DAP ਨਾ ਮਿਲਣ ਕਰਕੇ ਕਿਸਾਨਾਂ ਨੇ ਘੇਰਿਆ ਮਾਰਕਫੈੱਡ ਗੋਦਾਮ, ਕਿਹਾ ਬਿਜਾਈ ਹੋ ਰਹੀ ਹੈ ਲੇਟ, ਮੰਗਾਂ ਨਾ ਮੰਨੀਆਂ ਤਾਂ ਵਿੱਢਾਂਗੇ ਸੰਘਰਸ਼
DAP ਨਾ ਮਿਲਣ ਕਰਕੇ ਕਿਸਾਨਾਂ ਨੇ ਘੇਰਿਆ ਮਾਰਕਫੈੱਡ ਗੋਦਾਮ, ਕਿਹਾ ਬਿਜਾਈ ਹੋ ਰਹੀ ਹੈ ਲੇਟ, ਮੰਗਾਂ ਨਾ ਮੰਨੀਆਂ ਤਾਂ ਵਿੱਢਾਂਗੇ ਸੰਘਰਸ਼
Punjab News: ਕਿਸਾਨਾ ਨੇ ਖੰਨਾ ਵਿੱਚ ਡੀਏਪੀ ਨਾ ਮਿਲਣ ਕਾਰਨ ਮਾਰਕਫੈੱਡ ਗੋਦਾਮ ਦੇ ਬਾਹਰ ਧਰਨਾ ਲਾ ਦਿੱਤਾ। ਇਸ ਮੌਕੇ ਕਿਸਾਨਾਂ ਨੇ ਮਾਰਕਫੈੱਡ ਤੇ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਧਰਨਾ ਲਾ ਰਹੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਣਕ ਦੀ ਬਿਜਾਈ ਲਈ ਡੀਏਪੀ ਖਾਦ ਨਹੀਂ ਮਿਲ ਰਹੀ ਜੇਕਰ ਸਾਨੂੰ ਖਾਦ ਨਹੀਂ ਮਿਲਦੀ ਤਾਂ ਸਾਡੀ ਫ਼ਸਲ ਬੀਜਣ ਵਿੱਚ ਦੇਰ ਹੋ ਜਾਵੇਗੀ ਜਿਸ ਨਾਲ ਕਾਫ਼ੀ ਨੁਕਸਾਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾ ਹੀ ਕਿਸਾਨਾਂ ਦੀ ਫ਼ਸਲ ਨੂੰ ਨੁਕਸਾਨ ਹੋਇਆ ਹੈ, ਹੁਣ ਜੇਕਰ ਸਾਨੂ ਖਾਦ ਨਹੀਂ ਮਿਲਦੀ ਤਾਂ ਉਨ੍ਹਾਂ ਨੂੰ ਮਜਬੂਰੀ ਵਿੱਚ ਪਰਿਵਾਰ ਸਮੇਤ ਜੀਟੀ ਰੋਡ ਉੱਤੇ ਜਾਮ ਲਗਾਉਣਾ ਪਵੇਗਾ।
ਇਸ ਮੌਕੇ ਧਰਨਾ ਦੇ ਰਹੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੁਸਾਇਟੀ ਤੋਂ ਹਾਲੇ ਤੱਕ ਡੀਏਪੀ ਦਾ ਇੱਕ ਵੀ ਟਰੱਕ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਡੀਏਪੀ ਨਾ ਮਿਲਣ ਕਾਰਨ ਉਨ੍ਹਾਂ ਦੀ ਕਣਕ ਦੀ ਬਿਜਾਈ ਲੇਟ ਹੋ ਰਹੀ ਹੈ ਤੇ ਜੇ ਇਸ ਤੋਂ ਬਾਅਦ ਮੀਂਹ ਪੈ ਗਿਆ ਤਾਂ ਬਿਜਾਈ ਹੋਰ ਵੀ ਲੇਟ ਹੋ ਜਾਵੇਗੀ।
ਧਰਨਾਕਾਰੀ ਕਿਸਾਨਾਂ ਨੇ ਕਿਹਾ ਕਿ ਕਈ ਵਾਰ ਉਨ੍ਹਾਂ ਨੇ ਇਸ ਬਾਬਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਪਰ ਫਿਰ ਵੀ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੋਇਆ, ਬੱਸ ਹਰ ਵਾਰ ਭਰੋਸਾ ਦੇ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ ਪਰ ਉਨ੍ਹਾਂ ਦਾ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ।
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਮਜਬੂਰੀ ਕਾਰਨ ਉਨ੍ਹਾਂ ਨੂੰ ਧਰਨਾ ਲਾਉਣਾ ਪੈ ਰਿਹਾ ਹੈ ਨਹੀਂ ਉਨ੍ਹਾਂ ਦਾ ਜੀਅ ਨਹੀਂ ਕਰਦਾ ਕਿ ਲੋਕਾਂ ਨੂੰ ਤੰਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਕਿਸਾਨਾਂ ਨੂੰ ਕਿਵੇਂ ਤੰਗ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਖ਼ਤ ਰਵੱਈਏ ਨਾਲ ਕਿਹਾ ਕਿ ਜੇ ਛੇਤੀ ਹੀ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਪਰਿਵਾਰ ਸਮੇਤ ਹਾਈਵੇ ਜਾਮ ਕਰਕੇ ਨਾਅਰੇਬਾਜ਼ੀ ਕਰਨਗੇ।