Independence day 2023 : ਕੌਮੀ ਇਨਸਾਫ ਮੋਰਚਾ ਦੇ ਨੁਮਾਇੰਦਿਆਂ ਵਲੋਂ ਚੰਡੀਗੜ੍ਹ ਮਾਰਚ ਕਰਨ ਦਾ ਫੈਸਲਾ ਮੁਲਤਵੀ
march in Chandigarh has been postponedਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਦੇ ਦਖਲ ਅਤੇ ਬੀਤੀ ਰਾਤ ਤੱਕ ਮੋਹਾਲੀ-ਚੰਡੀਗੜ੍ਹ ਪੁਲਿਸ ਦੇ ਮਨਾ ਕਰਨ ਤੋਂ ਬਾਅਦ ਆਖਰਕਾਰ ...
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਦੇ ਦਖਲ ਅਤੇ ਬੀਤੀ ਰਾਤ ਤੱਕ ਮੋਹਾਲੀ-ਚੰਡੀਗੜ੍ਹ ਪੁਲਿਸ ਦੇ ਮਨਾ ਕਰਨ ਤੋਂ ਬਾਅਦ ਆਖਰਕਾਰ ਕੌਮੀ ਇਨਸਾਫ ਮੋਰਚਾ ਦੇ ਨੁਮਾਇੰਦਿਆਂ ਨੇ 15 ਅਗਸਤ ਨੂੰ ਚੰਡੀਗੜ੍ਹ ਵੱਲ ਮਾਰਚ ਕਰਨ ਦਾ ਫੈਸਲਾ ਮੁਲਤਵੀ ਕਰ ਦਿੱਤਾ ਹੈ। ਪੁਲਿਸ -ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਮੁਹਾਲੀ ਵਿੱਚ ਅਰਥੀ ਫੂਕ ਮਾਰਚ ਕੱਢਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ । ਇਸ ਲਈ ਰੂਟ ਪਲਾਨ ਵੀ ਤੈਅ ਕੀਤਾ ਗਿਆ ਹੈ।
ਦੱਸ ਦੇਈਏ ਕਿ ਪਿਛਲੇ ਅੱਠ ਮਹੀਨਿਆਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚਾ ਨੇ ਮੋਹਾਲੀ ਵਿੱਚ ਪੱਕਾ ਮੋਰਚਾ ਲਾਇਆ ਹੋਇਆ ਹੈ। ਮੋਰਚੇ ਦੇ ਅਹੁਦੇਦਾਰਾਂ ਪਾਲ ਸਿੰਘ ਫਰਾਂਸ ਅਤੇ ਗੁਰਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਰਕਾਰ ਨੂੰ ਜਗਾਉਣਾ ਹੈ। ਉਹ ਕਿਸੇ ਵੀ ਕੀਮਤ 'ਤੇ ਬੰਦੀ ਸਿੱਖਾਂ ਦੀ ਰਿਹਾਈ ਚਾਹੁੰਦੇ ਹਨ। ਉਨ੍ਹਾਂ ਨੇ ਪਹਿਲਾਂ ਚੰਡੀਗੜ੍ਹ ਵਿੱਚ ਅਰਥੀ ਫੂਕ ਮਾਰਚ ਕੱਢਣ ਦਾ ਐਲਾਨ ਕੀਤਾ ਸੀ ਪਰ ਉੱਚ ਪੁਲਿਸ ਅਧਿਕਾਰੀਆਂ ਦੇ ਕਹਿਣ ’ਤੇ ਉਨ੍ਹਾਂ ਨੇ ਚੰਡੀਗੜ੍ਹ ਮਾਰਚ ਨੂੰ ਮੁਲਤਵੀ ਕਰ ਦਿੱਤਾ ਹੈ, ਪਰ ਆਪਣੀਆਂ ਮੰਗਾਂ ਨੂੰ ਲੈ ਕੇ ਮੁਹਾਲੀ ਸ਼ਹਿਰ ਵਿੱਚ ਅਰਥੀ ਫੂਕ ਮਾਰਚ ਕਰਨਗੇ।
ਮੋਰਚੇ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਰਥੀ ਫੂਕ ਮਾਰਚ ਐਸ.ਐਸ.ਪੀ ਦੀ ਕੋਠੀ, ਮਦਨਪੁਰ ਚੌਕ, ਫੇਜ਼ 3-5 ਲਾਈਟ ਪੁਆਇੰਟ, ਰਾਧਾ ਸੁਆਮੀ ਸਤਿਸੰਗ ਭਵਨ ਚੌਕ, ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਹੁੰਦਾ ਹੋਇਆ ਵਾਈ.ਪੀ.ਐਸ ਚੌਕ ਤੋਂ ਹੁੰਦਾ ਹੋਇਆ ਕੌਮੀ ਇਨਸਾਫ਼ ਮੋਰਚੇ ਦੇ ਧਰਨੇ ਵਾਲੀ ਥਾਂ ’ਤੇ ਸਮਾਪਤ ਹੋਵੇਗਾ। ਇਸ ਦੌਰਾਨ ਪੰਜ ਪਿਆਰੇ ਸਭ ਤੋਂ ਅੱਗੇ ਹੋਣਗੇ। ਇਸ ਤੋਂ ਬਾਅਦ ਕੌਮੀ ਇਨਸਾਫ਼ ਮੋਰਚੇ ਦੇ ਆਗੂ ਕਾਰਾਂ, ਘੋੜ ਸਵਾਰਾਂ ਅਤੇ ਮੋਟਰਸਾਈਕਲਾਂ ਦੇ ਪਿੱਛੇ ਜਾਣਗੇ ਅਤੇ ਪਿੱਛੇ ਟਰੈਕਟਰ-ਟਰਾਲੀਆਂ 'ਤੇ ਸਵਾਰ ਲੋਕ ਹੋਣਗੇ।
ਅਰਥੀ ਫੂਕ ਮਾਰਚ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਮੋਹਾਲੀ ਦੇ ਨਾਲ-ਨਾਲ ਚੰਡੀਗੜ੍ਹ ਪੁਲਿਸ ਵੀ ਬਾਰਡਰ 'ਤੇ ਤਿਆਰ ਰਹੇਗੀ। ਪੁਲਿਸ ਅਧਿਕਾਰੀਆਂ ਨੇ ਪੂਰੀ ਚੌਕਸੀ 'ਤੇ ਫੋਰਸ ਲਗਾ ਦਿੱਤੀ ਹੈ ਕਿਉਂਕਿ ਡਰ ਹੈ ਕਿ ਕੁਝ ਪ੍ਰਦਰਸ਼ਨਕਾਰੀ ਚੰਡੀਗੜ੍ਹ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਦੇ ਨਾਲ ਹੀ ਡੀ.ਐਸ.ਪੀ ਰੈਂਕ ਦੇ ਅਧਿਕਾਰੀ ਵੀ ਮੋਰਚੇ ਨਾਲ ਤਾਇਨਾਤ ਰਹਿਣਗੇ। ਆਈ.ਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕੌਮੀ ਇਨਸਾਫ਼ ਮੋਰਚਾ ਦੇ ਅਰਥੀ ਫੂਕ ਮਾਰਚ ਅਤੇ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਅੰਤਰਰਾਜੀ ਥਾਵਾਂ ’ਤੇ 77 ਨਾਕੇ ਲਾਏ ਜਾਣਗੇ। ਇਸ ਦੇ ਨਾਲ ਹੀ ਪੈਰਾ ਮਿਲਟਰੀ ਅਤੇ ਰੈਪਿਡ ਐਕਸ਼ਨ ਫੋਰਸ ਵੀ ਤਾਇਨਾਤ ਕੀਤੀ ਜਾਵੇਗੀ।
ਮਿਲੀ ਜਾਣਕਾਰੀ ਅਨੁਸਾਰ 15 ਅਗਸਤ ਨੂੰ ਚੰਡੀਗੜ੍ਹ ਦੀਆਂ ਸਾਰੀਆਂ 12 ਸਰਹੱਦਾਂ ਸੀਲ ਰਹਿਣਗੀਆਂ ਅਤੇ ਇੱਥੇ ਇੱਕ ਹਜ਼ਾਰ ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਰਹਿਣਗੇ। ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ। ਇਨ੍ਹਾਂ ਵਿੱਚ ਅਤਿ ਸੰਵੇਦਨਸ਼ੀਲ ਸੈਕਟਰ 52/53 ਚੌਕ, ਮੋਟਰ ਬੈਰੀਅਰ ਅਤੇ ਸੈਕਟਰ 53/54 ਪੁਆਇੰਟ ਨੇੜੇ ਭਾਰੀ ਪੁਲਿਸ ਤਾਇਨਾਤ ਰਹੇਗੀ। ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲਿਸ ਦੀਆਂ ਵਿਸ਼ੇਸ਼ ਗੱਡੀਆਂ ਵੀ ਤਾਇਨਾਤ ਰਹਿਣਗੀਆਂ।