Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਰ ਵਿਖਾਇਆ ਕਮਾਲ! ਦੁਨੀਆ ਦੀਆਂ ਟੌਪ 23 ਫੀਸਦ ਯੂਨੀਵਰਸਿਟੀਆਂ ’ਚ ਸ਼ੁਮਾਰ
Amritsar News: ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸਰਵੋਤਮ ਯੂਨੀਵਰਸਿਟੀਆਂ ਦੀ ਵਿਸ਼ਵ ਰੈਂਕਿੰਗ 2024 ਵਿੱਚ ਦੁਨੀਆ ਭਰ ਦੀਆਂ ਚੋਟੀ ਦੀਆਂ 23 ਫੀਸਦ ਯੂਨੀਵਰਸਿਟੀਆਂ ਵਿੱਚ ਸ਼ੁਮਾਰ ਕੀਤਾ ਗਿਆ ਹੈ।
Amritsar News: ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਦੁਨੀਆ ਭਰ ਵਿੱਚ ਆਪਣਾ ਲੋਹਾ ਮੰਨਵਾਇਆ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸਰਵੋਤਮ ਯੂਨੀਵਰਸਿਟੀਆਂ ਦੀ ਵਿਸ਼ਵ ਰੈਂਕਿੰਗ 2024 ਵਿੱਚ ਦੁਨੀਆ ਭਰ ਦੀਆਂ ਚੋਟੀ ਦੀਆਂ 23 ਫੀਸਦ ਯੂਨੀਵਰਸਿਟੀਆਂ ਵਿੱਚ ਸ਼ੁਮਾਰ ਕੀਤਾ ਗਿਆ ਹੈ।
ਸਟੱਡੀ ਅਬਰੌਡ ਏਡ ਵੱਲੋਂ ਵਿਸ਼ਵ ਦੀਆਂ 8032 ਯੂਨੀਵਰਸਿਟੀਆਂ ਦੇ ਕਰਵਾਏ ਗਏ ਸਰਵੇਖਣ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਉੱਚ-ਗੁਣਵੱਤਾ ਵਾਲੀ ਸਿੱਖਿਆ ਤੇ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕਫਾਇਤੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਸ਼ਵ ਪੱਧਰ ’ਤੇ 1782 ਸਥਾਨ ਮਿਲਿਆ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਰਵੋਤਮ ਮੁੱਲ ਯੂਨੀਵਰਸਿਟੀ ਦਰਜ਼ਾਬੰਦੀ ਦੋ ਮੈਟ੍ਰਿਕਸ ’ਤੇ ਅਧਾਰਤ ਹੈ, ਜਿਨ੍ਹਾਂ ਵਿੱਚ ਅਕਾਦਮਿਕ ਗੁਣਵੱਤਾ, ਵੇਟੇਜ਼ 75 ਫੀਸਦ ਤੇ ਬਾਕੀ 25 ਫੀਸਦ ਲਈ ਸਿੱਖਿਆ ਦੀ ਲਾਗਤ ਸ਼ਾਮਿਲ ਹੈ।
ਏਜੰਸੀ ਅਨੁਸਾਰ ਵਿਸ਼ਵ ਯੂਨੀਵਰਸਿਟੀ ਰੈਂਕਿੰਗ 2024 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ, ਵਿਭਿੰਨਤਾ ਅਤੇ ਵਿਦਿਆਰਥੀ ਭਲਾਈ ਦੇ ਠੋਸ ਸਕਾਰਾਤਮਕ ਆਧਾਰਾਂ ’ਤੇ ਵਿਸ਼ਵ ਪੱਧਰ ਦੀਆਂ ਚੋਟੀ ਦੀਆਂ 27 ਫੀਸਦ ਯੂਨੀਵਰਸਿਟੀਆਂ ਵਿਚੋਂ ਇੱਕ ਹੈ ਅਤੇ ਇਹ ਉੱਤਰੀ ਖੇਤਰ (ਜੰਮੂ, ਕਸ਼ਮੀਰ, ਪੰਜਾਬ, ਹਰਿਆਣਾ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼) ਦੀ ਇਕੋ-ਇਕ ਬਹੁ-ਅਨੁਸ਼ਾਸਨੀ ਰਾਜ ਯੂਨੀਵਰਸਿਟੀ ਹੈ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹੀਆਂ ਲਈ ਖੁਸ਼ਖਬਰੀ! ਪਾਰਕਿੰਗ ਲਈ ਨਹੀਂ ਦੇਣੇ ਪੈਣਗੇ ਪੈਸੇ, ਕਿਊਆਰ ਕੋਡ ਦੀ ਕਰੋ ਵਰਤੋਂ
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਪਿਛਲੇ ਕੁਝ ਸਾਲਾਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਰੈਂਕਿੰਗ ਨੂੰ ਉੱਚਾ ਚੁੱਕਣ ਲਈ ਉੱਚ ਗੁਣਵੱਤਾ ਵਾਲੀਆਂ ਅਕਾਦਮਿਕ ਪਹਿਲਕਦਮੀਆਂ, ਫੈਕਲਟੀ ਦੀ ਉੱਚ ਪੱਧਰੀ ਖੋਜ ਅਤੇ ਵਿਦਿਆਰਥੀ ਅਨੁਕੂਲ ਕੈਂਪਸ ਵਰਗੇ ਪ੍ਰਮੁੱਖ ਕਾਰਕਾਂ ਨੂੰ ਸਹਾਈ ਮੰਨਿਆ ਹੈ। ਉੱਚ ਪਾਏ ਦੀ ਖੋਜ ਕਾਰਨ ਸਕੋਪਸ ਵਿੱਚ ਸਿਖਰਲੇ 10 ਫੀਸਦ ਖੋਜ ਪੱਤਰਾਂ ਦੇ ਹਵਾਲੇ ਨਾਲ ਯੂਨੀਵਰਸਿਟੀ ਦਾ ਐਚ ਇੰਡੈਕਸ 64 ਤੋਂ 145 ਤੱਕ ਪਹੁੰਚ ਗਿਆ ਹੈ।
ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਵੀ ਅਤਿ-ਆਧੁਨਿਕ ਵਾਤਾਵਰਣ ਪ੍ਰਦਾਨ ਕਰਦੀ ਹੈ ਤੇ ਰਾਸ਼ਟਰੀ ਯੁਵਕ ਮੇਲਿਆਂ ਵਿੱਚ ਚੋਟੀ ਦੀਆਂ ਪੁਜ਼ੀਸ਼ਨਾਂ ਦੇ ਨਾਲ ਰਿਕਾਰਡ 25 ਵਾਰ ਵੱਕਾਰੀ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਜਿੱਤਣਾ ਵੀ ਇਸ ਵਿੱਚ ਸ਼ਾਮਿਲ ਹੈ। ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਅਤੇ ਸਟਾਫ਼ ਨੂੰ ਵਧਾਈ ਦਿੰਦਿਆਂ ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਪਰਿਵਾਰ ਦੇ ਸੁਹਿਰਦ ਯਤਨਾਂ ਸਦਕਾ ’ਵਰਸਿਟੀ ਨੇ ਦੇਸ਼-ਵਿਦੇਸ਼ ਵਿੱਚ ਨਾਮਣਾ ਖੱਟਿਆ ਹੈ।
ਇਹ ਵੀ ਪੜ੍ਹੋ: Crime News: 20 ਹਜ਼ਾਰ ਦੇ ਲਾਲਚ 'ਚ ਸਕੂਲੀ ਵਿਦਿਆਰਥਣ ਨੂੰ ਕੀਤਾ ਅਗਵਾ, ਫਿਰ ਕਰਵਾਇਆ ਜ਼ਬਰਦਸਤੀ ਵਿਆਹ