ਚੰਡੀਗੜ੍ਹ ਵਾਸੀਆਂ ਲਈ ਖੁਸ਼ਖਬਰੀ! ਮਿਲੀਆਂ 15 ਨਵੀਆਂ ਇਲੈਕਟ੍ਰਿਕ ਬੱਸਾਂ, ਇਕ ਹਫ਼ਤੇ ’ਚ ਬਾਕੀ ਵੀ ਆਉਣਗੀਆਂ
ਚੰਡੀਗੜ੍ਹ ਦੇ ਪਬਲਿਕ ਟਰਾਂਸਪੋਰਟ ਨੂੰ ਪੂਰੀ ਤਰ੍ਹਾਂ ਇਲੈਕਟ੍ਰਿਕ ਬਣਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਿਆ ਗਿਆ ਹੈ। ਚੰਡੀਗੜ੍ਹ ਨੂੰ ਮਿਲਣ ਵਾਲੀਆਂ 25 ਨਵੀਆਂ ਇਲੈਕਟ੍ਰਿਕ ਬੱਸਾਂ ਵਿੱਚੋਂ 15 ਬੱਸਾਂ ਸ਼ਹਿਰ ਪਹੁੰਚ ਚੁੱਕੀਆਂ...

ਚੰਡੀਗੜ੍ਹ ਦੇ ਪਬਲਿਕ ਟਰਾਂਸਪੋਰਟ ਨੂੰ ਪੂਰੀ ਤਰ੍ਹਾਂ ਇਲੈਕਟ੍ਰਿਕ ਬਣਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਿਆ ਗਿਆ ਹੈ। ਚੰਡੀਗੜ੍ਹ ਨੂੰ ਮਿਲਣ ਵਾਲੀਆਂ 25 ਨਵੀਆਂ ਇਲੈਕਟ੍ਰਿਕ ਬੱਸਾਂ ਵਿੱਚੋਂ 15 ਬੱਸਾਂ ਸ਼ਹਿਰ ਪਹੁੰਚ ਚੁੱਕੀਆਂ ਹਨ, ਜਦਕਿ ਬਾਕੀ 10 ਬੱਸਾਂ ਕੰਪਨੀ ਵੱਲੋਂ ਇੱਕ ਹਫ਼ਤੇ ਦੇ ਅੰਦਰ ਭੇਜ ਦਿੱਤੀਆਂ ਜਾਣਗੀਆਂ। ਸਾਰੀਆਂ 25 ਬੱਸਾਂ ਆ ਜਾਣ ਤੋਂ ਬਾਅਦ ਇਨ੍ਹਾਂ ਨੂੰ ਸੜਕਾਂ ‘ਤੇ ਚਲਾਉਣ ਲਈ ਰਸਮੀ ਉਦਘਾਟਨ ਕੀਤਾ ਜਾਵੇਗਾ।
ਇਹ ਬੱਸਾਂ ਅਸ਼ੋਕ ਲੇਲੈਂਡ ਦੀ ਇਲੈਕਟ੍ਰਿਕ ਬੱਸ ਬਣਾਉਣ ਵਾਲੀ ਕੰਪਨੀ ਪੀ.ਐੱਮ.ਆਈ. ਇਲੈਕਟ੍ਰੋ ਮੋਬਿਲਟੀ ਸਲੂਸ਼ਨਜ਼ ਅਤੇ ਸਵਿਚ ਮੋਬਿਲਟੀ ਵੱਲੋਂ ਤਿਆਰ ਕੀਤੀਆਂ ਗਈਆਂ ਹਨ। 20 ਨਵੰਬਰ ਨੂੰ 15 ਸਾਲ ਪੁਰਾਣੀਆਂ 84 ਬੱਸਾਂ ਹਟਾਏ ਜਾਣ ਤੋਂ ਬਾਅਦ ਨਵੀਆਂ ਇਲੈਕਟ੍ਰਿਕ ਬੱਸਾਂ ਲਿਆਂਦੀਆਂ ਜਾਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ। ਸਭ ਤੋਂ ਪਹਿਲਾਂ ਇੱਕ ਪ੍ਰੋਟੋਟਾਈਪ ਬੱਸ ਨੂੰ ਟੈਸਟਿੰਗ ਲਈ ਭੇਜਿਆ ਗਿਆ ਸੀ।
ਸੈਂਟਰਲ ਇੰਸਟੀਚਿਊਟ ਫਾਰ ਰੋਡ ਟਰਾਂਸਪੋਰਟ (ਸੀ.ਆਈ.ਆਰ.ਟੀ.) ਦੀ ਟੀਮ ਨੇ ਬੱਸ ਦੀ ਜਾਂਚ ਕਰਕੇ ਆਪਣੀ ਰਿਪੋਰਟ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਜ਼ ਨੂੰ ਭੇਜੀ। ਰਿਪੋਰਟ ਮਿਲਦੇ ਹੀ ਬੱਸਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ।
ਵੈਟ ਲੀਜ਼ਿੰਗ ਸਿਸਟਮ ‘ਤੇ ਲਈਆਂ ਗਈਆਂ ਬੱਸਾਂ
ਇਹ ਸਾਰੀਆਂ ਬੱਸਾਂ ਵੈਟ ਲੀਜ਼ਿੰਗ ਸਿਸਟਮ ਦੇ ਤਹਿਤ ਲਈਆਂ ਗਈਆਂ ਹਨ। ਇਸ ਮਾਡਲ ਅਨੁਸਾਰ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਨੂੰ ਬੱਸਾਂ ਦੀ ਖਰੀਦ ‘ਤੇ ਕੋਈ ਰਕਮ ਖਰਚ ਨਹੀਂ ਕਰਨੀ ਪਈ। ਇਸ ਨਾਲ ਬੱਸਾਂ ਦੀ ਖਰੀਦ, ਡਰਾਈਵਰਾਂ ਦੀ ਤਨਖਾਹ ਅਤੇ ਮੈਨਟੇਨੈਂਸ ਵਰਗਾ ਵਾਧੂ ਭਾਰ ਵੀ ਸੀਟੀਯੂ ‘ਤੇ ਨਹੀਂ ਪਵੇਗਾ।
ਉੱਤਰੀ ਭਾਰਤ ਵਿੱਚ ਸਰਕਾਰੀ ਪੱਧਰ ‘ਤੇ ਵੈਟ ਲੀਜ਼ਿੰਗ ਸਿਸਟਮ ਦੀ ਵਰਤੋਂ ਸਭ ਤੋਂ ਪਹਿਲਾਂ 2004 ਵਿੱਚ ਹਿਮਾਚਲ ਪ੍ਰਦੇਸ਼ ਸਰਕਾਰ ਨੇ ਕੀਤੀ ਸੀ, ਜਦੋਂ ਪ੍ਰਾਈਵੇਟ ਆਪਰੇਟਰਾਂ ਤੋਂ ਵੋਲਵੋ ਬੱਸਾਂ ਲਈਆਂ ਗਈਆਂ ਸਨ। ਸੀਟੀਯੂ ਨੇ ਵੀ ਉਸੇ ਤਰਜ਼ ‘ਤੇ ਇਹ ਕਰਾਰ ਕੀਤਾ ਹੈ।
ਡਰਾਈਵਰ ਅਤੇ ਮੈਨਟੇਨੈਂਸ ਕੰਪਨੀ ਦਾ ਹੋਵੇਗਾ
ਐਮਓਯੂ ਮੁਤਾਬਕ ਬੱਸਾਂ ਦੇ ਡਰਾਈਵਰ ਬੱਸ ਬਣਾਉਣ ਵਾਲੀ ਕੰਪਨੀ ਦੇ ਹੋਣਗੇ ਅਤੇ ਬੱਸਾਂ ਦੀ ਮੈਨਟੇਨੈਂਸ ਦਾ ਸਾਰਾ ਖਰਚਾ ਵੀ ਕੰਪਨੀ ਹੀ ਉਠਾਏਗੀ। ਹਾਲਾਂਕਿ ਬੱਸਾਂ ਵਿੱਚ ਕੰਡਕਟਰ ਸੀਟੀਯੂ ਦੇ ਰਹਿਣਗੇ। ਸੀਟੀਯੂ ਬੱਸਾਂ ਲਈ ਕੰਪਨੀ ਨੂੰ ਪ੍ਰਤੀ ਕਿਲੋਮੀਟਰ 61 ਰੁਪਏ ਦਾ ਭੁਗਤਾਨ ਕਰੇਗਾ। ਡਰਾਈਵਰਾਂ ਦੀ ਤਨਖਾਹ ਵੀ ਕੰਪਨੀ ਵੱਲੋਂ ਹੀ ਦਿੱਤੀ ਜਾਵੇਗੀ।
ਅਪ੍ਰੈਲ ਤੋਂ ਪਹਿਲਾਂ ਆਉਣਗੀਆਂ ਬਾਕੀ 75 ਬੱਸਾਂ
ਸੀਟੀਯੂ ਨੂੰ ਮਿਲਣ ਵਾਲੀਆਂ 100 ਇਲੈਕਟ੍ਰਿਕ ਬੱਸਾਂ ਦੇ ਪਹਿਲੇ ਚਰਨ ਵਿੱਚ ਇਹ 25 ਬੱਸਾਂ ਸ਼ਾਮਲ ਹਨ। ਬਾਕੀ 75 ਬੱਸਾਂ ਅਗਲੇ ਅਪ੍ਰੈਲ ਤੋਂ ਪਹਿਲਾਂ ਸ਼ਹਿਰ ਪਹੁੰਚ ਜਾਣਗੀਆਂ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਸਤੰਬਰ ਵਿੱਚ ਚੰਡੀਗੜ੍ਹ ਨੂੰ ਹੋਰ 328 ਇਲੈਕਟ੍ਰਿਕ ਬੱਸਾਂ ਦੇਣ ਦਾ ਐਲਾਨ ਵੀ ਕੀਤਾ ਹੈ। ਫਿਲਹਾਲ ਸ਼ਹਿਰ ਵਿੱਚ ਸੀਟੀਯੂ ਦੀਆਂ 40 ਇਲੈਕਟ੍ਰਿਕ ਬੱਸਾਂ ਪਹਿਲਾਂ ਹੀ ਚੱਲ ਰਹੀਆਂ ਹਨ।
ਆਉਣ ਵਾਲੇ ਮਹੀਨਿਆਂ ਵਿੱਚ ਡੀਜ਼ਲ ਨਾਲ ਚੱਲਣ ਵਾਲੀਆਂ ਸਾਰੀਆਂ ਬੱਸਾਂ ਨੂੰ ਪੜਾਅਵਾਰ ਤਰੀਕੇ ਨਾਲ ਹਟਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸੀਟੀਯੂ ਦੀ ਲੋਕਲ ਬੱਸ ਸੇਵਾ ਪੂਰੀ ਤਰ੍ਹਾਂ ਇਲੈਕਟ੍ਰਿਕ ਹੋ ਜਾਵੇਗੀ। ਇਸ ਤਰ੍ਹਾਂ ਸੀਟੀਯੂ ਦੇ ਲੋਕਲ ਰੂਟਾਂ ’ਤੇ ਚੱਲਣ ਵਾਲੀਆਂ ਕੁੱਲ 468 ਬੱਸਾਂ ਇਲੈਕਟ੍ਰਿਕ ਹੋਣਗੀਆਂ। ਇਸ ਸਮੇਂ ਲੋਕਲ ਰੂਟਾਂ ਲਈ 348 ਬੱਸਾਂ ਹਨ, ਪਰ ਭਵਿੱਖ ਵਿੱਚ 120 ਹੋਰ ਬੱਸਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ।






















