Jalandhar By Election: ਜਲੰਧਰ ਜ਼ਿਮਨੀ ਚੋਣ ਦੀ ਸੀਐਮ ਭਗਵੰਤ ਮਾਨ ਨੇ ਖੁਦ ਸੰਭਾਲੀ ਕਮਾਨ, ਮੰਤਰੀਆਂ ਦੀ ਹਾਜ਼ਰੀ 'ਚ ਕੀਤਾ ਐਲਾਨ
Punjab News: ਜਲੰਧਰ ਪੱਛਮੀ ਹਲਕੇ 'ਚ ਹੋਣ ਵਾਲੀ ਜ਼ਿਮਨੀ ਚੋਣ ਦੀ ਕਮਾਨ ਖੁਦ ਮੁੱਖ ਮੰਤਰੀ ਭਗਵੰਤ ਮਾਨ ਸੰਭਾਲ ਲਈ ਹੈ। ਇਸ ਸਬੰਧੀ ਅੱਜ ਸੀਐਮ ਭਗਵੰਤ ਮਾਨ ਨੇ ਜਲੰਧਰ ਦੇ ਹੋਟਲ 'ਚ ਮੀਟਿੰਗ ਕੀਤੀ।
Jalandhar By Election: ਜਲੰਧਰ ਪੱਛਮੀ ਹਲਕੇ 'ਚ ਹੋਣ ਵਾਲੀ ਜ਼ਿਮਨੀ ਚੋਣ ਦੀ ਕਮਾਨ ਖੁਦ ਮੁੱਖ ਮੰਤਰੀ ਭਗਵੰਤ ਮਾਨ ਸੰਭਾਲ ਲਈ ਹੈ। ਇਸ ਸਬੰਧੀ ਅੱਜ ਸੀਐਮ ਭਗਵੰਤ ਮਾਨ ਨੇ ਜਲੰਧਰ ਦੇ ਹੋਟਲ 'ਚ ਮੀਟਿੰਗ ਕੀਤੀ। ਮੀਟਿੰਗ ਵਿੱਚ ਸੂਬੇ ਦੇ ਕਈ ਮੰਤਰੀਆਂ ਤੇ ਵਿਧਾਇਕਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸੀਐਮ ਮਾਨ ਨੇ ਸੂਬੇ ਦੇ ਮੁੱਖ ਮੁੱਦਿਆਂ 'ਤੇ ਵੀ ਚਰਚਾ ਕੀਤੀ ਤੇ ਜ਼ਿਮਨੀ ਚੋਣ ਨੂੰ ਲੈ ਕੇ ਅਗਲੀ ਰਣਨੀਤੀ ਬਣਾਈ।
ਦੱਸ ਦਈਏ ਕਿ ਪੱਛਮੀ ਹਲਕੇ 'ਚ ਜ਼ਿਮਨੀ ਚੋਣ ਲਈ 10 ਜੁਲਾਈ ਨੂੰ ਵੋਟਿੰਗ ਹੋਣੀ ਹੈ। ਇਸ ਸਬੰਧੀ ਹੀ ਸੀਐਮ ਭਗਵੰਤ ਮਾਨ ਨੇ ਬੀਐਮਸੀ ਚੌਂਕ ਸਥਿਤ ਇੱਕ ਹੋਟਲ ਵਿੱਚ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਇਹ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਕਿਹੜੇ-ਕਿਹੜੇ ਮੁੱਦਿਆਂ 'ਤੇ ਆਗੂ ਲੋਕਾਂ ਵਿੱਚ ਜਾਣਗੇ, ਤਾਂ ਜੋ ਲੋਕ ਆਮ ਆਦਮੀ ਪਾਰਟੀ ਨੂੰ ਹੀ ਵੋਟ ਦੇਣ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਗੂਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਉਨ੍ਹਾਂ ਲਈ ਬੇਹੱਦ ਅਹਿਮ ਹੈ। ਸੀਐਮ ਮਾਨ ਨੇ ਵੀ ਜ਼ਿਮਨੀ ਚੋਣ ਨੂੰ ਲੈ ਕੇ ਮਿਸ਼ਨ ਸ਼ੁਰੂ ਕੀਤਾ ਜਿਸ ਨੂੰ ਜਲੰਧਰ ਵੈਸਟ ਮਿਸ਼ਨ ਦਾ ਨਾਂ ਦਿੱਤਾ ਗਿਆ। ਇਸ ਦੇ ਨਾਲ ਹੀ ਹੋਟਲ ਦੇ ਹਾਲ 'ਚ ਲਾਏ ਬੈਨਰ 'ਤੇ ਲਿਖਿਆ ਸੀ ਕਿ ਉੱਥੇ ਆਪ ਦੀ ਹੀ ਸਰਕਾਰ ਤੇ ਆਪ ਦਾ ਹੀ ਐਮਐਲਏ ਹੋਏਗਾ। ਸੀਐਮ ਮਾਨ ਨੇ ਸਾਰੇ ਮੰਤਰੀਆਂ ਨੂੰ ਕਿਹਾ ਕਿ ਸਰਕਾਰ ਦੇ ਸਾਰੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ, ਤਾਂ ਜੋ ਆਮ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ।
ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਮੈਂ ਨਿੱਜੀ ਤੌਰ 'ਤੇ ਸਾਰੇ ਪ੍ਰਚਾਰ ਦੀ ਨਿਗਰਾਨੀ ਕਰਾਂਗਾ ਤਾਂ ਜੋ ਲੋਕਾਂ ਵਿੱਚ ਜਾ ਕੇ ਦੱਸਿਆ ਜਾ ਸਕੇ ਕਿ 'ਆਪ' ਸਰਕਾਰ ਸੂਬੇ ਲਈ ਕਿਹੜੇ ਵੱਡੇ ਕੰਮ ਕਰ ਰਹੀ ਹੈ। ਅੰਤ ਵਿੱਚ ਸੀਐਮ ਮਾਨ ਨੇ ਆਗੂਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਵਿੱਚ ਕਿਸੇ ਕਿਸਮ ਦਾ ਕੋਈ ਮਤਭੇਦ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਅਜਿਹਾ ਕੁਝ ਹੈ।
ਸੀਐਮ ਮਾਨ ਨੇ ਪਾਰਟੀ ਵਿੱਚ ਮਤਭੇਦ ਵਰਗੀਆਂ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ। ਜਲੰਧਰ ਵਿੱਚ ਹੋਈ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ, ਸੰਸਦ ਮੈਂਬਰ ਮੀਤ ਹੇਅਰ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਮੰਤਰੀ ਬਲਜੀਤ ਕੌਰ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਸਨ।
ਸ਼ੀਤਲ ਅੰਗੁਰਾਲ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ 27 ਮਾਰਚ ਨੂੰ ਭਾਜਪਾ 'ਚ ਸ਼ਾਮਲ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪਰ 29 ਮਈ ਨੂੰ ਅੰਗੁਰਲ ਨੇ ਆਪਣਾ ਅਸਤੀਫਾ ਵਾਪਸ ਲੈਣ ਦਾ ਫੈਸਲਾ ਕੀਤਾ ਸੀ। ਅੰਗੁਰਲ ਨੇ 30 ਮਈ ਨੂੰ ਅਸਤੀਫਾ ਵਾਪਸ ਲੈਣ ਲਈ ਸਪੀਕਰ ਨੂੰ ਪੱਤਰ ਲਿਖਿਆ ਸੀ।
3 ਜੂਨ ਨੂੰ ਸਪੀਕਰ ਨੇ ਅੰਗੁਰਲ ਨੂੰ ਉਨ੍ਹਾਂ ਦੇ ਅਸਤੀਫੇ 'ਤੇ ਚਰਚਾ ਕਰਨ ਲਈ ਬੁਲਾਇਆ ਸੀ। ਪਰ 30 ਮਈ ਨੂੰ ਅੰਗੁਰਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ। ਇਸ 'ਤੇ ਅੰਗੁਰਾਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਨ ਦੀ ਗੱਲ ਕਹੀ ਸੀ।
ਦਿਲਚਸਪ ਗੱਲ ਇਹ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਭਗਤ ਅਤੇ ਅੰਗੁਰਾਲ ਵੀ ਚੋਣ ਮੈਦਾਨ ਵਿੱਚ ਸਨ। ਉਦੋਂ ਮਹਿੰਦਰ ਭਗਤ ਭਾਜਪਾ ਦੇ ਉਮੀਦਵਾਰ ਸਨ ਅਤੇ ਅੰਗੁਰਾਲ ‘ਆਪ’ ਦੇ ਉਮੀਦਵਾਰ ਸਨ। ਇਸ ਵਾਰ ਉਲਟਾ ਹੋ ਗਿਆ ਹੈ। ਭਗਤ 'ਆਪ' ਤੋਂ ਹਨ ਜਦਕਿ ਅੰਗੁਰਾਲ ਭਾਜਪਾ ਤੋਂ ਹਨ।