Jalandhar News: ਸੱਤਾਧਿਰ 'ਆਪ' ਦੇ ਲੀਡਰ ਵੀ ਨਹੀਂ ਸੁਰੱਖਿਅਤ! ਆਪ' ਵਿਧਾਇਕ ਨੂੰ ਲੁੱਟਣ ਦੀ ਕੋਸ਼ਿਸ਼
Jalandhar News: ਜਲੰਧਰ ਤੋਂ AAP ਦੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਪਰਿਵਾਰ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਧਾਇਕ ਅੰਗੁਰਾਲ ਨੇ ਬਸਤੀ ਦਾਨਿਸ਼ਮੰਦਾਂ ਨੇੜੇ ਮੁਲਜ਼ਮਾਂ ਦਾ ਘਰ ਪੁਲਿਸ ਨੂੰ ਦਿਖਾਇਆ ਤੇ ਕਾਰਵਾਈ ਦੀ ਮੰਗ ਕੀਤੀ।
Jalandhar News: ਪੰਜਾਬ ਵਿੱਚ ਸੱਤਾਧਿਰ ਆਮ ਆਦਮੀ ਪਾਰਟੀ ਦੀ ਲੀਡਰ (Leader of Aam Aadmi Party) ਹੀ ਸੁਰੱਖਿਅਤ ਨਹੀਂ ਹਨ। ਜਲੰਧਰ (ਪੱਛਮੀ) ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ (MLA Sheetal Angural) ਦੇ ਪਰਿਵਾਰ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਧਾਇਕ ਅੰਗੁਰਾਲ ਨੇ ਬਸਤੀ ਦਾਨਿਸ਼ਮੰਦਾਂ ਨੇੜੇ ਮੁਲਜ਼ਮਾਂ ਦਾ ਘਰ ਪੁਲਿਸ ਨੂੰ ਦਿਖਾਇਆ ਤੇ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਇਸ ਸਬੰਧੀ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ।
ਵਿਧਾਇਕ ਨੇ ਕਿਹਾ ਕਿ ਸ਼ਨਿਚਰਵਾਰ ਰਾਤ ਨੂੰ ਉਸ ਦੇ ਬੱਚੇ ਤੇ ਪਰਿਵਾਰ ਇਕ ਪਾਰਟੀ ਤੋਂ ਘਰ ਪਰਤ ਰਹੇ ਸਨ। ਇਸ ਦੌਰਾਨ ਕਰੀਬ ਛੇ ਵਿਅਕਤੀਆਂ ਨੇ ਬਸਤੀ ਦਾਨਿਸ਼ਮੰਡਾ ਨੇੜੇ ਉਨ੍ਹਾਂ ਦੀ ਕਾਰ ਰੋਕ ਲਈ। ਵਿਧਾਇਕ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਉਨ੍ਹਾਂ ਨੂੰ ਲੁੱਟਣ ਦੀ ਨੀਅਤ ਨਾਲ ਰੋਕਿਆ ਸੀ, ਮਗਰੋਂ ਜਦੋਂ ਵਿਧਾਇਕ ਦਾ ਭਰਾ ਲਾਲੀ ਅੰਗੁਰਾਲ ਕਾਰ ’ਚੋਂ ਬਾਹਰ ਆਇਆ ਤਾਂ ਮੁਲਜ਼ਮ ਉਸ ਨੂੰ ਦੇਖਦੇ ਹੀ ਫ਼ਰਾਰ ਹੋ ਗਏ।
ਉਨ੍ਹਾਂ ਕਿਹਾ ਕਿ ਘਟਨਾ ਸਮੇਂ ਸਾਰੇ ਮੁਲਜ਼ਮ ਨਸ਼ੇ ’ਚ ਸਨ। ਵਿਧਾਇਕ ਨੇ ਕਿਹਾ ਕਿ ਬਾਅਦ ਦੁਪਹਿਰ ਕਰੀਬ 3.30 ਵਜੇ ਕੁਝ ਮੁਲਜ਼ਮਾਂ ਦਾ ਪਤਾ ਲਾਇਆ ਗਿਆ ਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਥਾਣਾ ਡਿਵੀਜ਼ਨ ਨੰਬਰ-5 ਦੇ ਐਸਐਚਓ ਪਰਮਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਤੇ ਬਾਕੀ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਉਧਰ, ਸ਼ਿਵ ਸੈਨਾ ਨੇ ਇਸ ਮੁੱਦੇ ਉੱਪਰ ਸਰਕਾਰ ਤੇ ਪੁਲਿਸ ਨੂੰ ਘੇਰਿਆ ਹੈ। ਐਤਵਾਰ ਰਾਤ ਨੂੰ ਸ਼ਿਵ ਸੈਨਾ ਦੇ ਆਗੂਆਂ ਨੇ ਬਸਤੀ ਦਾਨਿਸ਼ਮੰਦਾ ਨੇੜੇ ਹੰਗਾਮਾ ਕੀਤਾ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਤੇ ਜਲੰਧਰ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਜਲੰਧਰ ਵਿੱਚ ਵਾਪਰ ਰਹੀਆਂ ਚੋਰੀਆਂ ਤੇ ਲੁੱਟ-ਖੋਹ ਦੀਆਂ ਘਟਨਾਵਾਂ ’ਤੇ ਵੀ ਚਿੰਤਾ ਪ੍ਰਗਟਾਈ।
ਸ਼ਿਵ ਸੈਨਾ ਹਿੰਦ ਦੇ ਪ੍ਰਧਾਨ ਇਸ਼ਾਂਤ ਸ਼ਰਮਾ ਨੇ ਕਿਹਾ ਕਿ ਪੂਰੇ ਸੂਬੇ ਵਿੱਚ ਲੁੱਟ-ਖੋਹ ਤੇ ਚੋਰੀ ਦੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਹਨ। ਸ਼ਹਿਰ ਵਿੱਚ ਚੋਰ ਤੇ ਲੁਟੇਰੇ ਸ਼ਰੇਆਮ ਘੁੰਮ ਰਹੇ ਹਨ ਪਰ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਰੇਹੜੀ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਲੱਗੀ ਹੋਈ ਹੈ।
ਇਸ਼ਾਂਤ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਿੱਚ ਆਮ ਲੋਕਾਂ ਤੋਂ ਲੁੱਟ-ਖਸੁੱਟ ਤਾਂ ਆਮ ਗੱਲ ਹੀ ਹੋ ਗਈ ਹੈ ਪਰ ਇੱਕ ਵਿਧਾਇਕ ਦੇ ਪਰਿਵਾਰ ਨੂੰ ਵੀ ਰਸਤੇ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਲੁਟੇਰਿਆਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇੱਕ ਵਿਧਾਇਕ ਦਾ ਪਰਿਵਾਰ ਸ਼ਹਿਰ ਵਿੱਚ ਸੁਰੱਖਿਅਤ ਨਹੀਂ ਤਾਂ ਆਮ ਲੋਕ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਉਮੀਦ ਕਿਵੇਂ ਕਰ ਸਕਦੇ ਹਨ।