ਆਜ਼ਾਦੀ ਦਿਹਾੜੇ ਤੋਂ ਪਹਿਲਾਂ ਯੂਪੀ ਨੂੰ ਦਹਿਲਾਉਣ ਦੀ ਸਾਜ਼ਿਸ਼ UP ATS ਨੇ ਕੀਤੀ ਨਾਕਾਮ, ISIS ਅੱਤਵਾਦੀ ਨੂੰ ਕੀਤਾ ਗ੍ਰਿਫਤਾਰ
ਲਖਨਊ: ਉੱਤਰ ਪ੍ਰਦੇਸ਼ ਦੀ ਅੱਤਵਾਦ ਰੋਕੂ ਫੋਰਸ (ATS) ਨੇ ਆਜ਼ਮਗੜ੍ਹ ਦੇ ਮੁਬਾਰਕਪੁਰ ਤੋਂ ਇੱਕ ਸ਼ੱਕੀ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਏਟੀਐਸ ਮੁਤਾਬਕ ਸ਼ੱਕੀ ਅੱਤਵਾਦੀ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ISIS ਨਾਲ ਜੁੜਿਆ ਹੋਇਆ ਹੈ ਅਤੇ ਆਜ਼ਾਦੀ ਦਿਵਸ ਦੇ ਮੌਕੇ 'ਤੇ ਆਈਈਡੀ ਧਮਾਕੇ ਦੀ ਤਿਆਰੀ ਕਰ ਰਿਹਾ ਸੀ। ਅਧਿਕਾਰਤ ਜਾਣਕਾਰੀ ਮੁਤਾਬਕ ਗ੍ਰਿਫਤਾਰ ਸ਼ੱਕੀ ਅੱਤਵਾਦੀ ਦੀ ਪਛਾਣ ਸਬਾਊਦੀਨ ਆਜ਼ਮੀ ਉਰਫ ਦਿਲਾਵਰ ਖ਼ਾਨ ਉਰਫ ਬੈਰਮ ਖ਼ਾਨ ਉਰਫ ਅਜ਼ਹਰ ਵਜੋਂ ਹੋਈ ਹੈ। ਪੁਲਿਸ ਦੀ ਅਧਿਕਾਰਤ ਜਾਣਕਾਰੀ ਮੁਤਾਬਕ ਸ਼ੱਕੀ ਅੱਤਵਾਦੀ ਆਜ਼ਮਗੜ੍ਹ ਜ਼ਿਲ੍ਹੇ ਦੇ ਅਮੇਲੋ ਇਲਾਕੇ ਦਾ ਰਹਿਣ ਵਾਲਾ ਹੈ। ਸਬਾਊਦੀਨ ਲੋਕਾਂ ਨੂੰ ਪੈਸੇ ਦਾ ਲਾਲਚ ਦੇ ਕੇ ਆਈਐਸਆਈਐਸ ਵਿੱਚ ਸ਼ਾਮਲ ਹੋਣ ਲਈ ਕਹਿੰਦਾ ਹੈ। ਉਹ ਸੋਸ਼ਲ ਮੀਡੀਆ ਰਾਹੀਂ ISIS ਦਾ ਪ੍ਰਚਾਰ ਵੀ ਕਰਦਾ ਹੈ। ਸਬਾਊਦੀਨ ਖ਼ਿਲਾਫ਼ ਲਖਨਊ ਵਿੱਚ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 121ਏ, 122, 123, ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।






















