Chandigarh News: ਹੁਣ ਬਾਹਰਲੇ ਨਹੀਂ ਪੀ ਸਕਣਗੇ ਚੰਡੀਗੜ੍ਹ ਦੀ ਸ਼ਰਾਬ! ਐਕਸ਼ਨ ਲਈ ਬੋਤਲਾਂ ’ਤੇ ਗੁਪਤ ਕੋਡ
ਹੁਣ ਬਾਹਰਲੇ ਲੋਕ ਚੰਡੀਗੜ੍ਹ ਦੀ ਸ਼ਰਾਬ ਨਹੀਂ ਪੀ ਸਕਣਗੇ। ਸ਼ਰਾਬ ਤਸਕਰੀ ਨੂੰ ਰੋਕਣ ਲਈ ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ ਵੱਡਾ ਕਦਮ ਉਠਾਇਆ ਜਾ ਰਿਹਾ ਹੈ। ਸ਼ਹਿਰ ਵਿੱਚ ਸ਼ਰਾਬ ਤਸਕਰੀ ਰੋਕਣ ਲਈ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ।
Chandigarh News: ਹੁਣ ਬਾਹਰਲੇ ਲੋਕ ਚੰਡੀਗੜ੍ਹ ਦੀ ਸ਼ਰਾਬ ਨਹੀਂ ਪੀ ਸਕਣਗੇ। ਸ਼ਰਾਬ ਤਸਕਰੀ ਨੂੰ ਰੋਕਣ ਲਈ ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ ਵੱਡਾ ਕਦਮ ਉਠਾਇਆ ਜਾ ਰਿਹਾ ਹੈ। ਸ਼ਹਿਰ ਵਿੱਚ ਸ਼ਰਾਬ ਤਸਕਰੀ ਰੋਕਣ ਲਈ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤਹਿਤ ਵਿਭਾਗ ਵੱਲੋਂ ਟਰੈਕ ਤੇ ਟਰੇਸ ਸਿਸਟਮ ਰਾਹੀਂ ਸ਼ਰਾਬ ਤਸਕਰੀ ਨੂੰ ਰੋਕਿਆ ਜਾਵੇਗਾ।
ਹਾਸਲ ਜਾਣਕਾਰੀ ਮੁਤਾਬਕ ਇਸ ਕੰਮ ਲਈ ਵਿਭਾਗ ਵੱਲੋਂ ਸ਼ਰਾਬ ਦੀਆਂ ਬੋਤਲਾਂ ’ਤੇ ਗੁਪਤ ਕੋਡ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਕਿਊਆਰ ਕੋਡ ਤੇ ਹੋਲੋਗਰਾਮ ਵੀ ਲਗਾਇਆ ਜਾਵੇਗਾ, ਜਿਸ ਦੀ ਮਦਦ ਨਾਲ ਸ਼ਰਾਬ ਨੂੰ ਟਰੇਸ ਕੀਤਾ ਜਾ ਸਕੇਗਾ। ਉੱਧਰ ਸ਼ਰਾਬ ਬਣਾਉਣ ਵਾਲੀ ਕੰਪਨੀ ਬਾਰੇ, ਤਰੀਕ ਤੇ ਹੋਰ ਸਮੁੱਚੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ।
ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ ਇਸ ਸਾਰੇ ਕੰਮ ਲਈ ਕੰਸਲਟੈਂਟ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਵਿਭਾਗ ਵੱਲੋਂ ਪਹਿਲਾਂ ਵੀ ਦੋ ਵਾਰ ਟੈਂਡਰ ਜਾਰੀ ਕੀਤਾ ਜਾ ਚੁੱਕਾ ਹੈ ਪਰ ਕਿਸੇ ਨੇ ਦਿਲਚਸਪੀ ਨਹੀਂ ਦਿਖਾਈ। ਹੁਣ ਵਿਭਾਗ ਨੇ ਤੀਜੀ ਵਾਰ ਕੰਮ ਲਈ ਟੈਂਡਰ ਜਾਰੀ ਕੀਤੇ ਹਨ। ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਦੇ ਸੂਤਰਾਂ ਨੇ ਕਿਹਾ ਕਿ ਇਸ ਪ੍ਰਾਜੈਕਟ ਲਈ ਉਹ ਦੋ ਵਾਰ ਟੈਂਡਰ ਜਾਰੀ ਕਰ ਚੁੱਕੇ ਹਨ ਪਰ ਕੋਈ ਕੰਪਨੀ ਸਾਹਮਣੇ ਨਹੀਂ ਆਈ ਹੈ। ਇਸ ਕਰਕੇ ਵਿਭਾਗ ਵੱਲੋਂ ਹੁਣ ਤੀਜੀ ਵਾਰ ਟੈਂਡਰ ਜਾਰੀ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਯੂਟੀ ਦਾ ਸੂਚਨਾ ਤਕਨਾਲੋਜੀ ਵਿਭਾਗ ਟਰੈਕ ਤੇ ਟਰੈਸ ਸਿਸਟਮ ਦੇ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਖੁਦ ਵੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਯੂਟੀ ਇਸ ਪ੍ਰਾਜੈਕਟ ਨੂੰ ਖੁਦ ਸ਼ੁਰੂ ਕਰ ਸਕੇ। ਉਨ੍ਹਾਂ ਕਿਹਾ ਕਿ ਇਸ ਨਵੀਂ ਤਕਨੀਕ ਰਾਹੀਂ ਸ਼ਰਾਬ ਬਣਨ ਤੋਂ ਲੈ ਕੇ ਟਰਾਂਸਪੋਰਟ, ਡਿਸਟ੍ਰੀਬਿਊਸ਼ਨ ਤੇ ਖਪਤ ਹੋਣ ਤੱਕ ਨਜ਼ਰ ਰੱਖੀ ਜਾ ਸਕੇਗੀ। ਸ਼ਰਾਬ ਤਸਕਰੀ ਨੂੰ ਰੋਕਣ ਲਈ ਯੂਟੀ ਵਿੱਚ ਹੋ ਰਹੀ ਟੈਕਸ ਚੋਰੀ ਨੂੰ ਵੀ ਰੋਕਿਆ ਜਾ ਸਕੇਗਾ।
ਦੱਸ ਦਈਏ ਕਿ ਚੰਡੀਗੜ੍ਹ ’ਚ ਸ਼ਰਾਬ ਗੁਆਂਢੀ ਸੂਬਿਆਂ ਨਾਲੋਂ ਸਸਤੀ ਹੋਣ ਕਰਕੇ ਵਧੇਰੇ ਵਾਰ ਚੰਡੀਗੜ੍ਹ ਤੋਂ ਗੁਆਂਢੀ ਸੂਬਿਆਂ ਵਿੱਚ ਸ਼ਰਾਬ ਦੀ ਤਸਕਰੀ ਹੁੰਦੀ ਹੈ। ਇਸ ਨਾਲ ਯੂਟੀ ਪ੍ਰਸ਼ਾਸਨ ਨੂੰ ਟੈਕਸ ਦੇ ਰੂਪ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈਂਦਾ ਹੈ। ਯੂਟੀ ਪ੍ਰਸ਼ਾਸਨ ਸ਼ਹਿਰ ਵਿੱਚ ਹੋਣ ਵਾਲੀ ਟੈਕਸ ਚੋਰੀ ਨੂੰ ਰੋਕਣ ਲਈ ਹੀ ਸ਼ਰਾਬ ਕਾਰੋਬਾਰ ’ਚ ਟਰੈਕ ਐਂਡ ਟਰੇਸ ਸਿਸਟਮ ਲਿਆ ਰਿਹਾ ਹੈ, ਜਿਸ ਨਾਲ ਸ਼ਰਾਬ ਤਸਕਰੀ ਤੇ ਟੈਕਸ ਚੋਰੀ ਨੂੰ ਰੋਕਿਆ ਜਾ ਸਕੇਗਾ।