iphone 17 in India: ਭਾਰਤ 'ਚ ਵਿਕਣਗੇ ਦੇਸੀ ਆਈਫੋਨ 17! ਐਪਲ ਕੰਪਨੀ ਦਾ ਵੱਡਾ ਫੈਸਲਾ
ਚੀਨ ਨੂੰ ਪਛਾੜ ਕੇ ਭਾਰਤ ਅਮਰੀਕਾ ਨੂੰ ਸਮਾਰਟਫੋਨ ਦਾ ਸਭ ਤੋਂ ਵੱਡਾ ਨਿਰਯਾਤਕ ਬਣ ਗਿਆ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਟੈਰਿਫ ਯੁੱਧ ਦੇ ਵਿਚਕਾਰ ਨਿਰਮਾਣ ਸਪਲਾਈ ਚੇਨ ਚੀਨ ਤੋਂ ਦੂਰ ਜਾ ਰਹੀ ਹੈ। ਖੋਜ ਫਰਮ ਕੈਨਾਲਿਸ ਅਨੁਸਾਰ...

Production of iphone 17 in India: ਐਪਲ ਕੰਪਨੀ ਨੇ ਵੱਡਾ ਫੈਸਲਾ ਕੀਤਾ ਹੈ। ਐਪਲ ਵੱਲੋਂ ਭਾਰਤ ਵਿੱਚ ਦੇਸੀ ਆਈਫੋਨ 17 ਵੇਚਿਆ ਜਾਏਗਾ। ਇਸ ਲਈ ਆਈਫੋਨ 17 ਦਾ ਉਤਪਾਦਨ ਭਾਰਤ ਵਿੱਚ ਹੀ ਕੀਤਾ ਜਾ ਰਿਹਾ ਹੈ। ਯਾਨੀ ਭਾਰਤ ਵਿੱਚ ਬਣੇ ਆਈਫੋਨ 17 ਹੀ ਭਾਰਤ ਵਿੱਚ ਵੇਚੇ ਜਾਣਗੇ। ਫੌਕਸਕੌਨ ਵੱਲੋਂ ਆਈਫੋਨ 17 ਦਾ ਉਤਪਾਦਨ ਬੰਗਲੁਰੂ ਸਥਿਤ ਨਵੇਂ ਪਲਾਂਟ ਵਿੱਚ ਕੀਤਾ ਜਾ ਰਿਹਾ ਹੈ। ਚੀਨ ਤੋਂ ਬਾਹਰ ਬੰਗਲੁਰੂ ਫੌਕਸਕੌਨ ਦਾ ਦੂਜਾ ਸਭ ਤੋਂ ਵੱਡਾ ਨਿਰਮਾਣ ਸਥਾਨ ਹੈ, ਜਿਸ ਵਿੱਚ ਲਗਪਗ 25,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ।
ਸੂਤਰਾਂ ਮੁਤਾਬਕ ਐਪਲ ਲਈ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਫੌਕਸਕੌਨ ਨੇ ਭਾਰਤ ਵਿੱਚ ਆਈਫੋਨ 17 ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਇਕਨਾਮਿਕ ਟਾਈਮਜ਼ ਦੀ ਰਿਪੋਰਟ ਅਨੁਸਾਰ ਇਹ ਉਤਪਾਦਨ ਬੰਗਲੁਰੂ ਵਿੱਚ ਨਵੇਂ ਪਲਾਂਟ ਵਿੱਚ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਚੀਨ ਨੇ ਅਚਾਨਕ ਭਾਰਤ ਵਿੱਚ ਆਈਫੋਨ ਬਣਾਉਣ ਵਾਲੇ 300 ਤੋਂ ਵੱਧ ਇੰਜੀਨੀਅਰਾਂ ਤੇ ਟੈਕਨੀਸ਼ੀਅਨਾਂ ਨੂੰ ਵਾਪਸ ਬੁਲਾ ਲਿਆ ਸੀ। ਇਸ ਕਾਰਨ ਆਈਫੋਨ 17 ਦਾ ਉਤਪਾਦਨ ਰੁਕ ਗਿਆ ਸੀ।
ਹੁਣ ਕੰਪਨੀ ਤਾਈਵਾਨ ਸਮੇਤ ਹੋਰ ਦੇਸ਼ਾਂ ਦੇ ਮਾਹਰਾਂ ਨੂੰ ਬੁਲਾ ਕੇ ਇਸ ਪਾੜੇ ਨੂੰ ਪੂਰਾ ਕਰ ਰਹੀ ਹੈ। ਹਾਲਾਂਕਿ, ਭਾਰਤ ਵਿੱਚ ਆਈਫੋਨ 17 ਦਾ ਉਤਪਾਦਨ ਛੋਟੇ ਪੱਧਰ 'ਤੇ ਸ਼ੁਰੂ ਹੋਇਆ ਹੈ। ਚੀਨੀ ਇੰਜੀਨੀਅਰ ਫੌਕਸਕੌਨ ਦੀਆਂ ਹਾਈ-ਟੈਕ ਅਸੈਂਬਲੀ ਲਾਈਨਾਂ, ਫੈਕਟਰੀ ਡਿਜ਼ਾਈਨ ਤੇ ਭਾਰਤੀ ਕਰਮਚਾਰੀਆਂ ਨੂੰ ਸਿਖਲਾਈ ਦੇਣ 'ਤੇ ਕੰਮ ਕਰ ਰਹੇ ਸਨ। ਇਸ ਲਈ ਭਾਰਤ ਸਰਕਾਰ ਨੇ ਚੀਨੀ ਇੰਜਨੀਅਰਾਂ ਲਈ ਵੀਜ਼ਾ ਸਹੂਲਤ ਵੀ ਪ੍ਰਦਾਨ ਕੀਤੀ ਸੀ ਤਾਂ ਜੋ ਉਤਪਾਦਨ ਵਿੱਚ ਕੋਈ ਰੁਕਾਵਟ ਨਾ ਆਵੇ।
ਇਹ ਵੀ ਅਹਿਮ ਖਬਰ ਹੈ ਕਿ ਚੀਨ ਨੂੰ ਪਛਾੜ ਕੇ ਭਾਰਤ ਅਮਰੀਕਾ ਨੂੰ ਸਮਾਰਟਫੋਨ ਦਾ ਸਭ ਤੋਂ ਵੱਡਾ ਨਿਰਯਾਤਕ ਬਣ ਗਿਆ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਟੈਰਿਫ ਯੁੱਧ ਦੇ ਵਿਚਕਾਰ ਨਿਰਮਾਣ ਸਪਲਾਈ ਚੇਨ ਚੀਨ ਤੋਂ ਦੂਰ ਜਾ ਰਹੀ ਹੈ। ਖੋਜ ਫਰਮ ਕੈਨਾਲਿਸ ਅਨੁਸਾਰ ਇਸ ਸਾਲ ਅਪ੍ਰੈਲ-ਜੂਨ ਵਿੱਚ ਅਮਰੀਕਾ ਨੂੰ ਆਯਾਤ ਕੀਤੇ ਗਏ ਸਮਾਰਟਫੋਨਾਂ ਵਿੱਚ ਮੇਡ ਇਨ ਇੰਡੀਆ ਦਾ ਹਿੱਸਾ 44% ਸੀ। ਪਿਛਲੇ ਸਾਲ ਅਪ੍ਰੈਲ-ਜੂਨ ਵਿੱਚ ਭਾਰਤ ਦਾ ਹਿੱਸਾ ਸਿਰਫ 13% ਸੀ। ਦੂਜੇ ਪਾਸੇ ਜੂਨ ਤਿਮਾਹੀ ਵਿੱਚ ਅਮਰੀਕਾ ਨੂੰ ਨਿਰਯਾਤ ਕੀਤੇ ਗਏ ਸਮਾਰਟਫੋਨਾਂ ਵਿੱਚ ਚੀਨ ਦਾ ਹਿੱਸਾ ਘੱਟ ਕੇ 25% ਰਹਿ ਗਿਆ ਜੋ ਇੱਕ ਸਾਲ ਪਹਿਲਾਂ 61% ਸੀ।
ਇਸ ਸਾਲ ਜੂਨ ਤੱਕ ਭਾਰਤ ਵਿੱਚ 2.39 ਕਰੋੜ ਆਈਫੋਨ ਬਣਾਏ ਗਏ ਹਨ। ਅਮਰੀਕਾ ਵਿੱਚ ਵਿਕਣ ਵਾਲੇ 78% ਆਈਫੋਨ ਭਾਰਤ ਵਿੱਚ ਬਣਾਏ ਜਾ ਰਹੇ ਹਨ। ਮਾਰਕੀਟ ਖੋਜਕਰਤਾ ਕੈਨਾਲਿਸ ਅਨੁਸਾਰ 2025 ਵਿੱਚ ਜਨਵਰੀ ਤੋਂ ਜੂਨ ਦੇ ਵਿਚਕਾਰ ਭਾਰਤ ਵਿੱਚ 23.9 ਮਿਲੀਅਨ (2 ਕਰੋੜ 39 ਲੱਖ) ਆਈਫੋਨ ਬਣਾਏ ਗਏ ਸਨ ਜੋ ਪਿਛਲੇ ਸਾਲ ਨਾਲੋਂ 53% ਵੱਧ ਹੈ।
ਇਸ ਦੇ ਨਾਲ ਹੀ ਖੋਜ ਫਰਮ ਸਾਈਬਰਮੀਡੀਆ ਰਿਸਰਚ ਦੇ ਅਨੁਸਾਰ ਭਾਰਤ ਤੋਂ ਆਈਫੋਨ ਨਿਰਯਾਤ (ਭਾਰਤ ਤੋਂ ਵਿਦੇਸ਼ਾਂ ਵਿੱਚ ਭੇਜੇ ਗਏ ਆਈਫੋਨ) ਵੀ ਵਧ ਕੇ 22.88 ਮਿਲੀਅਨ (2 ਕਰੋੜ 28 ਲੱਖ) ਯੂਨਿਟ ਹੋ ਗਏ ਹਨ। ਪਿਛਲੇ ਸਾਲ (ਜਨਵਰੀ ਤੋਂ ਜੂਨ) ਇਸੇ ਸਮੇਂ ਦੌਰਾਨ ਭਾਰਤ ਵਿੱਚ ਆਈਫੋਨ ਨਿਰਮਾਣ ਦਾ ਅੰਕੜਾ 15.05 ਮਿਲੀਅਨ (1 ਕਰੋੜ 50 ਲੱਖ) ਸੀ। ਯਾਨੀ ਇਸ ਵਿੱਚ ਸਾਲਾਨਾ ਆਧਾਰ 'ਤੇ 52% ਦਾ ਵਾਧਾ ਹੋਇਆ ਹੈ।






















