Chandigarh News: ਗਰਮੀਆਂ 'ਚ ਨਹੀਂ ਲੱਗਣਗੇ ਬਿਜਲੀ ਕੱਟ! ਕੇਂਦਰ ਤੋਂ ਮੰਗ ਲਈ ਵਾਧੂ ਬਿਜਲੀ
Chandigarh News: ਇਸ ਵਾਰ ਚੰਡੀਗੜ੍ਹ ਅੰਦਰ ਗਰਮੀਆਂ 'ਚ ਬਿਜਲੀ ਕੱਟ ਨਹੀਂ ਲੱਗਣਗੇ। ਇਸ ਦੀ ਅਗਾਊਂ ਤਿਆਰੀ ਲਈ ਕੇਂਦਰ ਤੋਂ ਵਾਧੂ ਬਿਜਲੀ ਮੰਗੀ ਗਈ ਹੈ। ਚੰਡੀਗੜ੍ਹ ਪ੍ਰਸਾਸ਼ਨ ਨੇ ਕੇਂਦਰ ਨੂੰ ਕਿਹਾ ਹੈ
Chandigarh News: ਇਸ ਵਾਰ ਚੰਡੀਗੜ੍ਹ ਅੰਦਰ ਗਰਮੀਆਂ 'ਚ ਬਿਜਲੀ ਕੱਟ ਨਹੀਂ ਲੱਗਣਗੇ। ਇਸ ਦੀ ਅਗਾਊਂ ਤਿਆਰੀ ਲਈ ਕੇਂਦਰ ਤੋਂ ਵਾਧੂ ਬਿਜਲੀ ਮੰਗੀ ਗਈ ਹੈ। ਚੰਡੀਗੜ੍ਹ ਪ੍ਰਸਾਸ਼ਨ ਨੇ ਕੇਂਦਰ ਨੂੰ ਕਿਹਾ ਹੈ ਕਿ ਬਿਨਾਂ ਕਿਸੇ ਰੁਕਾਵਟ ਤੋਂ 24 ਘੰਟੇ ਬਿਜਲੀ ਮੁਹੱਈਆ ਕਰਵਾਉਣ ਲਈ ਬਿਜਲੀ ਕੋਟਾ 14 ਫ਼ੀਸਦ ਵਧਾਇਆ ਜਾਏ। ਹੁਣ ਜੇਕਰ ਕੇਂਦਰ ਸਰਕਾਰ ਦੀ ਮਨਜ਼ੂਰੀ ਮਿਲਦੀ ਹੈ ਤਾਂ ਚੰਡੀਗੜ੍ਹੀਆਂ ਨੂੰ ਵੱਡੀ ਰਾਹਤ ਮਿਲੇਗੀ।
ਹਾਸਲ ਜਾਣਕਾਰੀ ਮੁਤਾਬਕ ਯੂਟੀ ਪ੍ਰਸ਼ਾਸਨ ਨੇ ਕੇਂਦਰ ਸਰਕਾਰ ਤੋਂ ਵਾਧੂ ਬਿਜਲੀ ਸਪਲਾਈ ਕਰਨ ਦੀ ਮੰਗ ਕੀਤੀ ਹੈ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕੇਂਦਰ ਨੂੰ ਪੱਤਰ ਲਿਖ ਕੇ ਅਪਰੈਲ ਤੋਂ ਸਤੰਬਰ ਮਹੀਨੇ ਤੱਕ ਅਲਾਟ ਕੀਤੇ ਬਿਜਲੀ ਕੋਟੇ ਵਿੱਚ 9 ਫ਼ੀਸਦ ਤੋਂ 14 ਫ਼ੀਸਦ ਤੱਕ ਵਾਧਾ ਕਰਨ ਦੀ ਮੰਗ ਕੀਤੀ ਹੈ।
ਚੰਡੀਗੜ੍ਹ ਦੇ ਬਿਜਲੀ ਵਿਭਾਗ ਨੂੰ ਸ਼ਹਿਰ ਦੇ 2.35 ਲੱਖ ਖਪਤਕਾਰਾਂ ਦੀਆਂ ਲੋੜਾਂ ਦੀ ਪੂਰਤੀ ਲਈ ਮੌਜੂਦਾ ਸਮੇਂ 345 ਮੈਗਾਵਾਟ ਬਿਜਲੀ ਮਿਲ ਰਹੀ ਹੈ, ਜਦੋਂਕਿ ਲੋੜ 500 ਮੈਗਾਵਾਟ ਤੋਂ ਵੱਧ ਦੀ ਹੈ। ਇਸ ਲਈ ਯੂਟੀ ਪ੍ਰਸ਼ਾਸਨ ਨੂੰ ਆਸ ਹੈ ਕਿ ਕੇਂਦਰ ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਸ਼ਹਿਰ ਨੂੰ 550 ਮੈਗਾਵਾਟ ਦੇ ਕਰੀਬ ਬਿਜਲੀ ਦੀ ਸਪਲਾਈ ਮਿਲ ਸਕੇਗੀ।
ਹਾਸਲ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਗਰਮੀਆਂ ’ਚ ਸਵੇਰੇ 10 ਵਜੇ ਦੇ ਕਰੀਬ ਬਿਜਲੀ ਦੀ ਮੰਗ 280 ਮੈਗਾਵਾਟ ਦੇ ਕਰੀਬ ਹੁੰਦੀ ਹੈ, ਜਦੋਂਕਿ ਦੁਪਹਿਰ ਸਮੇਂ ਵੱਧ ਕੇ 400 ਮੈਗਾਵਾਟ ’ਤੇ ਟੱਪ ਜਾਂਦੀ ਹੈ। ਪਿਛਲੇ ਸਾਲ ਇਹ ਵੱਧ ਕੇ 425 ਮੈਗਾਵਾਟ ਤੋਂ ਵੀ ਵੱਧ ਦਰਜ ਕੀਤੀ ਗਈ ਸੀ।
ਯੂਟੀ ਦੇ ਮੁੱਖ ਇੰਜਨੀਅਰ ਸੀਬੀ ਓਝਾ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਬਿਜਲੀ ਦੀ ਵੱਧ ਰਹੀ ਮੰਗ ਨੂੰ ਵੇਖਦਿਆਂ ਹੀ ਕੇਂਦਰ ਸਰਕਾਰ ਨੂੰ ਬਿਜਲੀ ਸਪਲਾਈ ਦਾ ਕੋਟਾ 9 ਫ਼ੀਸਦ ਤੋਂ 14 ਫ਼ੀਸਦ ਵਧਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਾਰਚ ਦੇ ਆਖੀਰ ਤੱਕ ਪ੍ਰਵਾਨਗੀ ਦੇ ਦਿੱਤੀ ਜਾਵੇਗੀ। ਓਝਾ ਮੁਤਾਬਕ ਕੇਂਦਰ ਸਰਕਾਰ ਤੋਂ ਵਾਧੂ ਬਿਜਲੀ ਮਿਲਣ ਨਾਲ ਸ਼ਹਿਰ ਵਾਸੀਆਂ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਬਿਜਲੀ ਦੀ ਸਪਲਾਈ ਯਕੀਨੀ ਕੀਤੀ ਜਾ ਸਕੇਗੀ।
ਦੱਸ ਦਈਏ ਕਿ ਯੂਟੀ ਪ੍ਰਸ਼ਾਸਨ ਨੇ ਸੰਯੁਕਤ ਇਲੈਕਟਰੀਸਿਟੀ ਰੈਗੂਲੇਟਰੀ ਕਮਿਸ਼ਨਰ (ਜੇਈਆਰਸੀ) ਤੋਂ ਪਿਛਲੇ ਸਾਲ ਵੀ ਬਿਜਲੀ ਸਪਲਾਈ ਵਿੱਚ 10 ਫ਼ੀਸਦ ਕੋਟਾ ਵਧਾਉਣ ਦੀ ਮੰਗ ਕੀਤੀ ਸੀ, ਪਰ ਜੇਈਆਰਸੀ ਨੇ ਯੂਟੀ ਦੀ ਮੰਗ ਨੂੰ ਠੁਕਰਾ ਦਿੱਤਾ ਸੀ। ਇਸ ਵਾਰ ਮੁੜ ਤੋਂ ਯੂਟੀ ਪ੍ਰਸ਼ਾਸਨ ਨੇ 9 ਤੋਂ 14 ਫ਼ੀਸਦ ਤੱਕ ਕੋਟਾ ਵਧਾਉਣ ਦੀ ਮੰਗ ਕੀਤੀ ਗਈ ਹੈ।