Punjab News 'ਚ ਵੇਖੋ ਪੰਜਾਬ ਦੇ ਕਾਰਜਕਾਰੀ DGP ਦਰਬਾਰ ਸਾਹਿਬ ਹੋਏ ਨਤਮਸਤਕ ਅਤੇ ਗਿੱਦੜਬਾਹਾ ਦੇ ਕਿਸਾਨ ਨੇ 2 ਏਕੜ ਫਸਲ ਵਾਹੀ
ਸਿਮਰਜੀਤ ਬੈਂਸ ਦੀ ਲੁਧਿਆਣਾ ਕੋਰਟ 'ਚ ਪੇਸ਼ੀ
ਕਥਿਤ ਰੇਪ ਮਾਮਲੇ ਚ ਗ੍ਰਿਫਤਾਰ ਸਿਮਰਜੀਤ ਬੈਂਸ ਨੂੰ ਲੁਧਿਆਣਾ ਕੋਰਟ ਚ ਪੇਸ਼ ਕੀਤਾ ਗਿਆ ਹੈ। 11 ਜੁਲਾਈ ਨੂੰ ਸਿਮਰਜੀਤ ਬੈਂਸ ਨੇ ਲੁਧਿਆਣਾ ਕੋਰਟ ਸਰੰਡਰ ਕੀਤਾ ਸੀ ਅਤੇ ਕੋਰਟ ਨੇ ਉਨਾਂ ਨੂੰ ਤਿੰਨ ਦੇ ਰਿਮਾਂਡ ਤੇ ਭੇਜਿਆ ਸੀ। ਅੱਜ ਰਿਮਾਂਡ ਖਤਮ ਹੋਣ 'ਤੇ ਉਨ੍ਹਾਂ ਨੂੰ ਮੁੜ ਕੋਰਟ 'ਚ ਪੇਸ਼ ਲਿਆਂਦਾ ਗਿਆ। ਸਿਮਰਜੀਤ ਬੈਂਸ ਖਿਲਾਫ ਲੁਧਿਆਣਾ 'ਚ ਜੁਲਾਈ 2021 'ਚ ਰੇਪ ਦਾ ਕੇਸ ਦਰਜ ਹੋਇਆ ਸੀ। ਲੁਧਿਆਣਾ ਕੋਰਟ ਨੇ ਇਸ ਮਾਮਲੇ 'ਚ ਬੈਂਸ ਸਣੇ ਕੁੱਲ 7 ਮੁਲਜ਼ਮਾਂ ਨੂੰ ਭਗੌੜਾ ਕਰਾਰ ਦਿੱਤਾ ਸੀ। ਬੈਂਸ ਅਤੇ ਉਨਾਂ ਦੇ ਸਾਥੀਆਂ ਦੇ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 6 ਅਤੇ ਹੋਰਨਾਂ ਜਨਤਕ ਥਾਂਵਾਂ ਤੇ ਭਗੌੜਾ ਹੋਣ ਦੇ ਪੋਸਟਰ ਵੀ ਲੱਗੇ ਸੀ।
ਪੰਜਾਬ ਦੇ ਕਾਰਜਕਾਰੀ DGP ਦਰਬਾਰ ਸਾਹਿਬ ਹੋਏ ਨਤਮਸਤਕ
ਪੰਜਾਬ ਦੇ ਨਵਨਿਯੁਕਤ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਅੱਜ ਸਵੇਰੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਸੂਬੇ ਦੀ ਅਮਨ ਸ਼ਾਂਤੀ ਲਈ ਡੀਜੀਪੀ ਯਾਦਵ ਨੇ ਵਾਹਿਗੁਰੂ ਦੇ ਚਰਨਾ 'ਚ ਅਰਦਾਸ ਬੇਨਤੀ ਕੀਤੀ। ਗੌਰਵ ਯਾਦਵ ਨੇ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਕਿਹਾ ਕਿ ਸੂਬੇ 'ਚ ਛੇਤੀ ਹੀ ਗੈੰਗਸਟਰਾਂ ਦਾ ਖਾਤਮਾ ਕਰ ਦਿੱਤਾ ਜਾਵੇਗਾ ਤੇ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਨਸ਼ਿਆਂ ਤੇ ਗੈੰਗਸਟਰਾਂ ਖਿਲਾਫ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਜਾਵੇਗੀ ਤੇ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰਾਂ ਦਰੁੱਸਤ ਕੀਤਾ ਜਾਵੇਗਾ। ਡੀਜੀਪੀ ਨਾਲ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਅਰੁਣਪਾਲ ਸਿੰਘ ਤੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਵੀ ਹਾਜਰ ਸਨ...ਦਰਬਾਰ ਸਾਹਿਬ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਦੁਰਗਿਆਣਾ ਮੰਦਰ ਤੀਰਥ ਧਾਮ ਵੀ ਨਤਮਸਤਕ ਹੋਏ।
ਗਿੱਦੜਬਾਹਾ ਦੇ ਕਿਸਾਨ ਨੇ 2 ਏਕੜ ਫਸਲ ਵਾਹੀ, ਮਾਨ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ
ਚਿੱਟੇ ਮੱਛਰ ਤੋਂ ਪਰੇਸ਼ਾਨ ਗਿੱਦੜਬਾਹਾ ਦੇ ਇੱਕ ਕਿਸਾਨ ਨੇ 2 ਏਕੜ ਖੜ੍ਹੀ ਨਰਮੇ ਦੀ ਫਸਲ ਵਾਹ ਦਿੱਤੀ। ਨਰਮੇ ਦੀ ਫਸਲ 'ਤੇ ਚਿੱਟੇ ਮੱਛਰ ਦਾ ਅਟੈਕ ਹੋਇਆ ਜਿਸ ਕਾਰਨ ਫਸਲ ਖਰਾਬ ਹੋ ਗਈ। ਬੇਵੱਸ ਕਿਸਾਨ ਨੇ ਨਿਰਾਸ਼ ਹੋ ਕੇ ਆਪਣੀ ਪੂਰੀ ਫਸਲ ਵਾਹ ਦਿੱਤੀ। ਨਰਮਾ ਪੱਟੀ ਤੇ ਇਸ ਵਾਰ ਗੁਲਾਬੀ ਸੁੰਡੀ ਨਾਲੋਂ ਚਿੱਟੇ ਮੱਛਰ ਦਾ ਅਟੈਕ ਵੱਧ ਹੋਇਆ। ਮੰਗਲਵਾਰ ਨੂੰ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਵਲੋਂ ਬਠਿੰਡਾ ਦੇ ਪਿੰਡਾਂ ਦਾ ਦੌਰਾ ਵੀ ਕੀਤਾ ਗਿਆ ਸੀ। ਖੇਤੀਬਾੜੀ ਮੰਤਰੀ ਵੱਲੋਂ ਨਰਮਾ ਪੱਟੀ ਦੇ 6 ਜ਼ਿਲਿਆਂ ਲਈ 37 ਟੀਮਾਂ ਦਾ ਗਠਨ ਕੀਤਾ ਗਿਆ, ਜੋ ਹਾਲਾਤ ਦਾ ਜਾਇਜ਼ਾ ਲੈ ਰਹੀਆਂ ਅਤੇ ਜਲਦ ਰਿਪੋਰਟ ਸੌਂਪੀ ਜਾਵੇਗੀ। ਉਧਰ ਪਰੇਸ਼ਾਨ ਕਿਸਾਨਾਂ ਨੇ ਮਾਨ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਜਲਦ ਤੋਂ ਜਲਦ ਉਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਕੱਚੇ ਮੁਲਾਜ਼ਮਾਂ ਲਈ ਗਠਿਤ ਸਬ ਕਮੇਟੀ ਦੀ ਕੈਬਨਿਟ ਮੰਤਰੀ ਹਰਪਾਲ ਚੀਮਾ ਦੀ ਅਗਵਾਈ 'ਚ ਦੂਜੀ ਬੈਠਕ
ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਗਠਿਤ ਕੈਬਨਿਟ ਦੀ ਸਬ ਕਮੇਟੀ ਦੀ ਅੱਜ ਦੂਜੀ ਬੈਠਕ ਹੈ। ਕੈਬਨਿਟ ਮੰਤਰੀ ਹਰਪਾਲ ਚੀਮਾ ਦੀ ਅਗਵਾਈ ਚ ਹੋਣ ਵਾਲੀ ਬੈਠਕ 'ਚ ਮੀਤ ਹੇਅਰ ਅਤੇ ਹਰਜੋਤ ਬੈਂਸ ਵੀ ਸ਼ਾਮਿਲ ਹੋਣਗੇ। ਪਿਛਲੀ ਬੈਠਕ ਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਦਰਪੇਸ਼ ਕਾਨੂੰਨੀ ਪੇਚਾਂ ਤੇ ਮੰਥਨ ਕੀਤਾ ਗਿਆ। ਕਾਨੂੰਨੀ ਪੇਚਾਂ ਨੂੰ ਹੱਲ ਕਰਨ ਲਈ ਕਾਨੂੰਨੀ ਮਾਹਰਾਂ ਦੀ ਵਿਸ਼ੇਸ਼ ਟੀਮ ਗਠਿਤ ਕਰਨ 'ਤੇ ਵੀ ਸਹਿਮਤੀ ਬਣੀ ਸੀ। ਦੱਸ ਦੇਈਏ ਕਿ ਮਾਨ ਸਰਕਾਰ ਨੇ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਪਰ ਇਸ ਰਾਹ ਚ ਕਈ ਕਾਨੂੰਨੀ ਅੜਚਨਾਂ ਪੇਸ਼ ਆ ਰਹੀਆਂ ਜਿਨਾਂ ਨੂੰ ਹੱਲ ਕਰਨ ਲਈ ਇਸ ਕਮੇਟੀ ਦਾ ਗਠਨ ਕੀਤਾ ਗਿਆ।