Chandigarh News: ਕਰਿਆਨਾ ਸਟੋਰ ਨੂੰ ਲਿਫਾਫੇ ਦੇ 10 ਰੁਪਏ ਵਸੂਲਣੇ ਪਏ ਮਹਿੰਗੇ, ਖਪਤਕਾਰ ਕਮਿਸ਼ਨ ਨੇ ਠੋਕਿਆ 26 ਹਜ਼ਾਰ ਰੁਪਏ ਜੁਰਮਾਨਾ
ਚੰਡੀਗੜ੍ਹ ਦੇ ਕਰਿਆਨਾ ਸਟੋਰ ਵੱਲੋਂ ਸਾਮਾਨ ਖਰੀਦਣ ਤੋਂ ਬਾਅਦ ਕੈਰੀ ਬੈਗ ਲਈ ਅਲੱਗ ਰਾਸ਼ੀ ਵਸੂਲਣ ਦੇ ਮਾਮਲੇ ਵਿੱਚ ਖਪਤਕਾਰ ਕਮਿਸ਼ਨ ਨੇ ਸਟੋਰ ਨੂੰ 26 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਐਡਵੋਕੇਟ ਜਸਪ੍ਰੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ...
Chandigarh News: ਚੰਡੀਗੜ੍ਹ ਦੇ ਕਰਿਆਨਾ ਸਟੋਰ ਵੱਲੋਂ ਸਾਮਾਨ ਖਰੀਦਣ ਤੋਂ ਬਾਅਦ ਕੈਰੀ ਬੈਗ ਲਈ ਅਲੱਗ ਰਾਸ਼ੀ ਵਸੂਲਣ ਦੇ ਮਾਮਲੇ ਵਿੱਚ ਖਪਤਕਾਰ ਕਮਿਸ਼ਨ ਨੇ ਸਟੋਰ ਨੂੰ 26 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਐਡਵੋਕੇਟ ਜਸਪ੍ਰੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਉਸ ਨੇ 16 ਨਵੰਬਰ 2021 ਨੂੰ ਚੰਡੀਗੜ੍ਹ ਦੇ ਸੈਕਟਰ-16 ਵਿੱਚ ਸਥਿਤ ਸਟੋਰ ਤੋਂ 1250 ਰੁਪਏ ਦਾ ਕਰਿਆਨੇ ਦਾ ਸਾਮਾਨ ਖਰੀਦਿਆ ਸੀ ਪਰ ਉਹ ਦੇਖ ਕੇ ਹੈਰਾਨ ਰਹਿ ਗਿਆ ਕਿ ਕਰਿਆਨਾ ਸਟੋਰ ਵੱਲੋਂ ਉਸ ਤੋਂ 10 ਰੁਪਏ ਕੈਰੀ ਬੈਗ ਦੇ ਵਸੂਲੇ ਗਏ, ਜਿਸ ਨੂੰ ਅਦਾ ਕਰਨ ਲਈ ਉਸ ਨੂੰ ਮਜਬੂਰ ਕੀਤਾ ਗਿਆ।
ਇਸ ਤੋਂ ਬਾਅਦ ਉਹ 2 ਮਾਰਚ 2022 ਨੂੰ ਸਟੋਰ ’ਤੇ ਗਿਆ ਤੇ ਕੁਝ ਸਾਮਾਨ ਖਰੀਦਿਆ ਜਿੱਥੇ ਫਿਰ ਉਸ ਨੂੰ 20 ਰੁਪਏ ਦਾ ਕੈਰੀ ਬੈਗ ਖਰੀਦਣਾ ਲਈ ਕਿਹਾ ਗਿਆ। ਜਸਪ੍ਰੀਤ ਸਿੰਘ ਨੇ ਸਟੋਰ ਵਾਲਿਆਂ ਨੂੰ ਬੇਨਤੀ ਕੀਤੀ ਕਿ ਇਹ ਕੈਰੀ ਬੈਗ ਦੇ ਪੈਸੇ ਨਿਯਮਾਂ ਅਨੁਸਾਰ ਵਸੂਲ ਨਹੀਂ ਸਕਦੇ ਪਰ ਇਸ ਦੇ ਬਾਵਜੂਦ ਵੀ ਉਸ ਤੋਂ ਰਾਸ਼ੀ ਵਸੂਲੀ ਗਈ। ਜਿਸ ਕੈਰੀ ਬੈਗ ਦੀ ਪੈਸੇ ਵਸੂਲੇ ਗਏ, ਉਸ ਉੱਪਰ ਉਕਤ ਕਰਿਆਨਾ ਸਟੋਰ ਦਾ ਲੋਗੋ ਤੇ ਨਾਮ ਵੀ ਦਰਜ ਸੀ। ਐਡਵੋਕੇਟ ਜਸਪ੍ਰੀਤ ਸਿੰਘ ਨੇ ਕੈਰੀ ਬੈਗ ਵਾਲੀ ਕੀਮਤ ਵਾਪਸ ਲੈਣ ਲਈ ਉਕਤ ਕਰਿਆਨਾ ਸਟੋਰ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਸੀ ਪਰ ਉਸ ਦਾ ਕੋਈ ਅਸਰ ਨਾ ਹੋਇਆ। ਉਸ ਨੇ ਆਪਣੀ ਸ਼ਿਕਾਇਤ ਖਪਤਕਾਰ ਕਮਿਸ਼ਨ ਕੋਲ ਦਰਜ ਕਰਵਾਈ।
ਕਰਿਆਨਾ ਸਟੋਰ ਨੂੰ ਰਜਿਸਟਰਡ ਡਾਕ ਰਾਹੀਂ ਆਪਣਾ ਪੱਖ ਰੱਖਣ ਲਈ ਪੇਸ਼ ਹੋਣ ਲਈ ਕਿਹਾ ਗਿਆ ਪਰ ਉਸ ਦੇ ਮਾਲਕ ਨਾ ਆਏ। ਖਪਤਕਾਰ ਕਮਿਸ਼ਨ ਵੱਲੋਂ ਉਕਤ ਕਰਿਆਨਾ ਸਟੋਰ ਨੂੰ ਸ਼ਿਕਾਇਤਕਰਤਾ ਐਡਵੋਕੇਟ ਜਸਪ੍ਰੀਤ ਸਿੰਘ ਤੋਂ ਕੈਰੀ ਬੈਗ ਦੀ 30 ਰੁਪਏ ਰਾਸ਼ੀ ਵਸੂਲਣ ਬਦਲੇ 100 ਰੁਪਏ ਤੇ ਨਾਲ ਹੀ ਮੁਕੱਦਮੇਬਾਜ਼ੀ ਦੇ ਖਰਚੇ ਵਜੋਂ 1100 ਰੁਪਏ ਦੇਣ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਕਰਿਆਨਾ ਸਟੋਰ ਨੂੰ 25,000 ਰੁਪਏ ਦੀ ਰਾਸ਼ੀ ਜੁਰਮਾਨੇ ਵਜੋਂ ਖਪਤਕਾਰ ਕਾਨੂੰਨੀ ਸਹਾਇਤਾ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ।