ਨੰਗਾ ਖੜ੍ਹਾ ਕਰਦੇ, ਬੁਰੀ ਤਰ੍ਹਾਂ ਕੁੱਟਦੇ... 3 ਮਹੀਨਿਆਂ ਤੱਕ ਨੌਜਵਾਨਾਂ ਨਾਲ ਕੀਤਾ ਮਾੜਾ ਸਲੂਕ
ਕੇਰਲ ਦੇ ਇੱਕ ਸਰਕਾਰੀ ਕਾਲਜ ਵਿੱਚ ਤਿੰਨ ਵਿਦਿਆਰਥੀਆਂ ਨਾਲ ਤਿੰਨ ਮਹੀਨਿਆਂ ਤੱਕ ਰੈਗਿੰਗ ਹੁੰਦੀ ਰਹੀ। ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੁੱਟਿਆ ਗਿਆ ਅਤੇ ਸ਼ਰਾਬ ਲਈ ਪੈਸੇ ਮੰਗੇ ਗਏ। ਜੇ ਕੋਈ ਦੇਣ ਤੋਂ ਇਨਕਾਰ ਕਰਦਾ ਸੀ, ਤਾਂ ਹੋਰ ਵੀ ਜ਼ੁਲਮ ਕੀਤਾ ਜਾਂਦਾ ਸੀ।

Kerala Horror Ragging: ਕੇਰਲ ਦੇ ਕੋਟਾਯਮ ਦੇ ਇੱਕ ਸਰਕਾਰੀ ਨਰਸਿੰਗ ਕਾਲਜ ਵਿੱਚ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਰੈਗਿੰਗ ਕਰਨ ਦੇ ਦੋਸ਼ ਵਿੱਚ ਤੀਜੇ ਸਾਲ ਦੇ ਪੰਜ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੂਨੀਅਰ ਵਿਦਿਆਰਥੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਲਗਭਗ ਤਿੰਨ ਮਹੀਨਿਆਂ ਤੋਂ ਰੈਗਿੰਗ ਦਿੱਤੀ ਜਾ ਰਹੀ ਸੀ ਅਤੇ ਇਸ ਤੋਂ ਤੰਗ ਆ ਕੇ ਉਨ੍ਹਾਂ ਨੇ ਹੁਣ ਸ਼ਿਕਾਇਤ ਦਰਜ ਕਰਵਾਈ ਹੈ। ਵਿਦਿਆਰਥੀਆਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਰੈਗਿੰਗ ਪਿਛਲੇ ਸਾਲ ਨਵੰਬਰ ਤੋਂ ਸ਼ੁਰੂ ਹੋ ਗਈ ਸੀ।
ਇਹ ਘਟਨਾ ਕੋਟਾਯਮ ਦੇ ਸਰਕਾਰੀ ਨਰਸਿੰਗ ਕਾਲਜ ਵਿੱਚ ਵਾਪਰੀ, ਜਿੱਥੇ ਤਿਰੂਵਨੰਤਪੁਰਮ ਦੇ ਰਹਿਣ ਵਾਲੇ ਤਿੰਨ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਗਾਂਧੀਨਗਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਦੋਸ਼ ਲਗਾਇਆ ਗਿਆ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਹਿੰਸਕ ਰੈਗਿੰਗ ਦਾ ਸਾਹਮਣਾ ਕਰ ਰਹੇ ਹਨ। ਸ਼ਿਕਾਇਤ ਤੋਂ ਬਾਅਦ ਦੋਸ਼ੀ ਵਿਦਿਆਰਥੀਆਂ ਨੂੰ ਕਾਲਜ ਤੋਂ ਸਸਪੈਂਡ ਕਰ ਦਿੱਤਾ ਗਿਆ ਅਤੇ ਐਂਟੀ ਰੈਗਿੰਗ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ।
ਤਸ਼ੱਦਦ ਦੀ ਵੀਡੀਓ ਬਣਾ ਕੇ ਦਿੱਤੀ ਧਮਕੀ
NDTV ਦੇ ਅਨੁਸਾਰ, ਪੁਲਿਸ ਨੇ ਕਿਹਾ ਕਿ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਨੰਗੇ ਖੜ੍ਹੇ ਹੋਣ ਲਈ ਮਜਬੂਰ ਕੀਤਾ ਗਿਆ। ਇੰਨਾ ਹੀ ਨਹੀਂ, ਦੋਸ਼ੀ ਵਿਦਿਆਰਥੀਆਂ ਨੇ ਜਿਓਮੈਟਰੀ ਬਾਕਸ ਨਾਲ ਵੀ ਹਮਲਾ ਕੀਤਾ। ਉਨ੍ਹਾਂ ਦੀ ਬੇਰਹਿਮੀ ਇੱਥੇ ਹੀ ਨਹੀਂ ਰੁਕੀ, ਉਨ੍ਹਾਂ ਦੇ ਸਰੀਰ 'ਤੇ ਜ਼ਖ਼ਮਾਂ 'ਤੇ ਲੋਸ਼ਨ ਲਗਾਇਆ ਗਿਆ, ਜਿਸ ਨਾਲ ਹੋਰ ਦਰਦ ਹੋਇਆ। ਜਦੋਂ ਪੀੜਤ ਦਰਦ ਨਾਲ ਚੀਕਣ ਲੱਗਿਆ, ਤਾਂ ਉਨ੍ਹਾਂ ਦੇ ਮੂੰਹ ਵਿੱਚ ਜ਼ਬਰਦਸਤੀ ਲੋਸ਼ਨ ਪਾ ਦਿੱਤਾ। ਇਹ ਵੀ ਦੋਸ਼ ਹੈ ਕਿ ਦੋਸ਼ੀ ਵਿਦਿਆਰਥੀਆਂ ਨੇ ਘਟਨਾ ਦੀ ਵੀਡੀਓ ਬਣਾਈ ਅਤੇ ਪੀੜਤਾਂ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਰੈਗਿੰਗ ਦੀ ਰਿਪੋਰਟ ਕਰਨ ਦੀ ਹਿੰਮਤ ਕਰਨਗੇ ਤਾਂ ਉਨ੍ਹਾਂ ਦਾ ਭਵਿੱਖ ਖ਼ਤਰੇ ਵਿੱਚ ਪੈ ਜਾਵੇਗਾ।
ਦੋਸ਼ੀ ਸ਼ਰਾਬ ਲਈ ਜੂਨੀਅਰਾਂ ਤੋਂ ਵਸੂਲਦਾ ਸੀ ਪੈਸੇ
ਪੀੜਤਾਂ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਸੀਨੀਅਰ ਵਿਦਿਆਰਥੀ ਐਤਵਾਰ ਨੂੰ ਸ਼ਰਾਬ ਖਰੀਦਣ ਲਈ ਜੂਨੀਅਰ ਵਿਦਿਆਰਥੀਆਂ ਤੋਂ ਨਿਯਮਿਤ ਤੌਰ 'ਤੇ ਪੈਸੇ ਵਸੂਲਦੇ ਸਨ। ਜਿਨ੍ਹਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਉਨ੍ਹਾਂ ਨੂੰ ਹੋਰ ਵੀ ਕੁੱਟਿਆ ਗਿਆ। ਇਨ੍ਹਾਂ ਵਿੱਚੋਂ ਇੱਕ ਵਿਦਿਆਰਥੀ, ਜੋ ਹੋਰ ਬਰਦਾਸ਼ਤ ਨਹੀਂ ਕਰ ਸਕਦਾ ਸੀ, ਨੇ ਆਪਣੇ ਪਿਤਾ ਨੂੰ ਘਟਨਾ ਬਾਰੇ ਦੱਸਿਆ। ਉਨ੍ਹਾਂ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਕਰਨ ਲਈ ਕਿਹਾ। ਸ਼ਿਕਾਇਤ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਪੰਜੇ ਮੁਲਜ਼ਮ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹੁਣ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
