Panjab University election: ਵਿਦਿਆਰਥੀ ਚੋਣਾਂ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ 'ਚ ਪੂਰੀ ਸਖਤੀ, ਪ੍ਰਧਾਨਗੀ ਲਈ 9 ਉਮੀਦਵਾਰਾਂ 'ਚ ਟੱਕਰ
Panjab University election: ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ 6 ਸਤੰਬਰ ਨੂੰ ਵਿਦਿਆਰਥੀ ਕਾਊਂਸਿਲ ਦੀਆਂ ਚੋਣਾਂ ਹੋਣਗੀਆਂ। ਇਸ ਵਾਰ ਪ੍ਰਧਾਨਗੀ ਦੇ ਅਹੁਦੇ ਲਈ ਵੱਖ-ਵੱਖ ਪਾਰਟੀਆਂ ਦੇ ਕੁੱਲ 9 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
Panjab University election: ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ 6 ਸਤੰਬਰ ਨੂੰ ਵਿਦਿਆਰਥੀ ਕਾਊਂਸਿਲ ਦੀਆਂ ਚੋਣਾਂ ਹੋਣਗੀਆਂ। ਇਸ ਵਾਰ ਪ੍ਰਧਾਨਗੀ ਦੇ ਅਹੁਦੇ ਲਈ ਵੱਖ-ਵੱਖ ਪਾਰਟੀਆਂ ਦੇ ਕੁੱਲ 9 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਪ੍ਰਧਾਨਗੀ ਲਈ ਸੀਵਾਈਐਸਐਸ ਤੋਂ ਦਿਵਿਆਂਸ਼ ਠਾਕੁਰ, ਪੂਸੂ ਤੋਂ ਦਵਿੰਦਰਪਾਲ ਸਿੰਘ, ਐਨਐਸਯੂਆਈ ਤੋਂ ਜਤਿੰਦਰ ਸਿੰਘ, ਪੀਐਸਯੂ ਲਲਕਾਰ ਤੋਂ ਮਨਿਕਾ ਛਾਬੜਾ, ਐਚਐਸਏ ਤੋਂ ਕੁਲਦੀਪ ਸਿੰਘ, ਐਸਐਫਐਸ ਤੋਂ ਪ੍ਰਤੀਕ ਕੁਮਾਰ, ਏਬੀਵੀਪੀ ਤੋਂ ਰਾਕੇਸ਼ ਦੇਸ਼ਵਾਲ, ਐਸਓਆਈ ਤੋਂ ਯੁਵਰਾਜ ਗਰਗ ਤੇ ਇੱਕ ਅਜ਼ਾਦ ਉਮੀਦਵਾਰ ਸਕਸ਼ਮ ਸਿੰਘ ਚੋਣ ਮੈਦਾਨ ਵਿੱਚ ਹਨ।
ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਸਾਰੇ ਅਹੁਦਿਆਂ ਦੇ ਉਮੀਦਵਾਰਾਂ ਦੀ ਜਾਰੀ ਫਾਈਨਲ ਲਿਸਟ ਮੁਤਾਬਕ ਮੀਤ ਪ੍ਰਧਾਨ, ਸਕੱਤਰ ਤੇ ਜੁਆਇੰਟ ਸਕੱਤਰ ਦੇ ਅਹੁਦਿਆਂ ਲਈ ਚਾਰ-ਚਾਰ ਉਮੀਦਵਾਰ ਚੋਣ ਲੜਨਗੇ। ਵੋਟਾਂ ਵਾਲੇ ਦਿਨ ਕੈਂਪਸ ਵਿੱਚ 179 ਬੂਥਾਂ ਉੱਤੇ ਸੈਕਟਰ-14 ਤੇ 25 ਸਥਿਤ ਦੋਵੇਂ ਕੈਂਪਸਾਂ ਦੇ ਕੁੱਲ 15,693 ਵਿਦਿਆਰਥੀ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਕਾਊਂਸਿਲ ਚੋਣ ਤੋਂ ਇਲਾਵਾ ਪੀਯੂ ਦੇ 40 ਵਿਭਾਗਾਂ ਵਿੱਚ 58 ਡਿਪਾਰਟਮੈਂਟਲ ਰੀਪ੍ਰੈਜ਼ੈਂਟੇਟਿਵ (ਡੀਆਰਜ਼) ਨਿਰਵਿਰੋਧ ਚੁਣੇ ਜਾ ਚੁੱਕੇ ਹਨ ਜਦਕਿ ਬਾਕੀ ਰਹਿੰਦੇ 29 ਵਿਭਾਗਾਂ ਵਿੱਚ 68 ਡੀਆਰਜ਼ ਦੀ ਚੋਣ ਲਈ ਵੋਟਿੰਗ ਹੋਵੇਗੀ।
ਐਸਐਸਪੀ ਚੰਡੀਗੜ੍ਹ ਕੰਵਰਦੀਪ ਕੌਰ ਆਈਪੀਐਸ ਵੱਲੋਂ ਵਿਦਿਆਰਥੀ ਕਾਊਂਸਿਲ ਚੋਣਾਂ ਦੇ ਮੱਦੇਨਜ਼ਰ ਲੰਘੇ ਦਿਨ ਪੀਯੂ ਕੈਂਪਸ ਸਥਿਤ ਡੀਐਸਡਬਲਿਯੂ ਦਫ਼ਤਰ ਵਿਖੇ ਚੋਣ ਲੜ ਰਹੀਆਂ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਅਕਤੂਬਰ ਮਹੀਨੇ ਤੱਕ ਧਾਰਾ-144 ਲਾਗੂ ਕੀਤੀ ਗਈ ਹੈ। ਇਸ ਲਈ ਚੋਣਾਂ ਸਬੰਧੀ ਕੋਈ ਵੀ ਰੈਲੀ ਜਾਂ ਵੱਡੀ ਮੀਟਿੰਗ ਕਰਨ ਤੋਂ ਪਹਿਲਾਂ ਜ਼ਿਲ੍ਹਾ ਮੈਜਿਸਟ੍ਰੇਟ ਦੀ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ। ਕਿਸੇ ਵੀ ਵਿਦਿਆਰਥੀ ਨੂੰ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਚੋਣਾਂ ਤੱਕ ਕਿਸੇ ਵੀ ਬਾਹਰੀ ਵਿਅਕਤੀ ਨੂੰ ਕੈਂਪਸ ਵਿੱਚ ਆਉਣ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਿਸੇ ਵੀ ਪ੍ਰਕਾਰ ਦਾ ਜਾਇਜ਼ ਜਾਂ ਨਜਾਇਜ਼ ਅਸਲਾ ਕੈਂਪਸ ਵਿੱਚ ਨਹੀਂ ਲਿਆਉਣ ਦਿੱਤਾ ਜਾਵੇਗਾ। ਚੋਣ ਪ੍ਰਚਾਰ ਲਈ ਸਿਰਫ਼ 5 ਵਿਅਕਤੀਆਂ ਨੂੰ ਹੀ ਗਰੁੱਪ ਵਜੋਂ ਘੁੰਮਣ ਦੀ ਇਜਾਜ਼ਤ ਹੋਵੇਗੀ। ਅਥਾਰਿਟੀ ਵੱਲੋਂ ਇਹ ਵੀ ਕਿਹਾ ਗਿਆ ਕਿ ਕਿਸੇ ਕਿਸਮ ਦੀ ਕੋਈ ਪਾਰਟੀ ਜਾਂ ਟਰਿੱਪ ਆਦਿ ਲਿਜਾਣ ਵਾਲੇ ਵਿਦਿਆਰਥੀ ਸੰਗਠਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਤੇ ਕਾਰ ਰੈਲੀ ਆਦਿ ਉਤੇ ਵੀ ਪਾਬੰਦੀ ਲਗਾਈ ਗਈ ਹੈ।