ਦੁਨੀਆ ਦੇ ਸਭ ਤੋਂ ਇਕਲੇ ਵਿਅਕਤੀ ਦੀ ਮੌਤ, 8 ਹਜ਼ਾਰ ਹੈਕਟੇਅਰ ਜ਼ਮੀਨ ਦਾ ਇਕਲੌਤਾ ਵਾਰਸ
ਐਮਜ਼ੌਨ ਦੇ ਸੰਘਣੇ ਜੰਗਲਾਂ ਦੇ ਵਿਚਕਾਰ ਇੱਕ ਝੌਂਪੜੀ ਹੈ। 23 ਅਗਸਤ ਨੂੰ ਜਦੋਂ ਬ੍ਰਾਜ਼ੀਲ ਦੀ ਏਜੰਸੀ ਫੁਨਾਈ ਉੱਥੇ ਪਹੁੰਚੀ ਤਾਂ ਝੌਂਪੜੀ ਦੇ ਬਾਹਰ ਝੂਲੇ 'ਤੇ ਇੱਕ ਵਿਅਕਤੀ ਦੀ ਲਾਸ਼ ਮਿਲੀ। ਜੋ ਪਿਛਲੇ 26 ਸਾਲਾਂ ਤੋਂ ਇੱਥੇ ਇਕੱਲਾ ਰਹਿੰਦਾ ਸੀ
ਨਵੀਂ ਦਿੱਲੀ: ਐਮਜ਼ੌਨ ਦੇ ਸੰਘਣੇ ਜੰਗਲਾਂ ਦੇ ਵਿਚਕਾਰ ਇੱਕ ਝੌਂਪੜੀ ਹੈ। 23 ਅਗਸਤ ਨੂੰ ਜਦੋਂ ਬ੍ਰਾਜ਼ੀਲ ਦੀ ਏਜੰਸੀ ਫੁਨਾਈ ਉੱਥੇ ਪਹੁੰਚੀ ਤਾਂ ਝੌਂਪੜੀ ਦੇ ਬਾਹਰ ਝੂਲੇ 'ਤੇ ਇੱਕ ਵਿਅਕਤੀ ਦੀ ਲਾਸ਼ ਮਿਲੀ। ਜੋ ਪਿਛਲੇ 26 ਸਾਲਾਂ ਤੋਂ ਇੱਥੇ ਇਕੱਲਾ ਰਹਿੰਦਾ ਸੀ ਅਤੇ ਆਪਣੇ ਕਬੀਲੇ ਦਾ ਇਕਲੌਤਾ ਵਾਰਸ ਸੀ। ਉਸ ਦੀ ਮੌਤ ਨਾਲ ਉਹ ਕਬੀਲਾ ਅਤੇ ਇਸ ਦਾ ਕਲਚਰ ਵੀ ਖ਼ਤਮ ਹੋ ਗਿਆ।
ਉਸ ਕੋਲ 8,000 ਹੈਕਟੇਅਰ ਜ਼ਮੀਨ ਸੀ। 26 ਸਾਲ ਪਹਿਲਾਂ ਉਸ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਸ਼ੂ ਪਾਲਕਾਂ ਨੇ ਮਾਰ ਦਿੱਤਾ ਸੀ। ਰੈਂਚਰ ਖੇਤੀ ਅਤੇ ਪਸ਼ੂ ਪਾਲਣ ਕਰਨ ਵਾਲੇ ਲੋਕਾਂ ਨੂੰ ਕਹਿਦੇ ਹਨ।
ਕੋਈ ਨਹੀਂ ਜਾਣਦਾ ਕਿ ਇਸ ਆਦਮੀ ਦਾ ਨਾਂਅ ਕੀ ਸੀ। ਇਸ ਨੂੰ 'ਦ ਮੈਨ ਆਫ਼ ਦਾ ਹੋਲ' ਕਿਹਾ ਜਾਂਦਾ ਸੀ। ਉਸ ਨੂੰ ਇਹ ਨਾਂ ਇਸ ਲਈ ਦਿੱਤਾ ਗਿਆ ਕਿਉਂਕਿ ਉਸ ਨੇ ਆਪਣੇ ਰਹਿਣ ਲਈ ਇਲਾਕੇ ਵਿਚ ਕਈ ਵੱਡੇ-ਵੱਡੇ ਟੋਏ ਬਣਾਏ ਹੋਏ ਸੀ। ਇਹ ਨਾਂਅ ਵੀ ਉਸਨੂੰ ਫੁਨਾਈ ਨੇ ਦਿੱਤਾ। ਫੁਨਾਈ ਇੱਕ ਏਜੰਸੀ ਹੈ ਜੋ ਬ੍ਰਾਜ਼ੀਲ ਵਿੱਚ ਆਦਿਵਾਸੀ ਕਬੀਲਿਆਂ ਨੂੰ ਬਚਾਉਣ ਲਈ ਕੰਮ ਕਰਦੀ ਹੈ।
ਫਨਾਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਦੀ ਉਮਰ ਬਾਰੇ ਕਿਸੇ ਨੂੰ ਵੀ ਸਹੀ ਜਾਣਕਾਰੀ ਨਹੀਂ ਹੈ ਪਰ ਜੇਕਰ ਅੰਦਾਜ਼ਾ ਲਗਾਇਆ ਜਾਵੇ ਤਾਂ ਉਸ ਦੀ ਉਮਰ ਕਰੀਬ 60 ਸਾਲ ਹੋਵੇਗੀ।
ਫੁਨਾਈ ਨੇ ਸ਼ਨੀਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਹੋ ਸਕਦਾ ਹੈ ਕਿ ਇਸ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਹੋਵੇ। ਹਾਲਾਂਕਿ, ਉਨ੍ਹਾਂ ਨੇ ਝੌਂਪੜੀ ਅਤੇ ਆਸਪਾਸ ਦੇ ਖੇਤਰਾਂ ਦੀ ਖੋਜ ਲਈ ਅਪਰਾਧਿਕ ਮਾਹਰਾਂ ਨੂੰ ਭੇਜਿਆ ਹੈ। ਨਾਲ ਹੀ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰਾਜਧਾਨੀ ਬ੍ਰਾਸੀਲੀਆ ਭੇਜਿਆ ਹੈ। ਏਜੰਸੀ ਡੀਐਨਏ ਟੈਸਟ ਕਰੇਗੀ। ਇਸ ਤੋਂ ਬਾਅਦ ਉਸ ਨੂੰ ਵਾਪਸ ਜੰਗਲ ਵਿੱਚ ਦਫ਼ਨਾਇਆ ਜਾਵੇਗਾ।
ਦੱਸ ਦਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਕਬੀਲੇ ਦੇ ਵਿਨਾਸ਼ ਦੀ ਘਟਨਾ ਦਰਜ ਕੀਤੀ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਈ ਅਜਿਹੇ ਕਬੀਲੇ ਹਨ, ਜਿਨ੍ਹਾਂ ਦਾ ਦੁਨੀਆ ਨਾਲ ਕੋਈ ਸੰਪਰਕ ਨਹੀਂ ਹੈ। ਫੁਨਾਈ ਨੂੰ ਘੱਟੋ-ਘੱਟ 114 ਅਜਿਹੇ ਕਬੀਲਿਆਂ ਦੇ ਸਬੂਤ ਮਿਲੇ ਹਨ ਜੋ ਬਾਹਰੀ ਦੁਨੀਆ ਤੋਂ ਅਲੱਗ-ਥਲੱਗ ਰਹਿੰਦੇ ਹਨ। ਇਨ੍ਹਾਂ ਚੋਂ ਸਿਰਫ਼ 28 ਦੀ ਮੌਜੂਦਗੀ ਹੀ ਪੱਕੇ ਤੌਰ ’ਤੇ ਕਹੀ ਜਾ ਸਕਦੀ ਹੈ। ਇਸ ਕਾਰਨ ਬਾਕੀ 86 ਕਬੀਲਿਆਂ ਨੂੰ ਸਰਕਾਰ ਵੱਲੋਂ ਕਿਸੇ ਕਿਸਮ ਦੀ ਸੁਰੱਖਿਆ ਨਹੀਂ ਦਿੱਤੀ ਜਾ ਰਹੀ।