰ ਆਪਣੀ ਗਤੀ ਨੂੰ ਆਪਣੇ ਆਪ ਐਡਜਸਟ ਕਰਦਾ ਹੈ। ਇੱਕ ਵਾਰ ਜਦੋਂ ਕਮਰੇ ਦਾ ਤਾਪਮਾਨ ਨਿਰਧਾਰਤ ਪੱਧਰ 'ਤੇ ਪਹੁੰਚ ਜਾਂਦਾ ਹੈ, ਤਾਂ ਇਨਵਰਟਰ ਏਸੀ ਦਾ ਕੰਪ੍ਰੈਸਰ ਬੰਦ ਨਹੀਂ ਹੁੰਦਾ ਸਗੋਂ ਹੌਲੀ ਗਤੀ ਨਾਲ ਚੱਲਦਾ ਰਹਿੰਦਾ ਹੈ ਤੇ ਲੋੜ ਅਨੁਸਾਰ ਹੀ ਬਿਜਲੀ ਦੀ ਖਪਤ ਕਰਦਾ ਹੈ। ਇਸ ਤਰ੍ਹਾਂ ਇਹ ਬਿਜਲੀ ਦੀ ਬਚਤ ਕਰਦਾ ਹੈ। ਏਸੀ ਦੀ ਉਮਰ ਵਧਾਉਂਦਾ ਹੈ ਤੇ ਨਿਰੰਤਰ ਕੂਲਿੰਗ ਵੀ ਪ੍ਰਦਾਨ ਕਰਦਾ ਹੈ।
ਨਾਨ-ਇਨਵਰਟਰ ਏਸੀ ਕੀ ਹਨ?
ਦੂਜੇ ਪਾਸੇ ਨਾਨ-ਇਨਵਰਟਰ ਏਸੀ ਪੁਰਾਣੇ ਤਰੀਕੇ ਨਾਲ ਕੰਮ ਕਰਦਾ ਹੈ। ਇਸ ਵਿੱਚ ਕੰਪ੍ਰੈਸਰ ਉਦੋਂ ਤੱਕ ਚੱਲਦਾ ਹੈ ਜਦੋਂ ਤੱਕ ਕਮਰੇ ਦਾ ਤਾਪਮਾਨ ਨਿਰਧਾਰਤ ਸੀਮਾ ਤੱਕ ਨਹੀਂ ਪਹੁੰਚ ਜਾਂਦਾ। ਤਾਪਮਾਨ ਘਟਣ 'ਤੇ ਕੰਪ੍ਰੈਸਰ ਬੰਦ ਹੋ ਜਾਂਦਾ ਹੈ ਤੇ ਤਾਪਮਾਨ ਵਧਣ 'ਤੇ ਦੁਬਾਰਾ ਸ਼ੁਰੂ ਹੋ ਜਾਂਦਾ ਹੈ। ਇਹ ਪ੍ਰਕਿਰਿਆ ਵਾਰ-ਵਾਰ ਹੁੰਦੀ ਹੈ ਜਿਸ ਨਾਲ ਬਿਜਲੀ ਦੀ ਖਪਤ ਵਧਦੀ ਹੈ, ਏਸੀ ਦੀ ਆਵਾਜ਼ ਉੱਚੀ ਹੁੰਦੀ ਹੈ ਤੇ ਕੰਪ੍ਰੈਸਰ 'ਤੇ ਵਾਧੂ ਦਬਾਅ ਵੀ ਪੈਂਦਾ ਹੈ।
ਇਨਵਰਟਰ ਤੇ ਨਾਨ-ਇਨਵਰਟਰ ਏਸੀ ਵਿੱਚ ਅੰਤਰ
1. ਕੀਮਤ ਦੀ ਗੱਲ ਕਰੀਏ ਤਾਂ ਨਾਨ-ਇਨਵਰਟਰ ਏਸੀ ਆਮ ਤੌਰ 'ਤੇ ਸਸਤੇ ਹੁੰਦੇ ਹਨ, ਜਦੋਂਕਿ ਇਨਵਰਟਰ ਏਸੀ ਦੀ ਕੀਮਤ ਥੋੜ੍ਹੀ ਜ਼ਿਆਦਾ ਹੁੰਦੀ ਹੈ।
2. ਨਾਨ-ਇਨਵਰਟਰ ਏਸੀ ਬਿਜਲੀ ਦੇ ਬਿੱਲ ਜ਼ਿਆਦਾ ਲਿਆਉਂਦੇ ਹਨ, ਜਦੋਂਕਿ ਇਨਵਰਟਰ ਏਸੀ ਬਿਜਲੀ ਦੀ ਬਚਤ ਕਰਦੇ ਹਨ ਤੇ ਲੰਬੇ ਸਮੇਂ ਵਿੱਚ ਤੁਹਾਡੀ ਜੇਬ ਨੂੰ ਰਾਹਤ ਦਿੰਦੇ ਹਨ।
3. ਇਨਵਰਟਰ ਏਸੀ ਨਿਰਵਿਘਨ ਕੂਲਿੰਗ ਦਿੰਦਾ ਹੈ ਤੇ ਵਾਰ-ਵਾਰ ਚਾਲੂ ਤੇ ਬੰਦ ਨਹੀਂ ਹੁੰਦਾ, ਜੋ ਨਾ ਸਿਰਫ਼ ਏਸੀ ਦੀ ਉਮਰ ਵਧਾਉਂਦਾ ਹੈ, ਬਲਕਿ ਸ਼ੋਰ ਨੂੰ ਵੀ ਘਟਾਉਂਦਾ ਹੈ।
ਕਿਹੜਾ ਏਸੀ ਬਿਹਤਰ?
ਜੇਕਰ ਤੁਸੀਂ ਹਰ ਰੋਜ਼ ਕਈ ਘੰਟੇ ਏਸੀ ਚਲਾਉਂਦੇ ਹੋ ਤੇ ਬਿਜਲੀ ਦੇ ਜ਼ਿਆਦਾ ਬਿੱਲਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਇਨਵਰਟਰ ਏਸੀ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੋ ਸਕਦਾ ਹੈ। ਹਾਲਾਂਕਿ, ਜੇਕਰ ਤੁਹਾਡੀ ਵਰਤੋਂ ਬਹੁਤ ਸੀਮਤ ਹੈ ਜਾਂ ਬਜਟ ਘੱਟ ਹੈ ਤਾਂ ਨਾਨ-ਇਨਵਰਟਰ ਏਸੀ ਨੂੰ ਵੀ ਇੱਕ ਵਿਕਲਪ ਵਜੋਂ ਵਿਚਾਰਿਆ ਜਾ ਸਕਦਾ ਹੈ।
ਕੁੱਲ ਮਿਲਾ ਕੇ ਇਨਵਰਟਰ ਏਸੀ ਤਕਨੀਕੀ ਤੌਰ 'ਤੇ ਉੱਤਮ, ਵਧੇਰੇ ਕਫ਼ਾਇਤੀ ਤੇ ਲੰਬੇ ਸਮੇਂ ਲਈ ਲਾਭਦਾਇਕ ਹੈ। ਇਸ ਲਈ ਏਸੀ ਖਰੀਦਦੇ ਸਮੇਂ ਕੀਮਤ ਦੇ ਅਨੁਸਾਰ ਹੀ ਨਹੀਂ, ਸਗੋਂ ਇਸ ਦੀ ਤਕਨਾਲੋਜੀ ਤੇ ਵਰਤੋਂ ਅਨੁਸਾਰ ਵੀ ਸਹੀ ਵਿਕਲਪ ਚੁਣਨਾ ਬਹੁਤ ਜ਼ਰੂਰੀ ਹੈ।






















