Amritsar News: ਮਜੀਠੀਆ ਨੂੰ ਸੀਐਮ ਭਗਵੰਤ ਮਾਨ ਨਾਲ ਪੰਗਾ ਪਿਆ ਪੁੱਠਾ? ਜਾਣੋ ਆਖਰ ਕਿਉਂ ਕੀਤਾ ਸਿੱਟ ਨੇ ਤਲਬ?
ਸਿੱਟ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਿਵਲ ਲਾਈਨਜ਼ ਪੁਲੀਸ ਸਟੇਸ਼ਨ ਨੂੰ ਹਦਾਇਤ ਕੀਤੀ ਹੈ ਕਿ ਉਹ ਮਜੀਠੀਆ ਨੂੰ 18 ਦਸੰਬਰ ਨੂੰ ਪਟਿਆਲਾ ਸਥਿਤ ਸਿੱਟ ਦੇ ਚੇਅਰਮੈਨ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਨੋਟਿਸ ਦੇਣ।
Amritsar News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਖ਼ਿਲਾਫ਼ ਸ਼ਿਕੰਜਾ ਕੱਸਿਆ ਗਿਆ ਹੈ। ਉਨ੍ਹਾਂ ਨੂੰ ਡਰੱਗ ਮਾਮਲੇ ਦੀ ਜਾਂਚ ਲਈ ਏਡੀਜੀਪੀ ਐਮਐਸ ਚੀਮਾ ਦੀ ਅਗਵਾਈ ਹੇਠ ਗਠਿਤ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ 18 ਦਸੰਬਰ ਨੂੰ ਤਲਬ ਕੀਤਾ ਹੈ। ਚਰਚਾ ਹੈ ਕਿ ਆਖਰ ਮਜੀਠੀਆ ਨੂੰ ਕਿਹੜੇ ਮਾਮਲੇ ਵਿੱਚ ਤੇ ਕਿਉਂ ਤਲਬ ਕੀਤਾ ਗਿਆ ਹੈ। ਆਓ ਜਾਣਦੇ ਹਾਂ...
2021 ਦੇ ਕੇਸ 'ਚ ਤਲਬ
ਦਰਅਸਲ ਪੰਜਾਬ ਪੁਲਿਸ ਨੇ ਦੋ ਸਾਲ ਪਹਿਲਾਂ 20 ਦਸੰਬਰ 2021 ’ਚ ਬਿਕਰਮ ਮਜੀਠੀਆ ਖ਼ਿਲਾਫ਼ ਨਸ਼ਿਆਂ ਸੰਬਧੀ ਕੇਸ ਦਰਜ ਕੀਤਾ ਸੀ ਪਰ ਅਦਾਲਤ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੋ ਮਹੀਨੇ ਅੱਗੇ ਪਾ ਦਿੱਤੀ ਸੀ। ਇਸ ਮਾਮਲੇ ’ਚ ਪੰਜ ਮਹੀਨੇ ਜੇਲ੍ਹ ’ਚ ਕੱਟਣ ਮਗਰੋਂ ਮਜੀਠੀਆ ਨੂੰ 10 ਅਗਸਤ 2022 ਵਿੱਚ ਜ਼ਮਾਨਤ ਮਿਲੀ ਸੀ। ਮਜੀਠੀਆ ਖ਼ਿਲਾਫ਼ ਕੇਸ ’ਚ ਅਜੇ ਤੱਕ ਚਾਰਜਸ਼ੀਟ ਦਾਇਰ ਨਹੀਂ ਕੀਤੀ ਗਈ।
ਸੀਐਮ ਭਗਵੰਤ ਮਾਨ ਨਾਲ ਪੰਗਾ ਪਿਆ ਪੁੱਠਾ?
ਹੁਣ ਜਾਰੀ ਹੋਏ ਸੰਮਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਮਜੀਠੀਆ ਦਰਮਿਆਨ ਚੱਲ ਰਹੀ ਸ਼ਬਦੀ ਜੰਗ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਮੁੱਖ ਮੰਤਰੀ ਦੀ ਧੀ ਇੱਕ ਵੀਡੀਓ ਸਾਹਮਣੇ ਆਉਣ ਮਗਰੋਂ ਬਿਕਰਮ ਮਜੀਠੀਆ ਲਗਾਤਾਰ ਮੁੱਖ ਮੰਤਰੀ ਨੂੰ ਨਿਸ਼ਾਨੇ ’ਤੇ ਲੈ ਰਹੇ ਹਨ। ਉਨ੍ਹਾਂ ਬੀਤੇ ਦਿਨ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਸੀ ਕਿ ਜੋ ਵਿਅਕਤੀ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਨਹੀਂ ਸੰਭਾਲ ਸਕਿਆ, ਉਹ ਸੂਬੇ ਦੀ ਜ਼ਿੰਮੇਵਾਰੀ ਕਿਵੇਂ ਸੰਭਾਲੇਗਾ?
ਮਜੀਠੀਆ ਵੱਲੋਂ ਲਵ ਲੈਟਰ ਕਰਾਰ
ਮਜੀਠੀਆ ਨੇ ਇਸ ਸੰਮਨ ਨੂੰ ਲਵ ਲੈਟਰ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਤੋਂ ਇਸੇ ਦੀ ਉਮੀਦ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਉਸ ਨੂੰ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਪਰਦਾਫਾਸ਼ ਕਰਨ ਤੋਂ ਰੋਕ ਨਹੀਂ ਸਕਣਗੀਆਂ।
ਦੱਸ ਦਈਏ ਕਿ ਸਿੱਟ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਿਵਲ ਲਾਈਨਜ਼ ਪੁਲੀਸ ਸਟੇਸ਼ਨ ਨੂੰ ਹਦਾਇਤ ਕੀਤੀ ਹੈ ਕਿ ਉਹ ਮਜੀਠੀਆ ਨੂੰ 18 ਦਸੰਬਰ ਨੂੰ ਪਟਿਆਲਾ ਸਥਿਤ ਸਿੱਟ ਦੇ ਚੇਅਰਮੈਨ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਨੋਟਿਸ ਦੇਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।