ਇੰਡੀਅਨ ਆਇਲ ਨੇ ਖਰੀਦਿਆ ਰੂਸ ਤੋਂ ਕੱਚਾ ਤੇਲ, ਮਈ ਤਕ 3 ਮਿਲੀਅਨ ਬੈਰਲ ਦੀ ਹੋਵੇਗੀ ਸਪਲਾਈ
Russia-Ukraine War : ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਖਪਤਕਾਰ ਅਤੇ ਦਰਾਮਦਕਾਰ ਹੈ। ਇਹ ਆਪਣੀਆਂ ਤੇਲ ਲੋੜਾਂ ਦਾ ਲਗਭਗ 85 ਫੀਸਦੀ ਦਰਾਮਦ ਕਰਦਾ ਹੈ। ਹੁਣ ਤੱਕ ਰੂਸ ਤੋਂ ਸਿਰਫ 2 ਤੋਂ 3 ਫੀਸਦੀ ਹੀ ਖਰੀਦਿਆ ਗਿਆ ਹੈ।
ਨਵੀਂ ਦਿੱਲੀ : ਰੂਸ ਅਤੇ ਯੂਕਰੇਨ (Russia-Ukraine War) ਵਿਚਾਲੇ ਚੱਲ ਰਹੇ ਯੁੱਧ ਦੌਰਾਨ ਇੰਡੀਅਨ ਆਇਲ ਨੇ ਸੋਮਵਾਰ ਨੂੰ ਵਿਟੋਲ ਨਾਲ 30 ਲੱਖ ਰੂਸੀ ਤੇਲ (ਯੂਰਲ) ਦਾ ਸਮਝੌਤਾ ਕੀਤਾ। ਮਈ ਵਿੱਚ ਇਸ ਦੀ ਸਪਲਾਈ ਕੀਤੀ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਫਰਵਰੀ 'ਚ ਯੂਕਰੇਨ 'ਤੇ ਰੂਸੀ ਹਮਲੇ ਤੋਂ ਬਾਅਦ ਇਹ ਪਹਿਲੀ ਡੀਲ ਹੈ।
ਜ਼ਿਕਰਯੋਗ ਹੈ ਕਿ ਯੂਕਰੇਨ 'ਤੇ ਹਮਲੇ ਤੋਂ ਬਾਅਦ ਅਮਰੀਕਾ ਸਮੇਤ ਕਈ ਪੱਛਮੀ ਦੇਸ਼ਾਂ ਨੇ ਰੂਸ 'ਤੇ ਸਖਤ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ ਹਨ। ਇੱਥੋਂ ਤੱਕ ਕਿ ਅਮਰੀਕਾ ਨੇ ਰੂਸੀ ਤੇਲ ਦੀ ਦਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ।
ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਖਪਤਕਾਰ ਅਤੇ ਦਰਾਮਦਕਾਰ ਹੈ
ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਖਪਤਕਾਰ ਅਤੇ ਦਰਾਮਦਕਾਰ ਹੈ। ਇਹ ਆਪਣੀਆਂ ਤੇਲ ਲੋੜਾਂ ਦਾ ਲਗਭਗ 85 ਫੀਸਦੀ ਦਰਾਮਦ ਕਰਦਾ ਹੈ। ਹੁਣ ਤੱਕ ਰੂਸ ਤੋਂ ਸਿਰਫ 2 ਤੋਂ 3 ਫੀਸਦੀ ਹੀ ਖਰੀਦਿਆ ਗਿਆ ਹੈ। ਯੂਕਰੇਨ ਸੰਕਟ ਤੋਂ ਬਾਅਦ ਹੁਣ ਦੁਨੀਆ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ 40 ਫੀਸਦੀ ਤੱਕ ਦਾ ਵਾਧਾ ਹੋਇਆ ਹੈ, ਨਾਲ ਹੀ ਰੂਸ ਨੂੰ ਕੱਚਾ ਤੇਲ ਸਸਤੇ 'ਚ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸਭ ਦੇ ਵਿਚਕਾਰ ਭਾਰਤ ਸਰਕਾਰ ਚਾਹੁੰਦੀ ਹੈ ਕਿ ਯੂਕਰੇਨ ਸੰਕਟ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਇਸ 'ਤੇ ਅਸਰ ਨਾ ਪਵੇ।
ਰਾਮੇਸ਼ਵਰ ਤੇਲੀ ਨੇ ਅੱਜ ਸੰਸਦ ਵਿੱਚ ਇੱਕ ਲਿਖਤੀ ਜਵਾਬ ਵਿੱਚ ਦੱਸਿਆ ਹੈ ਕਿ ਭਾਰਤ ਸਰਕਾਰ ਬਾਜ਼ਾਰ ਦੀ ਅਸਥਿਰਤਾ ਨੂੰ ਘਟਾਉਣ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਰੋਕਣ ਲਈ ਸਾਰੇ ਢੁਕਵੇਂ ਕਦਮ ਚੁੱਕਣ ਲਈ ਤਿਆਰ ਹੈ। ਪਿਛਲੇ ਮਹੀਨੇ ਸਰਕਾਰ ਨੇ ਕਿਹਾ ਸੀ ਕਿ ਉਹ ਵਾਧੂ ਕਰੂਡ ਜਾਰੀ ਕਰਨ ਲਈ ਤਿਆਰ ਹੈ।
ਇਸ ਦੌਰਾਨ ਈਯੂ ਦੇ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਯੂਨੀਅਨ ਨਾਲ ਸਬੰਧਤ ਦੇਸ਼ ਰੂਸ ਦੀਆਂ ਪ੍ਰਮੁੱਖ ਤੇਲ ਕੰਪਨੀਆਂ ਰੋਸਨੇਫਟ, ਟ੍ਰਾਂਸਨੇਫਟ ਅਤੇ ਗਜ਼ਪ੍ਰੋਮ ਨੈਫਟ ਦੇ ਖਿਲਾਫ ਨਵੀਆਂ ਪਾਬੰਦੀਆਂ ਲਗਾਉਣ ਲਈ ਤਿਆਰ ਹਨ ਪਰ ਉਨ੍ਹਾਂ ਤੋਂ ਤੇਲ ਖਰੀਦਣਾ ਜਾਰੀ ਰੱਖਣਗੇ।