Chandigarh News: ਭਗਵੰਤ ਮਾਨ ਸਰਕਾਰ ਦੀ ਸ਼ਰਾਬ ਨੀਤੀ ਚੰਡੀਗੜ੍ਹੀਆਂ 'ਤੇ ਪਈ ਭਾਰੀ, ਚੌਥੀ ਵਾਰ ਵੀ ਨਹੀਂ ਲੱਭੇ ਠੇਕੇਦਾਰ
Chandigarh News: ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ ਸਥਿਤੀ ਹਾਸੋਹੀਣੀ ਬਣੀ ਹੋਈ ਹੈ। ਸ਼ਹਿਰ ਵਿੱਚ ਕੋਈ ਵੀ ਸ਼ਰਾਬ ਦੇ ਠੇਕੇ ਲੈਣ ਲਈ ਤਿਆਰ ਨਹੀਂ ਯੂਟੀ ਪ੍ਰਸਾਸ਼ਨ ਨੂੰ ਸ਼ਰਾਬ ਦੇ ਠੇਕਿਆਂ ਦੀ ਚੌਥੀ ਵਾਰ ਹੋਈ ਨਿਲਾਮੀ ਵਿੱਚ ਵੀ ਨਿਮੋਸ਼ੀ ਦਾ...
Chandigarh News: ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ ਸਥਿਤੀ ਹਾਸੋਹੀਣੀ ਬਣੀ ਹੋਈ ਹੈ। ਸ਼ਹਿਰ ਵਿੱਚ ਕੋਈ ਵੀ ਸ਼ਰਾਬ ਦੇ ਠੇਕੇ ਲੈਣ ਲਈ ਤਿਆਰ ਨਹੀਂ ਯੂਟੀ ਪ੍ਰਸਾਸ਼ਨ ਨੂੰ ਸ਼ਰਾਬ ਦੇ ਠੇਕਿਆਂ ਦੀ ਚੌਥੀ ਵਾਰ ਹੋਈ ਨਿਲਾਮੀ ਵਿੱਚ ਵੀ ਨਿਮੋਸ਼ੀ ਦਾ ਸਾਹਮਣਾ ਹੀ ਕਰਨਾ ਪਿਆ ਹੈ। ਅਜੇ ਵੀ ਸ਼ਹਿਰ ਵਿੱਚ 29 ਠੇਕੇ ਨਿਲਾਮ ਹੋਣ ਤੋਂ ਰਹਿੰਦੇ ਹਨ।
ਮੰਨਿਆ ਜਾ ਰਿਹਾ ਹੈ ਕਿ ਇਸ ਦਾ ਕਾਰਨ ਪੰਜਾਬ ਦੀ ਸ਼ਰਾਬ ਨੀਤੀ ਹੈ। ਭਗਵੰਤ ਮਾਨ ਸਰਕਾਰ ਵੱਲੋਂ ਸ਼ਰਾਬ ਦੇ ਰੇਟ ਘੱਟ ਕਰਨ ਮਗਰੋਂ ਠੇਕੇਦਾਰ ਚੰਡੀਗੜ੍ਹ ਵਿੱਚ ਕਾਰੋਬਾਰ ਕਰਨ ਤੋਂ ਕਤਰਾ ਰਹੇ ਹਨ। ਹਾਲਤ ਇਹ ਹੈ ਕਿ ਸ਼ਹਿਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਚੌਥੀ ਵਾਰ ਹੋਈ ਨਿਲਾਮੀ ਕਰਾਉਣੀ ਪਈ ਪਰ ਅਜੇ ਵੀ ਚੰਡੀਗੜ੍ਹ ਨੂੰ ਸ਼ਰਾਬ ਦੇ ਸਾਰੇ ਠੇਕਿਆਂ ਲਈ ਠੇਕੇਦਾਰ ਨਹੀਂ ਮਿਲੇ।
ਇਹ ਵੀ ਅਹਿਮ ਹੈ ਕਿ ਇਸ ਵਾਰ ਸ਼ਰਾਬ ਦੇ ਠੇਕਿਆਂ ਦੀ ਰਾਖਵੀਂ ਕੀਮਤ ’ਚ 6 ਤੋਂ 10 ਫ਼ੀਸਦ ਤੱਕ ਕਟੌਤੀ ਕਰਨ ਦੇ ਬਾਵਜੂਦ 36 ਵਿੱਚੋਂ ਸਿਰਫ਼ ਸੱਤ ਠੇਕੇ ਹੀ ਨਿਲਾਮ ਹੋ ਸਕੇ। ਹਾਲੇ ਵੀ ਸ਼ਹਿਰ ਵਿੱਚ 29 ਠੇਕੇ ਨਿਲਾਮ ਹੋਣ ਤੋਂ ਰਹਿੰਦੇ ਹਨ।
ਦਿਲਚਸਪ ਗੱਲ ਹੈ ਕਿ ਕਜਹੇੜੀ ਦਾ ਠੇਕਾ ਰਾਖਵੀਂ ਕੀਮਤ ਤੋਂ ਸਿਰਫ਼ ਇੱਕ ਰੁਪਏ ਵੱਧ ’ਤੇ ਨਿਲਾਮ ਹੋਇਆ। ਕਰ ਤੇ ਆਬਕਾਰੀ ਵਿਭਾਗ ਨੇ ਠੇਕੇ ਦੀ ਰਾਖਵੀਂ ਕੀਮਤ 4,68,58,420 ਰੱਖੀ ਸੀ, ਜਦੋਂਕਿ ਇਹ ਨਿਲਾਮ 4,68,58,421 ਰੁਪਏ ਵਿੱਚ ਹੋਇਆ ਹੈ।
ਇਸ ਤੋਂ ਇਲਾਵਾ ਸੈਕਟਰ-8 ਦੀ ਅੰਦਰਲੀ ਮਾਰਕੀਟ ਵਾਲਾ ਸ਼ਰਾਬ ਦਾ ਠੇਕਾ ਰਾਖਵੀਂ ਕੀਮਤ ਤੋਂ 10 ਹਜ਼ਾਰ ਰੁਪਏ ਵੱਧ ’ਤੇ ਨਿਲਾਮ ਹੋਇਆ। ਇਸ ਦੀ ਰਾਖਵੀਂ ਕੀਮਤ 7,72,91,612 ਰੁਪਏ ਰੱਖੀ ਗਈ ਸੀ, ਜਦੋਂਕਿ ਇਹ 10 ਹਜ਼ਾਰ ਦੇ ਵਾਧੇ ਨਾਲ 7,73,01,999 ਰੁਪਏ ਵਿੱਚ ਨਿਲਾਮ ਹੋਇਆ।
ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਨੇ ਵਿੱਤੀ ਵਰ੍ਹੇ 2023-24 ਵਿੱਚ ਆਬਕਾਰੀ ਤੋਂ 830 ਕਰੋੜ ਰੁਪਏ ਕਮਾਉਣ ਦਾ ਟੀਚਾ ਮਿੱਥਿਆ ਹੈ। ਵਿਭਾਗ ਨੇ 15 ਮਾਰਚ ਨੂੰ 95 ਵਿੱਚੋਂ 43 ਠੇਕੇ ਨਿਲਾਮ ਕਰ ਕੇ 202 ਕਰੋੜ ਰੁਪਏ ਰਾਖਵੀਂ ਕੀਮਤ ਦੇ ਬਦਲੇ 221.59 ਕਰੋੜ ਰੁਪਏ ਮਾਲੀਆ ਇਕੱਠਾ ਕੀਤਾ ਸੀ।
ਉਸ ਤੋਂ ਬਾਅਦ 21 ਮਾਰਚ ਨੂੰ 52 ਵਿੱਚੋਂ ਸਿਰਫ਼ 11 ਠੇਕੇ ਨਿਲਾਮ ਕਰ ਕੇ 51.27 ਕਰੋੜ ਰੁਪਏ ਰਾਖਵੀਂ ਕੀਮਤ ਬਦਲੇ 54.85 ਕਰੋੜ ਰੁਪਏ ਹੀ ਇਕੱਠੇ ਕੀਤੇ ਸਨ। ਇਸ ਤਰ੍ਹਾਂ ਕਰ ਤੇ ਆਬਕਾਰੀ ਵਿਭਾਗ ਨੇ ਸ਼ਹਿਰ ਵਿੱਚ 95 ਵਿੱਚੋਂ 66 ਠੇਕੇ ਨਿਲਾਮ ਕਰਕੇ 334 ਕਰੋੜ ਰੁਪਏ ਮਾਲੀਆ ਇਕੱਠਾ ਕੀਤਾ ਹੈ, ਜਦੋਂ ਕਿ ਰਾਖਵੀਂ ਕੀਮਤ 311 ਕਰੋੜ ਰੁਪਏ ਹੈ।